Happy Birthday : 42 ਸਾਲ ਦੇ ਹੋਏ ਹਰਭਜਨ ਸਿੰਘ, ਜਾਣੋ ਫ਼ਰਸ਼ ਤੋਂ ਅਰਸ਼ ਤਕ ਪਹੁੰਚਣ ਦੇ ਸਫ਼ਰ ਬਾਰੇ

07/03/2022 3:59:05 PM

ਸਪੋਰਟਸ ਡੈਸਕ— ਆਪਣੀ ਗੁਗਲੀ ਨਾਲ ਅਕਸਰ ਵੱਡੇ-ਵੱਡੇ ਬੱਲੇਬਾਜ਼ਾਂ ਨੂੰ ਹੈਰਨ ਕਰਨ ਵਾਲੇ ਭਾਰਤੀ ਸਪਿਨਰ ਹਰਭਜਨ ਸਿੰਘ ਅੱਜ ਆਪਣਾ 42ਵਾਂ ਜਨਮ ਦਿਨ ਮਨਾ ਰਹੇ ਹਨ। ਅੱਜ ਅਸੀਂ ਗੱਲ ਕਰਾਂਗੇ ਭਾਰਤੀ ਟੀਮ ਦੇ ਇਸ ਆਫ ਸਪਿਨਰ ਗੇਂਦਬਾਜ਼ ਹਰਭਜਨ ਬਾਰੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ’ਚ ਕਈ ਤਰਾਂ ਦੇ ਉਤਾਰ ਚੜਾਅ ਦੇਖੇ ਅਤੇ ਕਈ ਮੁਸ਼ਕਿਲਾਂ ਦਾ ਡੱਟ ਕੇ ਸਾਹਮਣਾ ਕਰਦੇ ਹੋਏ ਅੱਗੇ ਵੱਧੇ। ਆਓ ਜਾਣਦੇ ਹਾਂ ਇਸ ਧਾਕੜ ਸਪਿਨਰ ਦੇ ਫ਼ਰਸ਼ ਤੋਂ ਅਰਸ਼ ਦੇ ਸਫਰ ਬਾਰੇ-

ਜਨਮ ਤੇ ਸ਼ੁਰੂਆਤੀ ਕਰੀਅਰ
ਭਾਰਤੀ ਸਪਿਨ ਸਟਾਰ ਹਰਭਜਨ ਸਿੰਘ ਦਾ ਜਨਮ 3 ਜੁਲਾਈ 1980 ਨੂੰ ਪੰਜਾਬ ਦੇ ਜਲੰਧਰ ’ਚ ਇਕ ਸਿੱਖ ਪਰਿਵਾਰ ’ਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਂ ਸਰਦਾਰ ਸਰਦੇਵ ਸਿੰਘ ਪਲਾਹਾ ਹੈ। ਪਿਤਾ ਨੇ ਜ਼ੋਰ ਦੇਣ ’ਤੇ ਉਨ੍ਹਾਂ ਨੇ ਆਪਣੇ ਕ੍ਰਿਕਟ ਕਰੀਅਰ ’ਤੇ ਧਿਆਨ ਕੇਂਦਰਿਤ ਕੀਤਾ ਅਤੇ ਭਾਰਤੀ ਟੀਮ ’ਚ ਜਗ੍ਹਾ ਵੀ ਬਣਾਈ। ਹਰਭਜਨ ਨੂੰ ਉਨ੍ਹਾਂ ਦੇ ਪਹਿਲੇ ਕੋਚ ਚਰਣਜੀਤ ਸਿੰਘ ਭੁੱਲਰ ਨੇ ਇਕ ਬੱਲੇਬਾਜ਼ ਦੇ ਰੂਪ ’ਚ ਟਰੇਂਡ ਕੀਤਾ ਸੀ ਪਰ ਉਨ੍ਹਾਂ ਦੇ ਕੋਚ ਦੇ ਦਿਹਾਂਤ ਤੋਂ ਬਾਅਦ ਹਰਭਜਨ ਨੇ ਸਪਿਨ ਗੇਂਦਬਾਜ਼ੀ ਨੂੰ ਅਪਣਾ ਲਿਆ। 2000 ’ਚ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਹਰਭਜਨ ਪਰਿਵਾਰ ਦੇ ਮੁਖੀ ਬਣ ਗਏ ਅਤੇ 2001 ਤਕ ਉਨ੍ਹਾਂ ਨੇ ਆਪਣੀ ਤਿੰਨੋਂ ਭੈਣਾਂ ਦਾ ਵਿਆਹ ਕੀਤਾ। 2001 ’ਚ ਆਸਟਰੇਲੀਆ ਖਿਲਾਫ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ, ਪੰਜਾਬ ਸਰਕਾਰ ਨੇ ਉਨ੍ਹਾਂ ਇਨਾਮਾਂ ਦੀ ਝੜੀ ਲਗਾ ਦਿੱਤੀ। ਉਨ੍ਹਾਂ ਨੂੰ 5 ਲੱਖ ਰੁਪਏ, ਜ਼ਮੀਨ ਅਤੇ ਪੰਜਾਬ ਪੁਲਸ ’ਚ ਇਕ ਡੀ. ਐਸ. ਪੀ. ਬਣਨ ਦੀ ਪੇਸ਼ਕਸ਼ ਕੀਤੀ, ਜਿਸ ਨੂੰ ਉਨ੍ਹਾਂ ਨੇ ਸਵੀਕਾਰ ਕੀਤਾ। ਸੰਨ 2009 ’ਚ ਉਨ੍ਹਾਂ ਨੂੰ ਭਾਰਤ ਸਰਕਾਰ ਨੇ ਪਦਮ ਸ਼੍ਰੀ ਐਵਾਰਡ ਨਾਲ ਵੀ ਸਨਮਾਨਤ ਕੀਤਾ ਸੀ।

