ਵਨ ਡੇ ''ਚ ਉਪਰਲੇ ਕ੍ਰਮ ''ਚ ਬੱਲੇਬਾਜ਼ੀ ਕਰਨਾ ਚੰਗਾ ਹੋਵੇਗਾ : ਮੈਕਸਵੇਲ

Thursday, Feb 28, 2019 - 02:54 PM (IST)

ਵਨ ਡੇ ''ਚ ਉਪਰਲੇ ਕ੍ਰਮ ''ਚ ਬੱਲੇਬਾਜ਼ੀ ਕਰਨਾ ਚੰਗਾ ਹੋਵੇਗਾ : ਮੈਕਸਵੇਲ

ਬੈਂਗਲੁਰੂ— ਗਲੇਨ ਮੈਕਸਵੇਲ ਨੇ ਭਾਰਤ ਦੇ ਖਿਲਾਫ ਦੂਜੇ ਟੀ-20 ਕੌਮਾਂਤਰੀ ਮੈਚ 'ਚ ਆਸਟਰੇਲੀਆ ਦੀ 7 ਵਿਕਟਾਂ ਨਾਲ ਜਿੱਤ 'ਚ ਚੌਥੇ ਨੰਬਰ 'ਤੇ ਖੇਡਦੇ ਹੋਏ 113 ਦੌੜਾਂ ਦੀ ਜੇਤੂ ਪਾਰੀ ਖੇਡੀ ਅਤੇ ਕਿਹਾ ਕਿ ਉਹ ਵਨ ਡੇ 'ਚ ਉਪਰਲੇ ਕ੍ਰਮ 'ਚ ਬੱਲੇਬਾਜ਼ੀ ਕਰਨਾ ਪਸੰਦ ਕਰਨਗੇ। ਮੈਕਸਵੇਲ ਵਨ ਡੇ 'ਚ ਸਤਵੇਂ ਨੰਬਰ 'ਤੇ ਬੱਲੇਬਾਜ਼ੀ ਕਰਦੇ ਹਨ ਅਤੇ ਹੈਦਰਾਬਾਦ 'ਚ ਦੋ ਮਾਰਚ ਤੋਂ ਸ਼ੁਰੂ ਹੋਣ ਵਾਲੀ ਪੰਜ ਮੈਚਾਂ ਦੀ ਵਨ ਡੇ ਸੀਰੀਜ਼ 'ਚ ਉਹ ਉਪਰਲੇ ਕ੍ਰਮ 'ਚ ਬੱਲੇਬਾਜ਼ੀ ਕਰਨਾ ਚਾਹੁਣਗੇ। ਇਸ 30 ਸਾਲਾ ਖਿਡਾਰੀ ਨੇ ਬੁੱਧਵਾਰ ਨੂੰ ਟੀ-20 ਕੌਮਾਂਤਰੀ ਮੈਚ 'ਚ ਤੀਜੀ ਸੈਂਕੜੇ ਵਾਲੀ ਪਾਰੀ ਖੇਡੀ ਅਤੇ ਭਾਰਤ ਦੇ ਖਿਲਾਫ ਸੀਰੀਜ਼ 'ਚ 2-0 ਨਾਲ ਜਿੱਤਣ 'ਚ ਅਹਿਮ ਭੂਮਿਕਾ ਅਦਾ ਕੀਤੀ। ਉਨ੍ਹਾਂ ਨੇ 55 ਗੇਂਦ 'ਚ 113 ਦੌੜਾਂ ਦੀ ਅਜੇਤੂ ਪਾਰੀ ਖੇਡੀ।
PunjabKesari
ਮੈਕਸਵੇਲ ਨੇ ਕਿਹਾ, ''ਬੁੱਧਵਾਰ ਰਾਤ ਦੀ ਗੱਲ ਕਰਾਂ ਤਾਂ ਮੈਂ ਜਦੋਂ ਬੱਲੇਬਾਜ਼ੀ ਲਈ ਕ੍ਰੀਜ਼ 'ਤੇ ਆਇਆ ਤਾਂ 15 ਓਵਰ ਖੇਡਣੇ ਬਾਕੀ ਸਨ ਅਤੇ ਜਦੋਂ ਤਕ ਮੈਂ 80 ਜਾਂ 100 ਦੌੜਾਂ ਦੀ ਪਾਰੀ ਖੇਡ ਰਿਹਾ ਹਾਂ ਅਤੇ ਜੇਕਰ ਮੈਂ ਛੇਵੇਂ ਜਾਂ ਸਤਵੇਂ ਨੰਬਰ 'ਤੇ ਬੱਲੇਬਾਜ਼ੀ ਕਰਦੇ ਹੋਏ ਕਰ ਰਿਹਾ ਹਾਂ ਤਾਂ ਇਹ ਮਾਇਨੇ ਨਹੀਂ ਰਖਦਾ। ਇਹ ਸਿਰਫ ਮੌਕਿਆਂ ਦਾ ਫਾਇਦਾ ਉਠਾਉਣ ਦੇ ਬਾਰੇ 'ਚ ਹੈ।'' ਉਨ੍ਹਾਂ ਨਾਲ ਹੀ ਕਿਹਾ ਕਿ ਇਹ ਓਨਾ ਸੌਖਾ ਨਹੀਂ ਹੈ ਕਿ ਆਓ ਅਤੇ ਇਸ ਤਰ੍ਹਾਂ ਦਾ ਖੇਡ ਦਿਖਾਓ ਕਿਉਂਕਿ ਗੇਂਦ ਥੋੜ੍ਹੀ ਪੁਰਾਣੀ ਹੋ ਚੁੱਕੀ ਹੁੰਦੀ ਹੈ, ਵਿਕਟ ਵੀ ਇੱਥੇ ਥੋੜ੍ਹਾ ਤੇਜ਼ ਹੋ ਜਾਂਦਾ ਹੈ। ਬੁੱਧਵਾਰ ਰਾਤ 'ਚ ਵੀ ਮੈਚ ਦੇ ਅੰਤ 'ਚ ਵਿਕਟ ਸੁੱਕ ਰਿਹਾ ਸੀ ਅਤੇ ਜ਼ਮੀਨ 'ਤੇ ਦਰਾਰਾਂ ਆਈਆਂ ਹੋਈਆਂ ਸਨ। ਮੈਕਸਵੇਲ ਨੇ ਕਿਹਾ, ''ਵਨ ਡੇ ਕ੍ਰਿਕਟ 'ਚ ਅੰਤ 'ਚ ਆਉਣਾ ਇੰਨਾ ਸੌਖਾ ਨਹੀਂ ਹੁੰਦਾ। ਇਸ ਲਈ ਚੰਗਾ ਇਹੋ ਹੋਵੇਗਾ ਕਿ ਮੈਂ ਬੱਲੇਬਾਜ਼ੀ ਕ੍ਰਮ 'ਚ ਥੋੜ੍ਹਾ ਉੱਪਰ ਆਵਾਂ ਪਰ ਇਹ ਨਿਰਭਰ ਕਰਦਾ ਹੈ ਕਿ ਚੋਟੀ ਦੇ ਚਾਰ 'ਚ ਜਾਂ ਚੋਟੀ ਦੇ ਪੰਜ 'ਚ ਕੀ ਹੁੰਦਾ ਹੈ। ਜੇਕਰ ਮੌਕਾ ਮਿਲਦਾ ਹੈ ਤਾਂ ਮੈਂ ਯਕੀਨੀ ਤੌਰ 'ਤੇ ਇਸ ਨੂੰ ਲੈਣਾ ਚਾਹਾਂਗਾ।


author

Tarsem Singh

Content Editor

Related News