PSL ਫ੍ਰੈਂਚਾਈਜ਼ੀ ਦੇ ਕੋਚ ਦੇ ਰੂਪ ''ਚ ਪਾਕਿਸਤਾਨ ਪਰਤਨਗੇ ਗਿਲੇਸਪੀ
Thursday, Jan 29, 2026 - 06:29 PM (IST)
ਕਰਾਚੀ : ਆਸਟ੍ਰੇਲੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਜੇਸਨ ਗਿਲੇਸਪੀ ਇੱਕ ਵਾਰ ਫਿਰ ਪਾਕਿਸਤਾਨ ਵਿੱਚ ਕੋਚਿੰਗ ਦੀ ਕਮਾਨ ਸੰਭਾਲਣ ਲਈ ਤਿਆਰ ਹਨ। ਉਹ ਪਾਕਿਸਤਾਨ ਸੁਪਰ ਲੀਗ (PSL) ਦੀ ਨਵੀਂ ਫਰੈਂਚਾਇਜ਼ੀ ‘ਕਿੰਗਜ਼ਮੈਨ ਹੈਦਰਾਬਾਦ’ ਦੇ ਮੁੱਖ ਕੋਚ ਵਜੋਂ ਪਾਕਿਸਤਾਨੀ ਕ੍ਰਿਕਟ ਵਿੱਚ ਵਾਪਸੀ ਕਰਨਗੇ। ਇਹ ਵਾਪਸੀ ਪਾਕਿਸਤਾਨੀ ਰਾਸ਼ਟਰੀ ਪੁਰਸ਼ ਟੀਮ ਦੇ ਮੁੱਖ ਕੋਚ ਦਾ ਅਹੁਦਾ ਛੱਡਣ ਦੇ ਲਗਭਗ ਇੱਕ ਸਾਲ ਬਾਅਦ ਹੋ ਰਹੀ ਹੈ।
ਫਰੈਂਚਾਇਜ਼ੀ ਦੇ ਮਾਲਕ ਫਵਾਦ ਸਰਵਰ ਨੇ ਪੁਸ਼ਟੀ ਕੀਤੀ ਹੈ ਕਿ ਗਿਲੇਸਪੀ ਅਗਲੇ ਪੀਐਸਐਲ ਸੀਜ਼ਨ ਵਿੱਚ ਟੀਮ ਦੇ ਮੁੱਖ ਕੋਚ ਹੋਣਗੇ। ਉਨ੍ਹਾਂ ਦੇ ਨਾਲ ਗ੍ਰਾਂਟ ਬ੍ਰੈਡਬਰਨ ਅਤੇ ਕ੍ਰੇਗ ਵ੍ਹਾਈਟ ਸਹਾਇਕ ਕੋਚਾਂ ਵਜੋਂ ਸਹਿਯੋਗ ਦੇਣਗੇ। ਸਰਵਰ ਨੇ ਇਹ ਨਵੀਂ ਫਰੈਂਚਾਇਜ਼ੀ 175,000 ਕਰੋੜ ਪਾਕਿਸਤਾਨੀ ਰੁਪਏ ਵਿੱਚ ਖਰੀਦੀ ਹੈ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਇਹ ਸਰਵੋਤਮ ਕੋਚਿੰਗ ਸਟਾਫ 11 ਫਰਵਰੀ ਨੂੰ ਹੋਣ ਵਾਲੀ ਨਿਲਾਮੀ ਵਿੱਚ ਵਧੀਆ ਖਿਡਾਰੀਆਂ ਦੀ ਚੋਣ ਕਰਨ ਵਿੱਚ ਮਦਦਗਾਰ ਸਾਬਤ ਹੋਵੇਗਾ।
ਜ਼ਿਕਰਯੋਗ ਹੈ ਕਿ ਗਿਲੇਸਪੀ ਨੇ 2024 ਦੇ ਅੰਤ ਵਿੱਚ ਪਾਕਿਸਤਾਨ ਕ੍ਰਿਕਟ ਬੋਰਡ (PCB) ਨਾਲ ਟੀਮ ਦੀ ਚੋਣ ਅਤੇ ਅਧਿਕਾਰਾਂ ਨੂੰ ਲੈ ਕੇ ਹੋਏ ਮਤਭੇਦਾਂ ਕਾਰਨ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਦਾ ਇਕਰਾਰਨਾਮਾ ਦੋ ਸਾਲਾਂ ਲਈ ਸੀ, ਪਰ ਉਨ੍ਹਾਂ ਨੇ ਅੱਠ ਮਹੀਨਿਆਂ ਬਾਅਦ ਹੀ ਅਹੁਦਾ ਛੱਡ ਦਿੱਤਾ ਸੀ। ਇਸੇ ਤਰ੍ਹਾਂ ਸਹਾਇਕ ਕੋਚ ਗ੍ਰਾਂਟ ਬ੍ਰੈਡਬਰਨ ਨੂੰ ਵੀ 2023 ਵਨਡੇ ਵਿਸ਼ਵ ਕੱਪ ਤੋਂ ਬਾਅਦ ਪੀਸੀਬੀ ਨਾਲ ਹੋਏ ਸਮਝੌਤੇ ਤਹਿਤ ਅਸਤੀਫਾ ਦੇਣ ਲਈ ਮਜ਼ਬੂਰ ਹੋਣਾ ਪਿਆ ਸੀ।
