ਅਲੀਰੇਜ਼ਾ ਨਾਲ ਡਰਾਅ ਦੇ ਬਾਅਦ ਗੁਕੇਸ਼ ਦੂਜੇ ਸਥਾਨ ''ਤੇ ਖਿਸਕਿਆ

Saturday, Jan 27, 2024 - 05:30 PM (IST)

ਅਲੀਰੇਜ਼ਾ ਨਾਲ ਡਰਾਅ ਦੇ ਬਾਅਦ ਗੁਕੇਸ਼ ਦੂਜੇ ਸਥਾਨ ''ਤੇ ਖਿਸਕਿਆ

ਵਿਜਕ ਆਨ ਜ਼ੀ (ਨੀਦਰਲੈਂਡ), (ਭਾਸ਼ਾ)- ਭਾਰਤੀ ਗ੍ਰੈਂਡਮਾਸਟਰ ਡੀ ਗੁਕੇਸ਼ ਇੱਥੇ ਟਾਟਾ ਸਟੀਲ ਮਾਸਟਰਜ਼ ਦੇ 11ਵੇਂ ਦੌਰ ਵਿਚ ਫਰਾਂਸ ਦੇ ਅਲੀਰੇਜ਼ਾ ਫਿਰੋਜ਼ਾ ਨਾਲ ਡਰਾਅ ਖੇਡ ਕੇ ਦੂਜੇ ਸਥਾਨ 'ਤੇ ਖਿਸਕ ਗਏ ਹਨ। ਟੂਰਨਾਮੈਂਟ ਵਿੱਚ ਹੁਣ ਦੋ ਦੌਰ ਦੀ ਖੇਡ ਬਾਕੀ ਹੈ ਅਤੇ ਉਜ਼ਬੇਕਿਸਤਾਨ ਦੀ ਅਬਦੁਸਤਾਰੋਵ ਨੋਦਿਰਬੇਕ ਨੇ ਚੀਨ ਦੀ ਮਹਿਲਾ ਵਿਸ਼ਵ ਚੈਂਪੀਅਨ ਵੇਨਜੁਨ ਜ਼ੂ ਨੂੰ ਹਰਾ ਕੇ ਟੇਬਲ ਵਿੱਚ ਸੋਲੋ ਲੀਡ ਲੈ ਲਈ ਹੈ। ਇਸ ਜਿੱਤ ਤੋਂ ਬਾਅਦ ਨੋਦਿਰਬੇਕ ਦੇ 7.5 ਅੰਕ ਹਨ ਜਦਕਿ ਗੁਕੇਸ਼ ਉਸ ਤੋਂ ਅੱਧਾ ਅੰਕ ਪਿੱਛੇ ਹੈ। 

ਗ੍ਰੈਂਡਮਾਸਟਰ ਵਿਦਿਤ ਗੁਜਰਾਤੀ ਨੇ ਇਰਾਨ ਦੇ ਪਰਹਮ ਮਗਸੂਦਲੂ 'ਤੇ ਸ਼ਾਨਦਾਰ ਜਿੱਤ ਨਾਲ ਪੋਡੀਅਮ (ਸਿਖਰਲੇ ਤਿੰਨ ਸਥਾਨਾਂ) 'ਤੇ ਆਪਣੀ ਮੁਹਿੰਮ ਨੂੰ ਖਤਮ ਕਰਨ ਦੀਆਂ ਉਮੀਦਾਂ ਨੂੰ ਵਧਾ ਦਿੱਤਾ। ਉਹ ਹਮਵਤਨ ਆਰ ਪ੍ਰਗਿਆਨੰਦਾ, ਚੀਨ ਦੇ ਵੇਈ ਯੀ ਅਤੇ ਹਾਲੈਂਡ ਦੇ ਅਨੀਸ਼ ਗਿਰੀ 6.5 ਅੰਕਾਂ ਨਾਲ ਸਾਂਝੇ ਤੀਜੇ ਸਥਾਨ 'ਤੇ ਹਨ। ਗੁਜਰਾਤੀ ਨੇ ਕਾਲੇ ਟੁਕੜਿਆਂ ਨਾਲ ਖੇਡਦੇ ਹੋਏ ਬਹੁਤ ਹੁਨਰ ਅਤੇ ਧੀਰਜ ਦਿਖਾਉਂਦੇ ਹੋਏ ਜਿੱਤ ਪ੍ਰਾਪਤ ਕੀਤੀ। ਗੁਕੇਸ਼ ਅਤੇ ਅਲੀਰੇਜ਼ਾ ਵਿਚਾਲੇ ਮੁਕਾਬਲਾ ਕਾਫੀ ਕਰੀਬੀ ਸੀ। ਗੁਕੇਸ਼ ਨੇ ਮੱਧ ਮੂਵ 'ਤੇ ਹਾਵੀ ਹੋਣ ਦੀ ਕੋਸ਼ਿਸ਼ ਕੀਤੀ ਪਰ ਈਰਾਨੀ ਖਿਡਾਰੀ ਨੇ ਉਸ ਨੂੰ ਨਾਕਾਮ ਕਰ ਦਿੱਤਾ। 

