ਪੰਜਾਬ ਰਾਜ ਖੇਡਾਂ ਅੰਡਰ-25 (ਲੜਕੀਆਂ) ਦਾ ਸ਼ਾਨਦਾਰ ਆਗਾਜ਼
Friday, Nov 15, 2019 - 02:16 AM (IST)

ਮਾਨਸਾ (ਸੰਦੀਪ ਮਿੱਤਲ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਤ ਪੰਜਾਬ ਰਾਜ ਖੇਡਾਂ ਅੰਡਰ-25 (ਲੜਕੀਆਂ) ਦਾ ਸ਼ਾਨਦਾਰ ਆਗਾਜ਼ ਅੱਜ ਸਥਾਨਕ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਦੇ ਖੇਡ ਸਟੇਡੀਅਮ ਵਿਖੇ ਕੀਤਾ ਗਿਆ। 14 ਤੋਂ 17 ਨਵੰਬਰ ਤੱਕ ਹੋਣ ਵਾਲੀਆਂ ਇਨ੍ਹਾਂ ਖੇਡਾਂ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਵਧੀਕ ਮੁੱਖ ਸਕੱਤਰ ਖੇਡਾਂ ਅਤੇ ਨੌਜਵਾਨ ਸੇਵਾਵਾਂ ਪੰਜਾਬ ਸੰਜੇ ਕੁਮਾਰ ਨੇ ਚੇਅਰਮੈਨ ਜ਼ਿਲਾ ਪ੍ਰੀਸ਼ਦ ਬਿਕਰਮ ਮੋਫ਼ਰ, ਕਾਂਗਰਸ ਜ਼ਿਲਾ ਪ੍ਰਧਾਨ ਡਾ. ਮੰਜੂ ਬਾਲਾ, ਡਿਪਟੀ ਕਮਿਸ਼ਨਰ ਮਾਨਸਾ ਅਪਨੀਤ ਰਿਆਤ, ਜ਼ਿਲਾ ਪੁਲਸ ਮੁਖੀ ਮਾਨਸਾ ਡਾ. ਨਰਿੰਦਰ ਭਾਰਗਵ ਅਤੇ ਵਧੀਕ ਮੁੱਖ ਸਕੱਤਰ ਸੰਜੇ ਕੁਮਾਰ ਦੀ ਮੌਜੂਦਗੀ 'ਚ ਕੀਤਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਸਮਾਗਮ 'ਚ 3600 ਖਿਡਾਰਨਾਂ ਅਤੇ 400 ਕੋਚ 22 ਜ਼ਿਲਿਆਂ ਤੋਂ ਭਾਗ ਲੈ ਰਹੇ ਹਨ। ਇਹ ਖਿਡਾਰਨਾਂ 21 ਖੇਡਾਂ ਜਿਨ੍ਹਾਂ 'ਚ ਐਥਲੈਟਿਕਸ, ਤੀਰਅੰਦਾਜ਼ੀ, ਮੁੱਕੇਬਾਜ਼ੀ, ਬਾਸਕਟਬਾਲ, ਬੈਡਮਿੰਟਨ, ਫੁੱਟਬਾਲ, ਹਾਕੀ, ਹੈਂਡਬਾਲ, ਜੂਡੋ, ਜਿਮਨਾਸਟਿਕ, ਕੁਸ਼ਤੀ, ਟੇਬਲ ਟੈਨਿਸ, ਵਾਲੀਬਾਲ, ਖੋ-ਖੋ, ਫੈਂਸਿੰਗ, ਸ਼ਤਰੰਜ, ਤੈਰਾਕੀ, ਵੇਟ ਲਿਫਟਿੰਗ, ਕਬੱਡੀ (ਰਾਸ਼ਟਰੀ ਅਤੇ ਸਰਕਲ ਸਟਾਈਲ) ਸ਼ਾਮਲ ਹਨ, ਆਦਿ ਦੇ ਮੁਕਾਬਲਿਆਂ ਵਿਚ ਭਾਗ ਲੈਣਗੀਆਂ। ਸਮਾਗਮ ਦੀ ਸ਼ੁਰੂਆਤ 22 ਜ਼ਿਲਿਆਂ ਦੇ 3600 ਖਿਡਾਰੀਆਂ ਵੱਲੋਂ ਮਾਰਚ ਪਾਸਟ 'ਚ ਭਾਗ ਲੈ ਕੇ ਕੀਤੀ ਗਈ।