BCCI ਦਾ ਸਨਸਨੀਖੇਜ ਖੁਲਾਸਾ, ਗੌਤਮ ਗੰਭੀਰ ਨੂੰ ਮਜਬੂਰੀ ''ਚ ਬਣਾਇਆ ਗਿਆ ਟੀਮ ਇੰਡੀਆ ਦਾ ਕੋਚ

Thursday, Jan 02, 2025 - 03:44 AM (IST)

BCCI ਦਾ ਸਨਸਨੀਖੇਜ ਖੁਲਾਸਾ, ਗੌਤਮ ਗੰਭੀਰ ਨੂੰ ਮਜਬੂਰੀ ''ਚ ਬਣਾਇਆ ਗਿਆ ਟੀਮ ਇੰਡੀਆ ਦਾ ਕੋਚ

ਸਪੋਰਟਸ ਡੈਸਕ - ਆਸਟ੍ਰੇਲੀਆ 'ਚ ਟੀਮ ਇੰਡੀਆ ਦੇ ਖਰਾਬ ਪ੍ਰਦਰਸ਼ਨ ਅਤੇ ਟੈਸਟ ਸੀਰੀਜ਼ 'ਚ ਪਛੜਨ ਤੋਂ ਬਾਅਦ ਕਪਤਾਨ ਰੋਹਿਤ ਸ਼ਰਮਾ ਅਤੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਸਮੇਤ ਕੁਝ ਖਿਡਾਰੀ ਲਗਾਤਾਰ ਸ਼ੱਕ ਦੇ ਘੇਰੇ 'ਚ ਹਨ। ਉਨ੍ਹਾਂ ਦੇ ਪ੍ਰਦਰਸ਼ਨ ਦੀ ਆਲੋਚਨਾ ਹੋ ਰਹੀ ਹੈ। ਪਰ ਟੀਮ ਦੀ ਖਰਾਬ ਹਾਲਤ ਨੂੰ ਲੈ ਕੇ ਸਿਰਫ ਖਿਡਾਰੀ ਹੀ ਨਹੀਂ ਬਲਕਿ ਟੀਮ ਦੇ ਮੁੱਖ ਕੋਚ ਗੌਤਮ ਗੰਭੀਰ ਵੀ ਸਾਰਿਆਂ ਦੇ ਨਿਸ਼ਾਨੇ 'ਤੇ ਹਨ। ਅਜਿਹੇ ਸਮੇਂ ਜਦੋਂ ਟੀਮ ਇੰਡੀਆ ਦੀਆਂ ਨਜ਼ਰਾਂ ਆਖਰੀ ਟੈਸਟ ਮੈਚ 'ਤੇ ਹਨ, ਗੰਭੀਰ ਨੂੰ ਲੈ ਕੇ ਇਕ ਰਿਪੋਰਟ ਆਈ ਹੈ, ਜਿਸ 'ਚ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਮਜਬੂਰੀ 'ਚ ਟੀਮ ਇੰਡੀਆ ਦਾ ਮੁੱਖ ਕੋਚ ਬਣਾਇਆ ਗਿਆ ਹੈ।

ਗੰਭੀਰ ਨੂੰ ਮਜਬੂਰੀ 'ਚ ਬਣਾਇਆ ਕੋਚ?
ਨਿਊਜ਼ ਏਜੰਸੀ ਪੀ.ਟੀ.ਆਈ. ਦੀ ਰਿਪੋਰਟ ਵਿੱਚ ਬੀ.ਸੀ.ਸੀ.ਆਈ. ਦੇ ਇੱਕ ਅਧਿਕਾਰੀ ਨੇ ਕਿਹਾ ਕਿ ਗੰਭੀਰ ਇਸ ਭੂਮਿਕਾ ਲਈ ਕਦੇ ਵੀ ਬੋਰਡ ਦੀ ਪਹਿਲੀ ਪਸੰਦ ਨਹੀਂ ਸਨ। ਇਹ ਗੱਲ ਸ਼ੁਰੂ ਤੋਂ ਹੀ ਸਭ ਦੇ ਸਾਹਮਣੇ ਸੀ ਕਿਉਂਕਿ ਬੋਰਡ ਵੀ.ਵੀ.ਐਸ. ਲਕਸ਼ਮਣ ਨੂੰ ਕੋਚ ਵਜੋਂ ਨਿਯੁਕਤ ਕਰਨਾ ਚਾਹੁੰਦਾ ਸੀ, ਜੋ ਰਾਹੁਲ ਦ੍ਰਾਵਿੜ ਵਾਂਗ ਨੈਸ਼ਨਲ ਕ੍ਰਿਕਟ ਅਕੈਡਮੀ ਵਿੱਚ ਜ਼ਿੰਮੇਵਾਰੀ ਸੰਭਾਲ ਰਹੇ ਸਨ। ਇਸ ਤੋਂ ਇਲਾਵਾ ਬੀ.ਸੀ.ਸੀ.ਆਈ. ਨੇ ਵਿਦੇਸ਼ੀ ਦਿੱਗਜਾਂ ਨਾਲ ਵੀ ਸੰਪਰਕ ਕੀਤਾ ਸੀ ਪਰ ਕੁਝ ਨਹੀਂ ਹੋ ਸਕਿਆ।

