ਹਨੁਮਾ ਵਿਹਾਰੀ ਖੇਡਣਗੇ ਵੱਕਾਰੀ ਕਾਊਂਟੀ ਕ੍ਰਿਕਟ, ਇਸ ਟੀਮ ਨਾਲ ਕੀਤਾ ਕਰਾਰ

Tuesday, Apr 06, 2021 - 03:46 PM (IST)

ਨਵੀਂ ਦਿੱਲੀ— ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੀਆਂ ਫ੍ਰੈਂਚਾਈਜ਼ੀਆਂ ਵੱਲੋਂ ਨਜ਼ਰਅੰਦਾਜ਼ ਕੀਤੇ ਗਏ ਭਾਰਤੀ ਟੈਸਟ ਮਾਹਰ ਬੱਲੇਬਾਜ਼ ਹਨੁਮਾ ਵਿਹਾਰੀ ਇੰਗਲੈਂਡ ’ਚ 6 ਟੈਸਟ ਮੈਚਾਂ ਦੇ ਆਗਾਮੀ ਦੌਰੇ ਦੀ ਤਿਆਰੀ ਕਾਊਂਟੀ ਟੀਮ ਵਾਰਵਿਕਸ਼ਰ ਨਾਲ ਜੁੜ ਕੇ ਕਰਨਗੇ। ਇੰਡੀਅਨ ਪ੍ਰੀਮੀਅਰ ਲੀਗ ਦੇ ਬਾਅਦ ਭਾਰਤੀ ਟੀਮ ਨੂੰ ਇੰਗਲੈਂਡ ’ਚ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫ਼ਾਈਨਲ ’ਚ ਨਿਊਜ਼ੀਲੈਂਡ ਦਾ ਸਾਹਮਣਾ ਕਰਨਾ ਹੈ। ਟੀਮ ਨੂੰ ਇਸ ਤੋਂ ਬਾਅਦ ਇੰਗਲੈਂਡ ਖ਼ਿਲਾਫ਼ ਪੰਜ ਟੈਸਟ ਮੈਚਾਂ ਦੀ ਸੀਰੀਜ਼ ’ਚ ਵੀ ਹਿੱਸਾ ਲੈਣਾ ਹੈ। ਸੱਜੇ ਹੱਥ ਦਾ ਇਹ ਬੱਲੇਬਾਜ਼ ਇੰਗਲੈਂਡ ਪਹੁੰਚ ਗਿਆ ਹੈ ਤੇ ਬਰਮਿੰਘਮ ਦੀ ਇਸ ਕਾਊਂਟੀ ਟੀਮ ਦੇ ਨਾਲ ਇਸ ਸੈਸ਼ਨ ਦੇ ਘੱਟੋ-ਘੱਟ ਤਿੰਨ ਮੈਚਾਂ ਲਈ ਜੁੜੇਗਾ।

ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਇਕ ਅਧਿਕਾਰੀ ਨੇ ਪੁਸ਼ਟੀ ਕਰਦੇ ਹੋਏ ਕਿਹਾ, ‘‘ਹਾਂ ਵਿਹਾਰੀ ਇਸ ਸੈਸ਼ਨ ’ਚ ਇੰਗਲੈਂਡ ਦੀ ਕਾਊਂਟੀ ਟੀਮ ਵਾਰਵਿਕਸ਼ਰ ਦੇ ਨਾਲ ਖੇਡਣਗੇ। ਉਹ ਕੁਝ ਮੈਚ ਖੇਡਣਗੇ। ਉਹ ਇੰਗਲੈਂਡ ’ਚ ਹਨ।’’ ਵਾਰਵਿਕਸ਼ਰ ਕਾਊਂਟੀ ਨੇੇ ਹਾਲਾਂਕਿ ਅਧਿਕਾਰਤ ਤੌਰ ’ਤੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ, ਪਰ ਬੀ. ਸੀ. ਸੀ. ਆਈ. ਅਧਿਕਾਰੀ ਦੇ ਮੁਤਾਬਕ ਇਸ ਦੇ ਕਰਾਰ ਨਾਲ ਜੁੜੀਆਂ ਚੀਜ਼ਾਂ ’ਚ ਕੰਮ ਕੀਤਾ ਜਾ ਰਿਹਾ ਹੈ। ਕਰਾਰ ਨਾਲ ਜੁੜੀਆਂ ਚੀਜ਼ਾਂ ਤੇ ਕੰਮ ਜਾਰੀ ਹੈ। ਉਹ ਘੱਟੋ-ਘੱਟੋ ਤਿੰਨ ਮੈਚ ਖੇਡਣਗੇ। ਅਸੀਂ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕੀ ਉਨ੍ਹਾਂ ਨੂੰ ਕੁਝ ਹੋਰ ਮੈਚਾਂ ’ਚ ਖੇਡਣ ਦਾ ਮੌਕਾ ਮਿਲ ਸਕਦਾ ਹੈ।
ਇਹ ਵੀ ਪੜ੍ਹੋ : IPL 2021 : ਮੁੰਬਈ ਪਹੁੰਚੇ ਰਬਾਡਾ ਤੇ ਨੋਰਕੀਆ, ਪਰ ਪਹਿਲਾ ਮੈਚ ਨਹੀਂ ਖੇਡਣਗੇ

