ਚੀਨ 'ਚ ਕੋਵਿਡ-19 ਨਾਲ ਸਬੰਧਤ ਚਿੰਤਾਵਾਂ ਕਾਰਨ ਹਾਂਗਜ਼ੂ ਏਸ਼ੀਅਨ ਪੈਰਾ ਖੇਡਾਂ ਮੁਲਤਵੀ
Tuesday, May 17, 2022 - 05:17 PM (IST)
ਬੀਜਿੰਗ (ਏਜੰਸੀ)- ਕੋਵਿਡ-19 ਮਹਾਂਮਾਰੀ ਨੂੰ ਲੈ ਕੇ ਚਿੰਤਾਵਾਂ ਕਾਰਨ 9 ਤੋਂ 15 ਅਕਤੂਬਰ ਤੱਕ ਚੀਨ ਦੇ ਹਾਂਗਜ਼ੂ ਵਿੱਚ ਹੋਣ ਵਾਲੀਆਂ ਏਸ਼ੀਅਨ ਪੈਰਾ ਖੇਡਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਆਯੋਜਕਾਂ ਨੇ ਮੰਗਲਵਾਰ ਨੂੰ ਅਧਿਕਾਰਤ ਘੋਸ਼ਣਾ ਕੀਤੀ। ਏਸ਼ੀਅਨ ਪੈਰਾਲੰਪਿਕ ਕਮੇਟੀ (ਏ.ਪੀ.ਸੀ.) ਨੇ ਇੱਕ ਬਿਆਨ ਵਿੱਚ ਕਿਹਾ, 'ਹਾਂਗਜ਼ੂ 2022 ਏਸ਼ੀਅਨ ਪੈਰਾ ਖੇਡਾਂ ਦੀ ਪ੍ਰਬੰਧਕੀ ਕਮੇਟੀ (HAPGOC) ਅਤੇ ਏਸ਼ੀਅਨ ਪੈਰਾਲੰਪਿਕ ਕਮੇਟੀ ਨੇ ਅੱਜ 2022 ਦੀਆਂ ਏਸ਼ਿਆਈ ਪੈਰਾ ਖੇਡਾਂ ਨੂੰ ਮੁਲਤਵੀ ਕਰਨ ਦਾ ਐਲਾਨ ਕੀਤਾ ਹੈ, ਜਿਸ ਦਾ ਆਯੋਜਨ 9 ਤੋਂ 15 ਅਕਤੂਬਰ 2022 ਤੱਕ ਕੀਤਾ ਜਾਣਾ ਸੀ।'
ਇਨ੍ਹਾਂ ਖੇਡਾਂ ਦਾ ਮੁਲਤਵੀ ਹੋਣਾ ਲਗਭਗ ਤੈਅ ਸੀ। ਦੋ ਹਫ਼ਤੇ ਤੋਂ ਵੀ ਘੱਟ ਸਮਾਂ ਪਹਿਲਾਂ, ਹਾਂਗਜ਼ੂ ਏਸ਼ੀਅਨ ਖੇਡਾਂ, ਜੋ 10-25 ਸਤੰਬਰ ਤੱਕ ਹੋਣੀਆਂ ਸਨ, ਨੂੰ ਵੀ ਮੁਲਤਵੀ ਕਰ ਦਿੱਤਾ ਗਿਆ ਸੀ। ਚੀਨ ਵਿੱਚ ਕੋਵਿਡ-19 ਦੇ ਵਧਦੇ ਮਾਮਲਿਆਂ ਦੇ ਕਾਰਨ, 6 ਮਈ ਨੂੰ ਇਨ੍ਹਾਂ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ। ਏ.ਪੀ.ਸੀ., ਚੀਨੀ ਪੈਰਾਲੰਪਿਕ ਕਮੇਟੀ ਅਤੇ ਹਾਪਗੋਕ ਦੀ ਇੱਕ ਸੰਯੁਕਤ ਟੀਮ ਹੁਣ 2023 ਵਿੱਚ ਹੋਣ ਵਾਲੀਆਂ ਖੇਡਾਂ ਦੀਆਂ ਤਾਰੀਖਾਂ ਨੂੰ ਮੁੜ ਤਹਿ ਕਰਨ 'ਤੇ ਕੰਮ ਕਰੇਗੀ। ਆਉਣ ਵਾਲੇ ਸਮੇਂ ਵਿੱਚ ਇਸ ਦਾ ਐਲਾਨ ਹੋ ਸਕਦਾ ਹੈ।'