ਦਸਵੇਂ ਦਿਨ ਵਰ੍ਹਿਆ ਸੋਨਾ, 8 ਗੋਲਡ ਸਮੇਤ 17 ਮੈਡਲ ਜਿੱਤੇ

04/15/2018 1:28:47 AM

ਗੋਲਡਕੋਸਟ-ਭਾਰਤੀ ਖਿਡਾਰੀਆਂ ਨੇ 21ਵੀਆਂ ਰਾਸ਼ਟਰਮੰਡਲ ਖੇਡਾਂ ਦੇ ਦਸਵੇਂ ਦਿਨ ਮੈਡਲਾਂ ਦਾ ਮੀਂਹ ਵਰ੍ਹਾਉਂਦੇ ਹੋਏ 8 ਸੋਨੇ ਦੇ, 5 ਚਾਂਦੀ ਦੇ ਤੇ 4 ਕਾਂਸੀ ਦੇ ਮੈਡਲਾਂ ਸਮੇਤ ਕੁਲ 17 ਮੈਡਲ ਜਿੱਤ ਕੇ ਪਿਛਲੀਆਂ ਗਲਾਸਗੋ ਰਾਸ਼ਟਰਮੰਡਲ ਖੇਡਾਂ ਤੋਂ ਅੱਗੇ ਲੰਘਣਾ ਤੈਅ ਕਰ ਲਿਆ।
ਭਾਰਤ ਕੋਲ ਹੁਣ ਸੋਨੇ ਦੇ 25, ਚਾਂਦੀ ਦੇ 16 ਅਤੇ ਕਾਂਸੀ ਦੇ 18 ਮੈਡਲਾਂ ਸਮੇਤ 59 ਮੈਡਲ ਹੋ ਗਏ ਹਨ। ਖੇਡਾਂ ਦੇ ਆਖਰੀ ਦਿਨ ਐਤਵਾਰ ਨੂੰ ਭਾਰਤ ਵਲੋਂ ਘੱਟੋ-ਘੱਟ 6 ਹੋਰ ਮੈਡਲ ਜਿੱਤਣੇ ਯਕੀਨੀ ਹਨ। ਇੰਝ ਉਹ ਗਲਾਸਗੋ ਦੀ 64 ਮੈਡਲਾਂ ਦੀ ਸੂਚੀ ਨੂੰ ਪਿੱਛੇ ਛੱਡ ਦੇਵੇਗਾ। ਭਾਰਤ ਨੇ ਗਲਾਸਗੋ ਵਿਚ ਸੋਨੇ ਦੇ 15, ਚਾਂਦੀ ਦੇ 30 ਅਤੇ ਕਾਂਸੀ ਦੇ 19 ਮੈਡਲ ਜਿੱਤੇ ਸਨ। ਭਾਰਤ ਦਾ ਰਾਸ਼ਟਰਮੰਡਲ ਖੇਡਾਂ ਵਿਚ ਇਹ ਤੀਜਾ ਸਰਵੋਤਮ ਪ੍ਰਦਰਸ਼ਨ ਹੋਇਆ ਹੈ। ਭਾਰਤ ਨੇ 2002 ਦੀਆਂ ਮਾਨਚੈਸਟਰ ਖੇਡਾਂ ਵਿਚ ਸੋਨੇ ਦੇ 30 ਅਤੇ 2010 ਦੀਆਂ ਦਿੱਲੀ ਖੇਡਾਂ ਦੌਰਾਨ ਸੋਨੇ ਦੇ 38 ਮੈਡਲ ਜਿੱਤੇ ਸਨ।


Related News