ਵਿਹਾਰੀ ਇਸ ਤੋਂ ਪਹਿਲਾਂ 2019 ’ਚ ਦਿੱਲੀ ਕੈਪੀਟਲਸ ’ਚ ਸ਼ਾਮਲ ਸਨ ਪਰ ਇਸ  ਤੋਂ ਬਾਅਦ ਟੈਸਟ ਮਾਹਰ ਦਾ ਠੱਪਾ ਲੱਗਣ ਕਰਕੇ ਆਈ. ਪੀ. ਐੱਲ. ਨੀਲਾਮੀ ’ਚ ਕਿਸੇ ਵੀ ਫ੍ਰੈਂਚਾਈਜ਼ੀ ਨੇ ਉਨ੍ਹਾਂ ਲਈ ਬੋਲੀ ਨਹੀਂ ਲਾਈ। ਇਸ 27 ਸਾਲਾ ਬੱਲੇਬਾਜ਼ ਨੇ ਭਾਰਤ ਲਈ 12 ਟੈਸਟ ’ਚ 32 ਤੋਂ ਵੱਧ ਦੇ ਔਸਤ ਨਾਲ 624 ਦੌੜਾਂ ਬਣਾਈਆਂ। ਉਨ੍ਹਾਂ ਨੇ ਇਸ ਦੌਰਾਨ ਇਕ ਸੈਂਕੜਾ ਤੇ ਚਾਰ ਅਰਧ ਸੈਂਕੜੇ ਲਾਏ ਹਨ। ਉਹ ਭਾਰਤ ਲਈ ਆਖ਼ਰੀ ਵਾਰ ਸਿਡਨੀ ਟੈਸਟ ’ਚ ਖੇਡੇ ਸਨ। ਉਨ੍ਹਾਂ ਨੇ ਮਾਸਪੇਸ਼ੀਆਂ ’ਚ ਖਿਚਾਅ ਦੇ ਬਾਵਜੂਦ ਚਾਰ ਘੰਟੇ ਦੀ ਜੁਝਾਰੂ ਪਾਰੀ ’ਚ ਅਜੇਤੂ 23 ਦੌੜਾਂ ਬਣਾਉਣ ਦੇ ਨਾਲ-ਨਾਲ ਰਵੀਚੰਦਰਨ ਅਸ਼ਵਿਨ ਦੇ ਨਾਲ ਮਿਲ ਕੇ ਟੈਸਟ ਮੈਚ ਡਰਾਅ ਕਰਾਉਣ ’ਚ ਅਹਿਮ ਭੂਮਿਕਾ ਨਿਭਾਈ ਸੀ।

