IPL ਦੇ ਸਭ ਤੋਂ ਮਹਿੰਗੇ ਖਿਡਾਰੀ ਨੂੰ ਲੈ ਕੇ ਇਹ ਕੀ ਬੋਲ ਗਏ ਗਾਵਸਕਰ, BCCI ਕਰ ਸਕਦੀ ਹੈ ਕਾਰਵਾਈ

02/20/2018 12:54:49 PM

ਨਵੀਂ ਦਿੱਲੀ (ਬਿਊਰੋ)— ਭਾਰਤੀ ਟੀਮ ਨੇ ਪਹਿਲੇ ਟੀ-20 ਮੈਚ ਵਿਚ ਸ਼ਿਖਰ ਧਵਨ (72 ਦੌੜਾਂ) ਦੀ ਸ਼ਾਨਦਾਰ ਬੱਲੇਬਾਜੀ ਦੇ ਬਾਅਦ ਭੁਵਨੇਸ਼ਵਰ ਕੁਮਾਰ (24/5) ਦੀ ਗੇਂਦਬਾਜ਼ੀ ਦੀ ਬਦੌਲਤ ਸਾਊਥ ਅਫਰੀਕਾ ਟੀਮ ਨੂੰ 28 ਦੌੜਾਂ ਨਾਲ ਮਾਤ ਦੇ ਦਿੱਤੀ। ਭੁਵੀ ਦੇ ਇਲਾਵਾ ਜੈ ਦੇਵ ਉਨਾਦਕਟ, ਹਾਰਦਿਕ ਪੰਡਯਾ ਅਤੇ ਯੁਜਵੇਂਦਰ ਚਾਹਲ ਨੂੰ ਇਕ-ਇਕ ਸਫਲਤਾ ਮਿਲੀ।

ਗਾਵਸਕਰ ਨੇ ਉਨਾਦਕਟ 'ਤੇ ਕੱਸਿਆ ਤੰਜ
ਤੇਜ਼ ਗੇਂਦਬਾਜ਼ ਜੈ ਦੇਵ ਉਨਾਦਕਰ ਨੂੰ ਸਿਰਫ ਇਕ ਸਫਲਤਾ ਮਿਲਣ ਦੇ ਬਾਅਦ ਕੁਮੈਂਟਰੀ ਕਰ ਰਹੇ ਸਾਬਕਾ ਭਾਰਤੀ ਕ੍ਰਿਕਟਰ ਸੁਨੀਲ ਗਾਵਸਕਰ ਨੇ ਉਨ੍ਹਾਂ ਉੱਤੇ ਤੰਜ ਕੱਸਿਆ ਅਤੇ ਕਿਹਾ ਕਿ ਕੀ ਉਨਾਦਕਟ ਨੂੰ ਆਈ.ਪੀ.ਐੱਲ. ਵਿਚ ਜੋ ਪੈਸੇ ਦਿੱਤੇ ਗਏ ਹਨ, ਉਹ ਇਸਦੇ ਲਾਇਕ ਹੈ? ਦੱਸ ਦਈਏ ਕਿ ਉਨਾਦਕਟ ਨੂੰ ਇਸ ਸਾਲ ਆਈ.ਪੀ.ਐੱਲ. ਲਈ ਰਾਜਸਥਾਨ ਰਾਇਲਸ ਨੇ 11.5 ਕਰੋੜ ਰੁਪਏ ਵਿਚ ਖਰੀਦਿਆ ਅਤੇ ਉਹ ਇਸ ਸਾਲ ਆਈ.ਪੀ.ਐੱਲ. ਵਿਚ ਵਿਕਣ ਵਾਲੇ ਸਭ ਤੋਂ ਮਹਿੰਗੇ ਭਾਰਤੀ ਖਿਡਾਰੀ ਹਨ।

