ਤਜਰਬੇਕਾਰ ਗੋਲਕੀਪਰ ਸ਼੍ਰੀਜੇਸ਼ ਪੈਰਿਸ ਓਲੰਪਿਕ ਤੋਂ ਬਾਅਦ ਹਾਕੀ ਨੂੰ ਕਹੇਗਾ ਅਲਵਿਦਾ
Monday, Jul 22, 2024 - 06:28 PM (IST)
ਪੈਰਿਸ, (ਭਾਸ਼ਾ)– ਤਜਰਬੇਕਾਰ ਗੋਲਕੀਪਰ ਤੇ ਭਾਰਤ ਦੇ ਸਾਬਕਾ ਹਾਕੀ ਕਪਤਾਨ ਪੀ. ਆਰ. ਸ਼੍ਰੀਜੇਸ਼ ਨੇ ਕਿਹਾ ਕਿ ਪੈਰਿਸ ਓਲੰਪਿਕ ਉਸਦਾ ਆਖਰੀ ਕੌਮਾਂਤਰੀ ਟੂਰਨਾਮੈਂਟ ਹੋਵੇਗਾ। ਭਾਰਤ ਲਈ 328 ਮੈਚ ਖੇਡਣ ਵਾਲੇ ਸ਼੍ਰੀਜੇਸ਼ ਲਈ ਇਹ ਚੌਥਾ ਓਲੰਪਿਕ ਹੋਵੇਗਾ। ਕਈ ਰਾਸ਼ਟਰੀ ਖੇਡਾਂ, ਏਸ਼ੀਆਈ ਖੇਡਾਂ ਤੇ ਵਿਸ਼ਵ ਕੱਪ ਵਿਚ ਖੇਡ ਚੁੱਕੇ 36 ਸਾਲ ਦੇ ਸ਼੍ਰੀਜੇਸ਼ ਨੇ 2021 ਵਿਚ ਆਯੋਜਿਤ ਹੋਈਆਂ ਟੋਕੀਓ ਓਲੰਪਿਕ ਵਿਚ ਸ਼ਾਨਦਾਰ ਗੋਲਕੀਪਿੰਗ ਨਾਲ ਭਾਰਤ ਨੂੰ ਕਾਂਸੀ ਤਮਗਾ ਦਿਵਾਉਣ ਵਿਚ ਅਹਿਮ ਭੂਮਿਕਾ ਨਿਭਾਈ ਸੀ। ਭਾਰਤ ਨੇ ਤਦ ਇਨ੍ਹਾਂ ਖੇਡਾਂ ਵਿਚ 41 ਸਾਲ ਦੇ ਤਮਗੇ ਦੇ ਸੋਕੇ ਨੂੰ ਖਤਮ ਕੀਤਾ ਸੀ।
ਹਾਕੀ ਇੰਡੀਆ ਨੇ ਸੋਮਵਾਰ ਨੂੰ ਸ਼੍ਰੀਜੇਸ਼ ਨੂੰ ਉਸਦੇ ਸ਼ਾਨਦਾਰ ਕਰੀਅਰ ਲਈ ਵਧਾਈ ਦਿੱਤੀ। ਹਾਕੀ ਇੰਡੀਆ ਨੇ ਰਾਸ਼ਟਰੀ ਟੀਮ ਲਈ ‘ਵਿਨ ਇਟ ਫਾਰ ਸ਼੍ਰੀਜੇਸ਼’ ਦੀ ਮੁਹਿੰਮ ਸ਼ੁਰੂ ਕੀਤੀ ਜਿਹੜਾ ਖਿਡਾਰੀਆਂ ਨੂੰ ਫਿਰ ਤੋਂ ਪੋਡੀਅਮ ’ਤੇ ਖੜ੍ਹੇ ਹੋਣ ਲਈ ਉਤਸ਼ਾਹਿਤ ਕਰੇਗਾ। ਸ਼੍ਰੀਜੇਸ਼ ਨੇ ਭਾਰਤੀ ਟੀਮ ਲਈ 2010 ਵਿਚ ਡੈਬਿਊ ਕੀਤਾ ਸੀ। ਉਹ 2014 ਏਸ਼ੀਆਈ ਖੇਡਾਂ ਵਿਚ ਸੋਨ ਤਮਗਾ ਤੇ 2018 ਏਸ਼ੀਆਈ ਖੇਡਾਂ ਵਿਚ ਕਾਂਸੀ ਤਮਗਾ ਜਿੱਤਣ ਵਾਲੀ ਭਾਰਤੀ ਟੀਮ ਦਾ ਮੈਂਬਰ ਰਿਹਾ ਹੈ। ਉਹ 2018 ਵਿਚ ਏਸ਼ੀਆਈ ਚੈਂਪੀਅਨਸ ਟਰਾਫੀ ਦੀ ਸਾਂਝੀ ਜੇਤੂ ਟੀਮ, ਭੁਵਨੇਸ਼ਵਰ ਵਿਚ 2019 ਐੱਫ. ਅਾਈ. ਐੱਚ. ਪੁਰਸ਼ ਸੀਰੀਜ਼ ਫਾਈਨਲ ਦੀ ਸੋਨ ਤਮਗਾ ਜੇਤੂ ਟੀਮ ਤੇ ਬਰਮਿੰਘਮ 2022 ਰਾਸ਼ਟਰਮੰਡਲ ਖੇਡਾਂ ਵਿਚ ਚਾਂਦੀ ਤਮਗਾ ਟੀਮ ਦਾ ਮੈਂਬਰ ਰਹਿ ਚੁੱਕਾ ਹੈ। ਉਸ ਨੇ ਐੱਫ. ਆਈ. ਐੱਚ. ਹਾਕੀ ਪ੍ਰੋ ਲੀਗ 2021-22 ਵਿਚ ਭਾਰਤ ਨੂੰ ਤੀਜੇ ਸਥਾਨ ’ਤੇ ਪਹੁੰਚਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ।
ਸ਼੍ਰੀਜੇਸ਼ ਨੂੰ 2021 ਵਿਚ ਮੇਜਰ ਧਿਆਨਚੰਦ ਖੇਲ ਰਤਨ ਐਵਰਾਡ ਨਾਲ ਸਨਮਾਨਿਤ ਕੀਤਾ ਗਿਆ ਸੀ ਤੇ ਉਹ ‘ਵਰਲਡ ਗੇਮਜ਼ ਐਥਲੀਟ ਆਫ ਦਿ ਯੀਅਰ’ 2021 ਦਾ ਐਵਾਰਡ ਜਿੱਤਣ ਵਾਲਾ ਭਾਰਤ ਦਾ ਸਿਰਫ ਦੂਜਾ ਖਿਡਾਰੀ ਹੈ। ਉਸ ਨੂੰ 2021 ਤੇ 2022 ਵਿਚ ਲਗਾਤਾਰ ਦੋ ਵਾਰ ਐੱਫ. ਆਈ. ਐੱਚ. ‘ਗੋਲਕੀਪਰ ਆਫ ਦਿ ਯੀਅਰ’ ਦਾ ਐਵਾਰਡ ਜਿੱਤਿਆ। ਉਸ ਨੇ ਪਿਛਲੇ ਸਾਲ ਏਸ਼ੀਅਾਈ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਿਸ ਨਾਲ ਭਾਰਤੀ ਟੀਮ ਸੋਨ ਤਮਗਾ ਜਿੱਤ ਕੇ ਪੈਰਿਸ ਓਲੰਪਿਕ 2024 ਦੀ ਟਿਕਟ ਪੱਕੀ ਕਰਨ ਵਿਚ ਸਫਲ ਰਹੀ।