FIFA World Cup ''ਚ ਵੱਡਾ ਉਲਟਫੇਰ ! ਜਰਮਨੀ ਨੂੰ ਹਰਾ ਕੇ ਕੇ ਇਕੁਆਡੋਰ ਨੇ Knockout ''ਚ ਬਣਾਈ ਜਗ੍ਹਾ

Saturday, Jun 27, 2026 - 02:30 PM (IST)

FIFA World Cup ''ਚ ਵੱਡਾ ਉਲਟਫੇਰ ! ਜਰਮਨੀ ਨੂੰ ਹਰਾ ਕੇ ਕੇ ਇਕੁਆਡੋਰ ਨੇ Knockout ''ਚ ਬਣਾਈ ਜਗ੍ਹਾ

ਸਪੋਰਟਸ ਡੈਸਕ- ਗੋਂਜਾਲੋ ਪਲਾਟਾ ਵੱਲੋਂ 77ਵੇਂ ਮਿੰਟ ’ਚ ਕੀਤੇ ਗੋਲ ਦੀ ਬਦੌਲਤ ਇਕੁਆਡੋਰ ਨੇ ਪਿਛੜਨ ਤੋਂ ਬਾਅਦ ਵਾਪਸੀ ਕਰਦੇ ਹੋਏ ਜਰਮਨੀ ਨੂੰ 2-1 ਨਾਲ ਹਰਾ ਕੇ 2006 ਤੋਂ ਬਾਅਦ ਪਹਿਲੀ ਵਾਰ ਵਿਸ਼ਵ ਕੱਪ ਦੇ ਨਾਕਆਊਟ ਪੜਾਅ ’ਚ ਜਗ੍ਹਾ ਬਣਾ ਲਈ ਹੈ।

25 ਸਾਲ ਦੇ ਵਿੰਗਰ ਪਲਾਟਾ ਨੇ ਆਪਣਾ 9ਵਾਂ ਅੰਤਰਰਾਸ਼ਟਰੀ ਗੋਲ ਕਰਨ ਤੋਂ ਬਾਅਦ ਕਿਹਾ, ‘‘ਹੁਣ ਜ਼ਿੰਦਗੀ ਵੱਖਰੀ ਹੈ। ਅਸੀਂ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਹੈ। ਸ਼ੁਰੂਆਤੀ ਦੋ ਮੈਚਾਂ ’ਚ ਸਾਨੂੰ ਬਹੁਤ ਸੰਘਰਸ਼ ਕਰਨਾ ਪਿਆ। ਅਸੀਂ ਚਾਹੁੰਦੇ ਸੀ ਕਿ ਕੁਆਲੀਫਿਕੇਸ਼ਨ ਪਹਿਲਾਂ ਹੀ ਪੱਕਾ ਹੋ ਜਾਵੇ ਪਰ ਹੁਣ ਅਸੀਂ ਹੋਰ ਜ਼ਿਆਦਾ ਜੋਸ਼ ਨਾਲ ਅੱਗੇ ਵਧ ਰਹੇ ਹਾਂ। ਇਹ ਜਾਣਦੇ ਹੋਏ ਕਿ ਸਾਨੂੰ ਆਪਣਾ ਸਭ ਕੁਝ ਝੋਂਕਣਾ ਪਵੇਗਾ।’’

ਆਪਣੇ ਪਿਛਲੇ 3 ਮੈਚਾਂ ’ਚੋਂ ਇਕ ਜਿੱਤ, ਇਕ ਡਰਾਅ ਤੇ ਸਿਰਫ ਇਕ ਹਾਰ ਨਾਲ ਇਕੁਆਡੋਰ 4 ਅੰਕਾਂ ਨਾਲ ਗਰੁੱਪ-ਈ ’ਚ ਤੀਜੇ ਸਥਾਨ ’ਤੇ ਰਿਹਾ ਤੇ ਦੂਜੀ ਵਾਰ ਗਰੁੱਪ ਸਟੇਜ ਤੋਂ ਅੱਗੇ ਵਧਣ ’ਚ ਸਫਲ ਰਿਹਾ। ਉੱਥੇ ਹੀ ਆਪਣੇ ਸ਼ੁਰੂਆਤੀ ਦੋ ਮੈਚ ਜਿੱਤ ਕੇ ਪਹਿਲਾਂ ਹੀ ਨਾਕਆਊਟ ’ਚ ਜਗ੍ਹਾ ਪੱਕੀ ਕਰ ਚੁੱਕੀ 4 ਵਾਰ ਦੀ ਚੈਂਪੀਅਨ ਜਰਮਨੀ ਦੀ ਟੀਮ ਸੋਮਵਾਰ ਨੂੰ ਫਾਕਸਬੋਰੋ ’ਚ ਆਪਣਾ ਰਾਊਂਡ ਆਫ-32 ਦਾ ਮੈਚ ਖੇਡੇਗੀ। ਟੀਮ ਦਾ ਮੁਕਾਬਲਾ ਪੈਰਾਗਵੇ, ਆਸਟ੍ਰੇਲੀਆ ਜਾਂ ਸਵੀਡਨ ’ਚੋਂ ਕਿਸੇ ਇਕ ਨਾਲ ਹੋਣ ਦੀ ਸੰਭਾਵਨਾ ਹੈ। ਜਰਮਨੀ ਦੀ ਲਗਾਤਾਰ ਜਿੱਤ ਦਾ ਸਿਲਸਿਲਾ ਇਸ ਹਾਰ ਦੇ ਨਾਲ 11 ਮੈਚ ’ਤੇ ਰੁਕ ਗਿਆ ਜਿਹੜਾ 1979-80 ’ਚ ਬਣੇ ਟੀਮ ਰਿਕਾਰਡ ਤੋਂ ਸਿਰਫ ਇਕ ਮੈਚ ਘੱਟ ਸੀ।

ਇਹ ਵੀ ਪੜ੍ਹੋ- ਪਹਿਲੇ ਹੀ ਮੈਚ 'ਚ 'ਸਰਪੰਚ ਸਾਬ੍ਹ' ਦੇ ਨਾਂ ਹੋਇਆ ਸ਼ਰਮਨਾਕ ਰਿਕਾਰਡ !