ਇਹ ਵੀ ਪੜ੍ਹੋ : ਕਪਤਾਨ ਜਸਪ੍ਰੀਤ ਬੁਮਰਾਹ ਨੇ ਬਣਾਇਆ ਵਰਲਡ ਰਿਕਾਰਡ, ਬ੍ਰਾਡ ਦੇ ਇਕ ਓਵਰ 'ਚ ਆਈਆਂ 35 ਦੌੜਾਂ

PunjabKesari

ਅੰਤਰਰਾਸ਼ਟਰੀ ਕ੍ਰਿਕਟ ’ਚ ਡੈਬਿਊ
ਕਰੀਅਰ ਦੇ ਸ਼ੁਰੂਆਤੀ ਦਿਨਾਂ ’ਚ ਉਨ੍ਹਾਂ ਦਾ ਗੇਂਦਬਾਜ਼ੀ ਐਕਸ਼ਨ ਚਰਚਾ ਦਾ ਵਿਸ਼ਾ ਬਣਿਆ ਰਿਹਾ ਅਤੇ ਕ੍ਰਿਕਟ ਅਥੋਰੀਟੀਜ਼ ਨੇ ਉਨ੍ਹਾਂ ਦੇ ਐਕਸ਼ਨ ’ਤੇ ਕਾਫ਼ੀ ਸਵਾਲ ਵੀ ਚੁੱਕੇ ਸਨ।  25 ਮਾਰਚ 1998 ਨੂੰ ਹਰਭਜਨ ਸਿੰਘ ਨੇ ਆਸਟਰੇਲੀਆ ਖਿਲਾਫ ਟੈਸਟ ਕ੍ਰਿਕਟ ’ਚ ਡੈਬਿਊ ਕੀਤਾ ਅਤੇ 17 ਅਪ੍ਰੈਲ 1998 ਨੂੰ ਨਿਊਜ਼ੀਲੈਂਡ ਖਿਲਾਫ ਉਨ੍ਹਾਂ ਨੇ ਵਨ ਡੇ ਮੈਚਾਂ ’ਚ ਡੈਬਿਊ ਕੀਤਾ। ਹਰਭਜਨ ਸਿੰਘ ਨੇ 103 ਟੈਸਟ ਮੈਚ ਖੇਡੇ ਹਨ। ਕਿਸੇ ਵੀ ਕ੍ਰਿਕਟਰ ਲਈ 100 ਤੋਂ ਵੀ ਜ਼ਿਆਦਾ ਟੈਸਟ ਮੈਚ ਖੇਡਣਾ ਆਪਣੇ ਆਪ ’ਚ ਇਕ ਰਿਕਾਰਡ ਹੈ। ਹਰਭਜਨ ਸਿੰਘ ਕਈ ਸਾਲਾਂ ਤਕ ਭਾਰਤੀ ਕ੍ਰਿਕਟ ਟੀਮ ਦੇ ਟਾਪ ਗੇਂਦਬਾਜ਼ ਰਹਿ ਚੁੱਕੇ ਹਨ। ਇਸ ਦੇ ਨਾਲ ਨਾਲ ਕਈ ਅਜਿਹੇ ਮੌਕਿਆਂ ’ਤੇ ਉਨ੍ਹਾਂ ਨੇ ਆਪਣੇ ਕਮਾਲ ਦੀ ਗੇਂਦਬਾਜ਼ੀ ਨਾਲ ਭਾਰਤ ਨੂੰ ਜਿੱਤ ਦਿਵਾਈ ਹੈ। ਨਾਲ ਹੀ 1 ਦਸੰਬਰ 2006 ਨੂੰ ਦੱਖਣੀ ਅਫਰੀਕਾ ਖਿਲਾਫ ਹਰਭਜਨ ਸਿੰਘ ਨੇ ਟੀ-20 ’ਚ ਡੈਬਿਊ ਕੀਤਾ। ਹਰਭਜਨ ਸਿੰਘ ਨੇ ਭਾਰਤ ਵਲੋਂ ਖੇਡਦੇ ਹੋਏ 103 ਟੈਸਟ ਮੈਚਾਂ ’ਚ 417 ਵਿਕਟਾਂ ਲੈ ਚੁੱਕੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ 2,224 ਦੌੜਾਂ ਵੀ ਬਣਾਈਆਂ ਹਨ ਜਿਸ ’ਚ ਦੋ ਸੈਂਕੜੇ ਅਤੇ 9 ਅਰਧ ਸੈਂਕੜੇ  ਸ਼ਾਮਲ ਹਨ। ਹਰਭਜਨ ਨੇ 236 ਵਨ-ਡੇ ਮੈਚਾਂ ’ਚ 269 ਲਈਆਂ ਹਨ। ਵਨ-ਡੇ ਕ੍ਰਿਕਟ ’ਚ ਉਨ੍ਹਾਂ ਨੇ 1,237 ਦੌੜਾਂ ਵੀ ਬਣਾਈਆਂ ਹਨ। ਭੱਜੀ ਨੇ 28 ਟੀ-20 ਅੰਤਰਰਾਸ਼ਟਰੀ ਮੈਚਾਂ ’ਚ 25 ਵਿਕਟਾਂ ਲਈਆਂ ਹਨ। ਹਰਭਜਨ ਸਿੰਘ ਨੇ ਕੁਲ 163 ਆਈ. ਪੀ. ਐੱਲ. ਮੈਚ ਖੇਡਦੇ ਹੋਏ 150 ਵਿਕਟਾਂ ਲਈਆਂ ਹਨ।

