ਟੇਬਲ ਟੈਨਿਸ ''ਚ ਸੋਨ ਤਗਮਾ ਜੇਤੂ ਮਨਿਕਾ ਨੂੰ ਮਿਲੇਗੀ 14 ਲੱਖ ਰੁਪਏ ਦੀ ਰਾਸ਼ੀ

Wednesday, Apr 11, 2018 - 01:52 PM (IST)

ਟੇਬਲ ਟੈਨਿਸ ''ਚ ਸੋਨ ਤਗਮਾ ਜੇਤੂ ਮਨਿਕਾ ਨੂੰ ਮਿਲੇਗੀ 14 ਲੱਖ ਰੁਪਏ ਦੀ ਰਾਸ਼ੀ

ਨਵੀਂ ਦਿੱਲੀ (ਬਿਊਰੋ)— ਜਦੋਂ ਕੋਈ ਖਿਡਾਰੀ ਵੱਡੀ ਸਫਲਤਾ ਹਾਸਲ ਕਰਦਾ ਹੈ ਤਾਂ ਉਸਦੀ ਖੁਸ਼ੀ 'ਚ ਸਭ ਸਾਥੀ ਬਣ ਜਾਂਦੇ ਹਨ ਅਤੇ ਉਸਨੂੰ ਭਵਿੱਖ 'ਚ ਹੋਰ ਚੰਗੇ ਪ੍ਰਦਰਸ਼ਨ ਲਈ ਪੁਰਸਕਾਰ ਦਿੱਤੇ ਜਾਂਦੇ ਹਨ। ਜੋ ਕਿ ਨਕਦ ਰਾਸ਼ੀ 'ਚ ਵੀ ਹੁੰਦਾ ਹੈ। ਅਜਿਹਾ ਹੀ ਕੁਝ ਦਿੱਲੀ ਸਰਕਾਰ ਵੀ ਕਰਨ ਜਾ ਰਹੀ ਹੈ। ਆਸਟਰੇਲੀਆ ਦੇ ਗੋਲਡ ਕੋਸਟ 'ਚ ਸੋਨ ਤਗਮਾ ਜਿੱਤਣ ਵਾਲੀ ਮਹਿਲਾ ਟੇਬਲ ਟੈਨਿਸ ਖਿਡਾਰੀ ਮਨਿਕਾ ਬਤਰਾ ਨੂੰ ਦਿੱਲੀ ਸਰਕਾਰ ਵਲੋਂ 14 ਲੱਖ ਰੁਪਏ ਦੀ ਰਾਸ਼ੀ ਦੇਣ ਦੀ ਘੋਸ਼ਣਾ ਕੀਤੀ ਗਈ ਹੈ। ਦਿੱਲੀ ਦੇ ਉਪ-ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।

ਦੱਸ ਦਈਏ ਕਿ ਉਪ-ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਮੰਗਲਵਾਰ ਨੂੰ ਸਦਨ 'ਚ ਦੱਸਿਆ ਕਿ ਰਾਸ਼ਟਰਮੰਡਲ ਖੇਡਾਂ 'ਚ ਸੋਨ ਤਗਮਾ ਜਿੱਤਣ ਵਾਲੀ ਮਨਿਕਾ ਬਤਰਾ ਨੂੰ 14 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਜਦਕਿ ਇਨ੍ਹਾਂ ਖੇਡਾਂ 'ਚ ਚਾਂਦੀ ਤਗਮਾ ਜਿੱਤਣ ਵਾਲੇ ਖਿਡਾਰੀਆਂ ਨੂੰ 10 ਲੱਖ ਰੁਪਏ ਅਤੇ ਕਾਂਸੀ ਤਗਮਾ ਜਿੱਤਣ ਵਾਲੇ ਖਿਡਾਰੀਆਂ ਨੂੰ 6 ਲੱਖ ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਮਨਿਕਾ ਸਰਕਾਰ ਵਲੋਂ 16 ਲੱਖ ਰੁਪਏ ਦੀ ਆਰਥਿਕ ਮਦਦ ਦੀ ਹੱਕਦਾਰ ਵੀ ਬਣ ਗਈ ਹੈ। ਇਹ ਰਾਸ਼ੀ ਸਰਕਾਰ ਇਕ ਯੋਜਨਾ ਦੇ ਮੁਤਾਬਕ ਦੇਵੇਗੀ।

ਜ਼ਿਕਰਯੋਗ ਹੈ ਕਿ ਮਨਿਕਾ ਬਤਰਾ ਦੀ ਲੀਡਰਸ਼ਿਪ 'ਚ ਭਾਰਤ ਨੇ ਸਿੰਗਾਪੁਰ ਨੂੰ 3-1 ਨਾਲ ਹਰਾ ਕੇ ਮਹਿਲਾ ਟੇਬਲ ਟੈਨਿਸ ਟੀਮ ਮੁਕਾਬਲੇ 'ਚ ਸੋਨ ਤਗਮਾ ਹਾਸਲ ਕੀਤਾ ਹੈ। ਵਿਸ਼ਵ ਦੀ 58ਵੇਂ ਸਥਾਨ ਦੀ ਖਿਡਾਰਨ ਬਤਰਾ ਦੀ ਓਲੰਪਿਕ ਤਗਮਾ ਜੇਤੂ ਸਿੰਗਾਪੁਰ ਦੀ ਫੇਂਗ ਟਿਨਪੇਈ ਨੂੰ 3-2 ਨਾਲ ਹਰਾਇਆ, ਜਦਕਿ ਇਸ ਤੋਂ ਪਹਿਲਾਂ ਯਿਹਾਨ ਜੋਉ ਨੂੰ 3-0 ਨਾਲ ਮਾਤ ਦਿੱਤੀ ਸੀ। ਸਿੰਗਾਪੁਰ ਦੇ ਬਾਅਦ ਪਹਿਲੀ ਵਾਰ ਮਹਿਲਾ ਟੇਬਲ ਟੈਨਿਸ ਟੀਮ ਮੁਕਾਬਲਿਆਂ 'ਚ ਸੋਨ ਤਗਮਾ ਜਿੱਤਣ ਵਾਲਾ ਭਾਰਤ ਪਹਿਲਾ ਦੇਸ਼ ਬਣ ਗਿਆ ਹੈ। ਨਾਲ ਹੀ ਟੇਬਲ ਟੈਨਿਸ 'ਚ 2006 ਦੇ ਬਾਅਦ ਭਾਰਤ ਨੇ ਪਹਿਲੀ ਵਾਰ ਸੋਨ ਤਗਮਾ ਜਿੱਤਿਆ ਹੈ।


Related News