ਗਾਵਸਕਰ ਬੋਲੇ- ਮੈਂ ਤਾਂ ਬਸ ਮਜ਼ਾਕ ਕਰਦਾ ਸੀ
ਸਾਊਥ ਅਫਰੀਕਾ ਖਿਲਾਫ ਉਨਾਦਕਟ ਨੇ 4 ਓਵਰਾਂ ਵਿਚ 33 ਦੌੜਾਂ ਖਰਚ ਕੀਤੀਆਂ। ਇਸਦੇ ਬਾਅਦ ਗਾਵਸਕਰ ਨੇ ਕਿਹਾ ਕਿ ਇਸ ਸਾਲ ਆਈ.ਪੀ.ਐੱਲ. ਆਕਸ਼ਨ ਵਿਚ ਉਨਾਦਕਟ ਨੇ ਕਾਫ਼ੀ ਕਮਾਈ ਕੀਤੀ ਹੈ। ਸ਼ਾਇਦ ਇਹੀ ਵਜ੍ਹਾ ਹੈ ਕਿ ਉਨ੍ਹਾਂ ਨੂੰ ਪਹਿਲੇ ਮੈਚ ਵਿਚ ਪਲੇਇੰਗ ਇਲੈਵਨ ਵਿਚ ਜਗ੍ਹਾ ਦਿੱਤੀ ਗਈ ਹੈ। ਹਾਲਾਂਕਿ ਗਾਵਸਕਰ ਨੇ ਆਪਣੀ ਗੱਲ ਨੂੰ ਸੰਭਾਲਦੇ ਹੋਏ ਕਿਹਾ ਕਿ ਮੈਂ ਤਾਂ ਬਸ ਮਜ਼ਾਕ ਕਰ ਰਿਹਾ ਸੀ। ਬਾਅਦ ਵਿਚ ਗਾਵਸਕਰ ਨੇ ਕਿਹਾ ਕਿ ਉਨਾਦਕਟ ਚੰਗੀ ਪੇਸ ਦੇ ਨਾਲ ਗੇਂਦਬਾਜ਼ੀ ਕਰਦੇ ਹਨ। ਇਸਦੇ ਇਲਾਵਾ, ਉਨ੍ਹਾਂ ਨੂੰ ਸਲੋ ਗੇਂਦਾਂ ਸੁੱਟ ਕੇ ਬੱਲੇਬਾਜ਼ਾਂ ਨੂੰ ਚਕਮਾ ਦੇਣਾ ਵੀ ਬਖੂਬੀ ਆਉਂਦਾ ਹੈ।

ਬੀ.ਸੀ.ਸੀ.ਆਈ. ਲੈ ਸਕਦੀ ਹੈ ਐਕਸ਼ਨ
ਹਾਲਾਂਕਿ ਹੁਣ ਦੱਸਿਆ ਜਾ ਰਿਹਾ ਹੈ ਕਿ ਉਨਾਦਕਟ ਉੱਤੇ ਕੁਮੈਂਟ ਕਰਨ ਨੂੰ ਲੈ ਕੇ ਬੀ.ਸੀ.ਸੀ.ਆਈ. ਸੁਨੀਲ ਗਾਵਸਕਰ ਉੱਤੇ ਐਕਸ਼ਨ ਲੈ ਸਕਦੀ ਹੈ। ਕਿਉਂਕਿ ਕੁਮੈਂਟਰੀ ਕਰਦੇ ਸਮੇਂ ਕਿਸੇ ਵੀ ਖਿਡਾਰੀ ਉੱਤੇ ਇਸ ਤਰ੍ਹਾਂ ਦਾ ਕੁਮੈਂਟ ਕਰਨਾ ਗਲਤ ਮੰਨਿਆ ਜਾਂਦਾ ਹੈ।

ਇਨ੍ਹਾਂ ਕੁਮੈਂਟੇਟਰਾਂ ਨੂੰ ਮਿਲ ਚੁੱਕੀ ਹੈ ਸਜ਼ਾ
ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਸਾਲ 2016 ਦੇ ਟੀ-20 ਵਰਲਡ ਕੱਪ ਦੌਰਾਨ ਕੁਮੈਂਟੇਟਰ ਹਰਸ਼ ਭੋਗਲੇ ਨੇ ਟੀਮ ਇੰਡੀਆ ਦੀ ਆਲੋਚਨਾ ਕੀਤੀ ਸੀ, ਇਸਦੇ ਬਾਅਦ ਉਨ੍ਹਾਂ ਨੂੰ ਬਰਖਾਸਤ ਕਰ ਦਿੱਤਾ ਗਿਆ ਸੀ। ਉਥੇ ਹੀ ਬੰਗਲਾਦੇਸ਼ ਪ੍ਰੀਮੀਅਰ ਲੀਗ ਵਿਚ ਕੁਮੈਂਟਰੀ ਕਰਦੇ ਹੋਏ ਅਰੁਣ ਲਾਲ ਨੂੰ ਬੀ.ਪੀ.ਐੱਲ. ਅਤੇ ਆਈ.ਪੀ.ਐੱਲ. ਦੀ ਤੁਲਨਾ ਕਰਨ ਉੱਤੇ ਹਟਾ ਦਿੱਤਾ ਗਿਆ ਸੀ।


Related News