ਲੇਰਾਏ ਸਾਨੇ ਵੱਲੋਂ ਦੂਜੇ ਮਿੰਟ ’ਚ ਕੀਤੇ ਗਏ ਗੋਲ ਨਾਲ ਜਰਮਨੀ ਨੇ ਬੜ੍ਹਤ ਬਣਾਈ। ਨਥਾਨੀਏਲ ਬ੍ਰਾਊਨ ਦੇ ਥ੍ਰੋ ਇਨ ਤੋਂ ਬਾਅਦ ਐਲੇਕਜ਼ੈਂਡਰ ਪਾਵਲੋਵਿਚ ਨੇ ਛਾਤੀ ਨਾਲ ਗੇਂਦ ਨੂੰ ਰੋਕਿਆ ਤੇ ਪੇਡਰੋ ਵਿਟੇ ਦੇ ਸਿਰ ’ਤੇ ਕਿੱਕ ਮਾਰ ਦਿੱਤੀ ਪਰ ਅਮਰੀਕੀ ਰੈਫਰੀ ਟੋਰੀ ਪੇਨਸੋ ਨੇ ਫਾਊਲ ਦਾ ਇਸ਼ਾਰਾ ਨਹੀਂ ਕੀਤਾ। ਪਾਵਲੋਵਿਚ ਨੇ ਫਲੋਰੀਅਨ ਵਿਰਟਜ਼ ਨੂੰ ਪਾਸ ਦਿੱਤਾ ਜਿਸ ਨੇ ਪੈਨਲਟੀ ਏਰੀਏ ਦੇ ਅੰਦਰ ਸਾਨੇ ਨੂੰ ਗੇਂਦ ਦਿੱਤੀ ਤੇ ਸਾਨੇ ਨੇ ਗੋਲਕੀਪਰ ਹਰਨਾਨ ਗੈਲਿੰਡੇਜ ਨੂੰ ਝਕਾਨੀ ਦਿੰਦੇ ਹੋਏ ਗੋਲ ਕਰ ਦਿੱਤਾ।

ਟੂਰਨਾਮੈਂਟ ’ਚ ਇਕੁਆਡੋਰ ਦੇ ਪਹਿਲੇ ਗੋਲ ਰਾਹੀਂ ਨਿਲਸਨ ਅੰਗੁਲੋ ਨੇ 9ਵੇਂ ਮਿੰਟ ’ਚ ਸਕੋਰ ਬਰਾਬਰ ਕਰ ਦਿੱਤਾ। ਹਾਫ ਸਮੇਂ ਤੱਕ ਸਕੋਰ 1-1 ਰਿਹਾ। ਦੂਜੇ ਹਾਫ ਦੇ 30 ਸੈਕੰਡ ਤੋਂ ਵੀ ਘੱਟ ਸਮੇਂ ’ਚ ਪੇਨਸੋ ਨੇ ਜਰਮਨੀ ਨੂੰ ਪੈਨਲਟੀ ਕਿੱਕ ਦਿੱਤੀ ਜਦੋਂ ਜੋਏਲ ਆਰਡੋਨੇਜ ਨੇ ਕਾਈ ਹਾਵਰਟਜ਼ ਨੂੰ ਸੁੱਟ ਦਿੱਤਾ ਸੀ ਪਰ ਵੀਡੀਓ ਰੀਵਿਊ ’ਚ ਪਾਇਆ ਗਿਆ ਕਿ ਸਾਨੇ ਨੇ ਪਹਿਲਾਂ ਵਿਟੇ ਨੂੰ ਫਾਊਲ ਕੀਤਾ ਸੀ।

ਪਲਾਟਾ ਨੇ ਇਸ ਤੋਂ ਬਾਅਦ ਫੈਸਲਾਕੁੰਨ ਗੋਲ ਕੀਤਾ। ਵਿਟੇ ਦੀ ਕਾਰਨਰ ਕਿੱਕ ’ਤੇ ਕੇਵਿਨ ਰੋਡ੍ਰਿਗੇਜ਼ ਨੇ ਹੈਡਰ ਮਾਰਿਆ। ਜਰਮਨੀ ਦਾ 40 ਸਾਲਾ ਗੋਲਕੀਪਰ ਮੈਨੂਅਲ ਨੂਏਰ ਗੇਂਦ ਨੂੰ ਫੜਨ ਹੀ ਵਾਲਾ ਸੀ ਕਿ ਪਲਾਟਾ ਨੇ ਆਪਣੇ ਖੱਬੇ ਪੈਰ ਨਾਲ ਗੇਂਦ ਨੂੰ ਗੋਲ ’ਚ ਪਾ ਦਿੱਤਾ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News