ਪ੍ਰਗਿਆਨੰਦਾ ਅਤੇ ਅਲੈਗਜ਼ੈਂਡਰ ਡੋਨਚੇਂਕੋ ਵਿਚਾਲੇ ਖੇਡਿਆ ਗਿਆ ਮੈਚ ਵੀ ਡਰਾਅ ਰਿਹਾ। ਦੋਵੇਂ ਖਿਡਾਰੀ 60 ਚਾਲਾਂ ਤੋਂ ਬਾਅਦ ਡਰਾਅ 'ਤੇ ਸਹਿਮਤ ਹੋ ਗਏ। ਭਾਰਤ ਦੇ ਲਿਓਨ ਲਿਊਕ ਮੇਂਡੋਂਕਾ ਚੈਲੇਂਜਰਜ਼ ਵਰਗ ਵਿੱਚ ਸਿਖਰਲੇ ਸਥਾਨ ਦੀ ਦੌੜ ਵਿੱਚ ਬਰਕਰਾਰ ਹਨ। ਮੇਂਡੋਂਕਾ ਨੇ ਤੁਰਕੀ ਦੇ ਮੁਸਤਫਾ ਯਿਲਮਾਜ਼ 'ਤੇ ਆਰਾਮਦਾਇਕ ਜਿੱਤ ਦਰਜ ਕੀਤੀ ਪਰ ਟੇਬਲ 'ਚ ਚੋਟੀ 'ਤੇ ਰਹਿਣ ਲਈ ਉਸ ਨੂੰ ਥੋੜੀ ਕਿਸਮਤ ਦੀ ਲੋੜ ਹੋਵੇਗੀ। ਫਰਾਂਸ ਦੇ ਗ੍ਰੈਂਡਮਾਸਟਰ ਮਾਰਕ ਐਂਡਰੀਆ ਮਾਰੀਯੂਸਰ ਨੇ ਹਾਲੈਂਡ ਦੇ ਲਿਆਮ ਵਰੋਲਿਜਕ ਨੂੰ ਹਰਾ ਕੇ 8.5 ਅੰਕਾਂ ਨਾਲ ਸਿਖਰ 'ਤੇ ਆਪਣੀ ਪਕੜ ਮਜ਼ਬੂਤ ਕੀਤੀ। ਡੀ ਹਰਿਕਾ ਅਤੇ ਦਿਵਿਆ ਦੇਸ਼ਮੁਖ ਵਰਗੇ ਹੋਰ ਭਾਰਤੀ ਖਿਡਾਰੀ ਕ੍ਰਮਵਾਰ ਯੂਏਈ ਦੇ ਏਆਰ ਸਲੇਹ ਸਲੇਮ ਅਤੇ ਹਾਲੈਂਡ ਦੇ ਇਰਵਿਨ ਲੈਮੀ ਤੋਂ ਹਾਰਨ ਤੋਂ ਬਾਅਦ ਚਾਰ ਅੰਕਾਂ 'ਤੇ ਬਣੇ ਹੋਏ ਹਨ। 


author

Tarsem Singh

Content Editor

Related News