ਹਰਭਜਨ ਸਿੰਘ ਦਾ ਕ੍ਰਿਕਟ ਕਰੀਅਰ ਦੌਰਾਨ ਸ਼ਾਨਦਾਰ ਪ੍ਰਦਰਸ਼ਨ 
ਭਾਰਤੀ ਟੀਮ ਨੇ ਸਾਲ 1932 ’ਚ ਆਪਣਾ ਪਹਿਲਾ ਟੈਸਟ ਮੈਚ ਖੇਡਿਆ ਸੀ। ਭਾਰਤੀ ਕ੍ਰਿਕਟ ’ਚ ਸਾਲ 2001 ਤੋਂ ਪਹਿਲਾਂ ਟੈਸਟ ਕ੍ਰਿਕਟ ’ਚ ਇਕ ਵੀ ਭਾਰਤੀ ਗੇਂਦਬਾਜ਼ ਅਜਿਹਾ ਨਹੀਂ ਹੋਇਆ ਸੀ ਜੋ ਇਕ ਵੀ ਹੈਟ੍ਰਿਕ ਹਾਸਲ ਕਰ ਸਕਣ ’ਚ ਸਫਲ ਰਿਹਾ ਹੋਵੇ। ਮਤਲਬ ਕਿ ਤਕਰੀਬਨ 68 ਸਾਲ ਲੱਗ ਗਏ ਭਾਰਤ ਨੂੰ ਉਸ ਦੀ ਪਹਿਲੀ ਟੈਸਟ ਹੈਟ੍ਰਿਕ ਲੈਣ ਦੇ ਲਈ। ਜਦੋਂ ਟੀਮ ਇੰਡੀਆ ਲਈ ਟੈਸਟ ਕ੍ਰਿਕਟ ਦੀ ਪਹਿਲੀ ਹੈਟ੍ਰਿਕ ਲਈ ਗਈ ਤਾਂ ਇਸ ਖਾਸ ਉਪਲਬੱਧੀ ਦਾ ਸਹਿਰਾ ਪੰਜਾਬ ਦੇ ਉਸ ਖਿਡਾਰੀ ਦੇ ਸਿਰ ਬੱਝਿਆ ਜੋ ਅੱਜ ਭਾਰਤ ਵਲੋਂ ਵਿਸ਼ਵ ਪੱਧਰ ਦਾ ਆਫ ਸਪਿਨਰ ਗੇਂਦਬਾਜ਼ ਦੇ ਤੌਰ ’ਤੇ ਮਸ਼ਹੂਰ ਹੈ। ਉਹ ਇੰਡੀਅਨ ਪ੍ਰੀਮੀਅਰ ਲੀਗ ਦੇ ਮੁੰਬਈ ਇੰਡੀਅਨਜ਼ ਟੀਮ ਅਤੇ ਪੰਜਾਬ ਰਾਜ ਕ੍ਰਿਕਟ ਟੀਮ (2012-13) ਦੇ ਸਾਬਕਾ ਕਪਤਾਨ ਵੀ ਰਹੇ ਹਨ। ਉਹ ਇਕ ਵਿਸ਼ਵ ਦੇ ਬਿਹਤਰੀਨ ਸਪਿਨ ਗੇਂਦਬਾਜ਼ਾਂ ’ਚੋਂ ਇਕ ਹਨ। ਹਰਭਜਨ ਸਿੰਘ ਇਕ ਆਫ ਸਪਿਨਰ ਦੇ ਰੂਪ ’ਚ ਮੁਥੱਈਆ ਮੁਰਲੀਧਰਨ ਤੋਂ ਬਾਅਦ ਟੈਸਟ ਮੈਚਾਂ ’ਚ 417 ਵਿਕਟਾਂ ਲੈ ਕੇ ਦੁਨੀਆ ’ਚ ਦੂਜੇ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜ਼ ਹਨ ਅਤੇ ਨਾਲ ਹੀ ਉਹ ਟੈਸਟ ਮੈਚਾਂ ’ਚ ਦੋ ਸੈਂਕੜੇ ਵੀ ਲਗਾ ਚੁਕੇ ਹਨ। 

ਇਹ ਵੀ ਪੜ੍ਹੋ : ਨੀਰਜ ਚੋਪੜਾ ਨੂੰ ਜੈਵਲਿਨ ਥ੍ਰੋਅ 'ਚ 90 ਮੀਟਰ ਦਾ ਰਿਕਾਰਡ ਤੋੜਣ ਦਾ ਯਕੀਨ

PunjabKesari

ਕ੍ਰਿਕਟ ਕਰੀਅਰ ’ਚ ਵਿਵਾਦ
ਹਰਭਜਨ ਸਿੰਘ ਦੇ ਕ੍ਰਿਕਟ ਕਰੀਅਰ ’ਚ ਕਈ ਸਾਰੇ ਵਿਵਾਦ ਵੀ ਹੋਏ ਹਨ। ਸਭ ਤੋਂ ਜ਼ਿਆਦਾ ਵਿਵਾਦ ਤੱਦ ਹੋਇਆ ਸੀ ਜਦੋਂ ਹਰਭਜਨ ਸਿੰਘ ਨੇ ਐਡ੍ਰੀਊ ਸਾਇਮੰਡ ਨੂੰ ਮੰਕੀ (Monkey) ਕਹਿ ਦਿੱਤਾ ਸੀ। ਇਸ ਵਿਵਾਦ ਦੇ ਕਾਰਨ ਹਰਭਜਨ ਸਿੰਘ ਦੇ ’ਤੇ ਕਈ ਮੈਚਾਂ ਲਈ ਬੈਨ ਕਰ ਦਿੱਤਾ ਗਿਆ ਸੀ। ਹਰਭਜਨ ਸਿੰਘ ਅਤੇ ਸਾਇਮੰਡ ਵਿਚਾਲੇ ਦਾ ਇਹ ਵਿਵਾਦ ਕਾਫ਼ੀ ਸਮੇਂ ਤਕ ਚਰਚਾ ’ਚ ਰਿਹਾ। ਉਹ ਆਈ. ਪੀ. ਐੱਲ. ’ਚ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਦੇ ਸ਼੍ਰੀਸੰਤ ਦੇ ਥੱਪੜ ਕਾਂਡ ’ਚ ਕਾਫ਼ੀ ਜ਼ਿਆਦਾ ਸੁਰਖੀਆਂ ’ਚ ਰਹੇ ਸਨ।