ਬੈਂਗਲੁਰੂ ਸਥਿਤ ਰਾਸ਼ਟਰੀ ਕ੍ਰਿਕਟ ਅਕੈਡਮੀ (ਏ. ਐੱਨ. ਸੀ. ਏ.) ’ਚ ਰਿਹੈਬਲੀਟੇਸ਼ਨ ਦੇ ਬਾਅਦ ਉਨ੍ਹਾਂ ਨੇ ਵਿਜੇ ਹਜ਼ਾਰੇ ਟਰਾਫ਼ੀ ਤੇ ਰਾਸ਼ਟਰੀ ਇਕ ਰੋਜ਼ਾ ਟੂਰਨਾਮੈਂਟ ਤੋਂ ਮੁਕਾਬਲੇਬਾਜ਼ੀ ਕ੍ਰਿਕਟ ’ਚ ਵਾਪਸੀ ਕੀਤੀ। ਆਂਧਰ ਦਾ ਇਹ ਬੱਲੇਬਾਜ਼ ਪਹਿਲੇ ਮੈਚ ’ਚ ਅਰਧ ਸੈਂਕੜਾ ਲਾਉਣ ਦੇ ਬਾਅਦ ਅਗਲੇ ਪੰਜ ਮੈਚਾਂ ’ਚ ਵੱਡੀ ਪਾਰੀ ਖੇਡਣ ’ਚ ਅਸਫਲ ਰਿਹਾ। ਸੂਤਰਾਂ ਨੇ ਕਿਹਾ, ‘‘ਇਸ ਵਾਰ ਦਾ ਘਰੇਲੂ ਸੈਸ਼ਨ ਬਹੁਤ ਛੋਟਾ ਹੈ ਤੇ ਟੈਸਟ ਟੀਮ ਦੇ ਮੈਂਬਰ ਵਿਹਾਰੀ ਨੂੰ ਮੈਚ ਅਭਿਆਸ ਦੀ ਜ਼ਰੂਰਤ ਹੈ। ਚੇਤੇਸ਼ਵਰ ਪੁਜਾਰਾ ਸਮੇਤ ਟੀਮ ਦੇ ਉਨ੍ਹਾਂ ਦੇ ਸਾਰੇ ਸਾਥੀ ਆਈ. ਪੀ. ਐੱਲ. ਦਾ ਹਿੱਸਾ ਹਨ। ਆਈ. ਪੀ. ਐੱਲ. ਸੀਮਿਤ ਓਵਰਾਂ ਦਾ ਫ਼ਾਰਮੈਟ ਹੈ ਪਰ ਉਹ ਫ਼ਿਟ ਤੇ ਮੈਚ ਲਈ ਤਿਆਰ ਹੋਣਗੇ।
ਇਹ ਵੀ ਪੜ੍ਹੋ : IPL 2021 : ਮੁੰਬਈ ਅਤੇ ਬੰਗਲੁਰੂ ਦੇ ਵਿਚਕਾਰ ਖੇਡਿਆ ਜਾਵੇਗਾ ਪਹਿਲਾ ਮੈਚ, ਦੇਖੋ ਪੂਰਾ ਸ਼ਡਿਊਲ

ਉਨ੍ਹਾਂ ਕਿਹਾ, ‘‘ਸਾਨੂੰ ਇਹ ਯਕੀਨੀ ਬਣਾਉਣ ਦੀ ਜ਼ਰੂਰਤ ਹੈ ਕਿ ਵਿਹਾਰੀ ਨੂੰ ਇੰਗਲੈਂਡ ਦੌਰੇ ਤੋਂ ਪਹਿਲਾਂ ਮੈਦਾਨ ’ਤੇ ਸਮਾਂ ਬਿਤਾਉਣ ਦਾ ਮੌਕਾ ਮਿਲੇ। ਇਹ ਸਿਰਫ਼ ਟੈਸਟ ਚੈਂਪੀਅਨਸ਼ਿਪ ਫ਼ਾਈਨਲ ਦੇ ਲਈ ਨਹੀਂ ਹੈ, ਸਗੋਂ ਇਸ ਤੋਂ ਬਾਅਦ ਪੰਜ ਟੈਸਟ ਮੈਚਾਂ ਦੀ ਸੀਰੀਜ਼ ਵੀ ਹੈ। ਸਾਨੂੰ ਉਸ ਦੀ ਤਿਆਰੀ ਦੀ ਜ਼ਰੂਰਤ ਹੈ।’’ ਪਿਛਲੇ ਕੁਝ ਸਾਲਾਂ ’ਚ ਬੀ. ਸੀ. ਸੀ. ਆਈ. ਦੀ ਕੋਸ਼ਿਸ਼ ਰਹੀ ਹੈ ਕਿ ਇੰਗਲੈਂਡ ਦੌਰੇ ਤੋਂ ਪਹਿਲਾਂ ਭਾਰਤੀ ਖਿਡਾਰੀ ਕਾਊਂਟੀ ਕ੍ਰਿਕਟ ’ਚ ਖੇਡਣ। ਇਸ਼ਾਂਤ ਸ਼ਰਮਾ, ਅਸ਼ਵਿਨ ਤੇ ਅਕਸ਼ਰ ਪਟੇਲ ਹਾਲ ਦੇ ਸਾਲਾਂ ’ਚ ਕਾਊਂਟੀ ਕ੍ਰਿਕਟ ’ਚ ਖੇਡ ਚੁੱਕੇ ਹਨ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News