ਹਾਲੇਪ ਤੇ ਜਵੇਰੇਵ ਤੀਜੇ ਦੌਰ ''ਚ, ਗਾਫ ਬਾਹਰ

10/02/2020 12:52:07 AM

ਪੈਰਿਸ– ਬੀਬੀਆਂ ਵਿਚ ਚੋਟੀ ਦਰਜਾ ਪ੍ਰਾਪਤ ਰੋਮਾਨੀਆ ਦੀ ਸਿਮੋਨਾ ਹਾਲੇਪ ਤੇ ਯੂ. ਐੱਸ. ਓਪਨ ਦੇ ਉਪ ਜੇਤੂ ਜਰਮਨੀ ਦੇ ਅਲੈਗਜ਼ੈਂਡਰ ਜਵੇਰੇਵ ਨੇ ਆਪਣੇ-ਆਪਣੇ ਮੁਕਾਬਲੇ ਜਿੱਤ ਕੇ ਫ੍ਰੈਂਚ ਓਪਨ ਟੈਨਿਸ ਟੂਰਨਾਮੈਂਟ ਦੇ ਤੀਜੇ ਦੌਰ ਵਿਚ ਜਗ੍ਹਾ ਬਣਾ ਲਈ ਜਦਕਿ ਅਮਰੀਕਾ ਦੀ ਕੋਕੋ ਗਾਫ ਆਪਣਾ ਮੁਕਾਬਲਾ ਹਾਰ ਕੇ ਟੂਰਨਾਮੈਂਟ ਵਿਚੋਂ ਬਾਹਰ ਹੋ ਗਈ।
ਵਿਸ਼ਵ ਦੀ ਦੂਜੇ ਨੰਬਰ ਦੀ ਖਿਡਾਰਨ ਤੇ 2018 ਵਿਚ ਚੈਂਪੀਅਨ ਰਹੀ ਹਾਲੇਪ ਨੇ ਹਮਵਤਨ ਇਰਿਨਾ ਕਾਮੇਲੀਆ ਬੇਗੂ ਨੂੰ 6-3, 6-4 ਨਾਲ ਹਰਾ ਕੇ ਤੀਜੇ ਦੌਰ ਵਿਚ ਜਗ੍ਹਾ ਬਣਾਈ। ਹਾਲੇਪ ਦਾ ਤੀਜੇ ਦੌਰ ਵਿਚ ਅਮਰੀਕਾ ਦੀ ਅਮਾਂਡਾ ਐਨਿਸਿਮੋਵਾ ਨਾਲ ਮੁਕਾਬਲਾ ਹੋਵੇਗਾ, ਜਿਸ ਨੇ ਇਕ ਹੋਰ ਮੁਕਾਬਲੇ ਵਿਚ ਹਮਵਤਨ ਬਰਨਾਡਰ ਪੇਰਾ ਨੂੰ 6-2, 6-0 ਨਾਲ ਹਰਾਇਆ।
ਪੁਰਸ਼ ਵਰਗ ਵਿਚ ਛੇਵੀਂ ਸੀਡ ਜਵੇਰੇਵ ਨੇ ਫਰਾਂਸ ਦੇ ਪਿਯਰੇ ਹਿਊਜ ਹਰਬਟਰ ਨੂੰ 5 ਸੈੱਟਾਂ ਦੇ ਸੰਘਰਸ਼ਪੂਰਨ ਮੁਕਾਬਲੇ ਵਿਚ 2-6, 6-4, 7-6 (5), 4-6, 6-4 ਨਾਲ ਹਰਾ ਕੇ ਤੀਜੇ ਦੌਰ ਵਿਚ ਜਗ੍ਹਾ ਬਣਾਈ। ਜਵੇਰੇਵ ਦਾ ਤੀਜੇ ਦੌਰ ਵਿਚ ਇਟਲੀ ਦੇ ਮਾਕਰ ਚਿਚਿਨਾਟੋ ਨਾਲ ਮੁਕਾਬਲਾ ਹੋਵੇਗਾ। ਇਕ ਹੋਰ ਮੁਕਾਬਲੇ ਵਿਚ ਫਰਾਂਸ ਦੇ ਹੁਗੋ ਗਾਸਟਨ ਨੇ ਜਾਪਾਨ ਦੇ ਯੋਸ਼ਿਹਿਤੋ ਨਿਸ਼ਿਓਕਾ ਨੂੰ 6-4, 7-6, 3-6, 6-2 ਨਾਲ ਹਰਾਇਆ। ਗਾਸਟਨ ਦਾ ਤੀਜੇ ਦੌਰ ਵਿਚ ਸਾਹਮਣਾ ਸਵਿਟਜ਼ਰਲੈਂਡ ਦੇ ਸਟੇਨਿਸਲਾਸ ਵਾਵਰਿੰਕਾ ਨਾਲ ਹੋਵੇਗਾ। ਬੀਬੀ ਵਰਗ ਵਿਚ ਅਮਰੀਕਾ ਦੀ ਨੌਜਵਾਨ ਖਿਡਾਰੀ ਗਾਫ ਨੂੰ ਇਟਲੀ ਦੀ ਮਾਰਟਿਨਾ ਟ੍ਰੇਵਿਸਾਨ ਹੱਥੋਂ 4-6, 6-2, 7-5 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਇਕ ਹੋਰ ਮੁਕਾਬਲੇ ਵਿਚ ਸਾਬਕਾ ਚੈਂਪੀਅਨ ਯੇਲੇਨਾ ਓਸਤਾਪੇਂਕੋ ਨੇ ਦੂਜਾ ਦਰਜਾ ਪ੍ਰਾਪਤ ਕੈਰੋਲਿਨਾ ਪਿਲਸਕੋਵਾ ਨੂੰ 6-4, 6-2 ਨਾਲ ਹਰਾ ਕੇ ਤੀਜੇ ਦੌਰ ਵਿਚ ਪ੍ਰਵੇਸ਼ ਕਰ ਲਿਆ। ਓਸਤਾਪੇਕੋਂ ਨੇ 2017 ਵਿਚ ਆਪਣਾ ਇਕਲੌਤਾ ਮੇਜਰ ਖਿਤਾਬ ਇੱਥੇ ਹੀ ਜਿੱਤਿਆ ਸੀ।
 


Gurdeep Singh

Content Editor

Related News