PunjabKesari

ਇਸ ਬਾਲੀਵੁੱਡ ਅਦਾਕਾਰਾ ਨਾਲ ਕੀਤਾ ਵਿਆਹ
ਫਿਲਹਾਲ ਮਸਤੀ ਦੇ ਮੂਡ ’ਚ ਰਹਿਣ ਵਾਲੇ ਹਰਭਜਨ 2007 ’ਚ ਫਿਲਮਾਂ ’ਚ ਡੈਬਿਊ ਕਰਨ ਵਾਲੀ ਬਾਲੀਵੁੱਡ ਐਕਟ੍ਰਸ ਗੀਤਾ ਬਸਰਾ ਨਾਲ ਇਕ ਈਵੈਂਟਸ ’ਚ ਮਿਲੇ ਸਨ ਅਤੇ ਉਥੇ ਹੀ ਦੋਵੇਂ ਇਕ-ਦੂਜੇ ਨੂੰ ਦਿਲ ਦੇ ਬੈਠੇ ਸਨ। ਕਾਫ਼ੀ ਡੇਟਸ ਅਤੇ ਇੰਤਜ਼ਾਰ ਤੋਂ ਬਾਅਦ ਦੋਵਾਂ ਨੇ 29 ਅਕਤੂਬਰ 2015 ਨੂੰ ਵਿਆਹ ਕਰਵਾ ਲਿਆ। ਇਸ ਵਿਆਹ ਤੋਂ ਉਨ੍ਹਾਂ ਦੇ ਦੋ ਬੱਚੇ ਇਕ ਧੀ ਹਿਨਾਇਆ ਤੇ ਪੁੱਤਰ ਜੋਵਨਵੀਰ ਸਿੰਘ ਹਨ।

ਸੰਨਿਆਸ ਤੇ ਰਾਜਨੀਤੀ 'ਚ ਕਦਮ ਰੱਖਣਾ
ਉਨ੍ਹਾਂ ਨੇ 24 ਦਸੰਬਰ 2021 ਨੂੰ 23 ਸਾਲਾ ਆਪਣੇ ਕ੍ਰਿਕਟ ਕਰੀਅਰ ਦੇ ਲੰਬੇ ਸਫ਼ਰ ਤੋ ਬਾਅਦ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਰਾਜਨੀਤੀ 'ਚ ਕਦਮ ਰੱਖਿਆ ਤੇ ਪੰਜਾਬ 'ਚ ਆਮ ਆਦਮੀ ਪਾਰਟੀ (ਆਪ) ਨੇ ਉਨ੍ਹਾਂ ਨੂੰ ਰਾਜ ਸਭਾ 'ਚ ਮੈਂਬਰ ਦੇ ਤੌਰ 'ਤੇ ਭੇਜਿਆ ਹੈ। ਪੰਜਾਬ ਦੇ ਲੋਕਾਂ ਨੂੰ ਹਰਭਜਨ ਦੇ ਰਾਜਨੀਤੀ 'ਚ ਆਉਣ ਤੇ ਰਾਜਸਭਾ ਮੈਂਬਰ ਬਣਨ 'ਤੇ ਬਹੁਤ ਉਮੀਦਾਂ ਹਨ। ਲੋਕਾਂ ਨੂੰ ਉਮੀਦ ਹੈ ਕਿ ਉਹ ਪੰਜਾਬ ਤੇ ਪੰਜਾਬ ਦੇ ਲੋਕਾਂ ਭਲਾਈ ਲਈ ਕੰਮ ਕਰਨਗੇ।  

ਇਹ ਵੀ ਪੜ੍ਹੋ : ਡੇਵਿਸ ਕੱਪ 2022 : ਭਾਰਤ 16-17 ਸਤੰਬਰ ਨੂੰ ਨਾਰਵੇ ਨਾਲ ਭਿੜੇਗਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


Tarsem Singh

Content Editor

Related News