ਗੰਭੀਰ ਨੂੰ ਕੋਚ ਬਣਨ ਲਈ ਮਜ਼ਬੂਰ ਕਿਵੇਂ ਕੀਤਾ ਗਿਆ, ਇਸ ਬਾਰੇ ਬੀ.ਸੀ.ਸੀ.ਆਈ. ਦੇ ਇੱਕ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਖੁਲਾਸਾ ਕੀਤਾ, "ਉਹ ਕਦੇ ਵੀ ਬੀ.ਸੀ.ਸੀ.ਆਈ. ਦੀ ਪਹਿਲੀ ਪਸੰਦ ਨਹੀਂ ਸਨ, ਜਦੋਂ ਕਿ ਕੁਝ ਮਸ਼ਹੂਰ ਵਿਦੇਸ਼ੀ ਕੋਚ ਤਿੰਨਾਂ ਫਾਰਮੈਟਾਂ ਵਿੱਚ ਕੋਚਿੰਗ ਨਹੀਂ ਦੇਣਾ ਚਾਹੁੰਦੇ ਹਨ ਬੋਰਡ ਨੂੰ ਸਮਝੌਤਾ ਕਰਨਾ ਪਿਆ (ਗੰਭੀਰ ਨੂੰ ਕੋਚ ਬਣਾਉਣ ਲਈ)। ਬੇਸ਼ੱਕ ਕੁਝ ਹੋਰ ਮਜਬੂਰੀਆਂ ਵੀ ਸਨ।”

ਗੰਭੀਰ ਦਾ ਸ਼ੁਰੂਆਤੀ ਕਾਰਜਕਾਲ ਚੰਗਾ ਨਹੀਂ ਰਿਹਾ
ਟੀਮ ਇੰਡੀਆ ਦੇ ਸਾਬਕਾ ਸਟਾਰ ਓਪਨਰ ਗੌਤਮ ਗੰਭੀਰ ਨੂੰ ਬੋਰਡ ਨੇ ਪਿਛਲੇ ਸਾਲ ਜੂਨ 'ਚ ਹੀ ਟੀਮ ਇੰਡੀਆ ਦੀ ਜ਼ਿੰਮੇਵਾਰੀ ਸੌਂਪੀ ਸੀ। ਟੀਮ ਇੰਡੀਆ ਦੇ ਟੀ-20 ਵਿਸ਼ਵ ਕੱਪ ਜਿੱਤਣ ਦੇ ਨਾਲ ਰਾਹੁਲ ਦ੍ਰਾਵਿੜ ਦਾ ਕਾਰਜਕਾਲ ਖਤਮ ਹੋਣ ਤੋਂ ਬਾਅਦ ਗੰਭੀਰ ਨੂੰ ਜੁਲਾਈ 'ਚ ਮੁੱਖ ਕੋਚ ਬਣਾਇਆ ਗਿਆ ਸੀ। ਇਸ ਤੋਂ ਠੀਕ ਪਹਿਲਾਂ, ਮਈ ਵਿੱਚ ਇੱਕ ਸਲਾਹਕਾਰ ਦੇ ਰੂਪ ਵਿੱਚ ਗੰਭੀਰ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ 10 ਸਾਲਾਂ ਬਾਅਦ ਆਈ.ਪੀ.ਐਲ. ਖਿਤਾਬ ਜਿੱਤਣ ਵਿੱਚ ਮਦਦ ਕੀਤੀ ਸੀ।

ਜੈ ਸ਼ਾਹ, ਜੋ ਉਸ ਸਮੇਂ ਬੋਰਡ ਦੇ ਸਕੱਤਰ ਸਨ, ਨੇ ਗੰਭੀਰ ਨੂੰ ਇਹ ਜ਼ਿੰਮੇਵਾਰੀ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ। ਹਾਲਾਂਕਿ ਗੰਭੀਰ ਨੇ ਵੀ ਇਸ ਅਹੁਦੇ ਲਈ ਉਦੋਂ ਹੀ ਅਪਲਾਈ ਕੀਤਾ ਜਦੋਂ ਉਨ੍ਹਾਂ ਨੂੰ ਕੋਚ ਬਣਨ ਦਾ ਭਰੋਸਾ ਮਿਲਿਆ। ਉਨ੍ਹਾਂ ਤੋਂ ਇਲਾਵਾ ਡਬਲਯੂ.ਵੀ ਰਮਨ ਨੇ ਵੀ ਅਪਲਾਈ ਕੀਤਾ ਸੀ। ਅੰਤ 'ਚ ਗੰਭੀਰ ਕੋਚ ਬਣ ਗਏ। ਹਾਲਾਂਕਿ ਗੰਭੀਰ ਦਾ ਕਾਰਜਕਾਲ ਉਮੀਦਾਂ ਮੁਤਾਬਕ ਨਹੀਂ ਰਿਹਾ। ਨਿਊਜ਼ੀਲੈਂਡ ਤੋਂ ਘਰੇਲੂ ਟੈਸਟ ਸੀਰੀਜ਼ ਹਾਰਨ ਤੋਂ ਬਾਅਦ ਟੀਮ ਆਸਟ੍ਰੇਲੀਆ 'ਚ ਵੀ ਸੀਰੀਜ਼ ਜਿੱਤਣ 'ਚ ਨਾਕਾਮ ਰਹੀ ਹੈ ਅਤੇ ਹੁਣ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ 'ਚ ਪਹੁੰਚਣਾ ਮੁਸ਼ਕਿਲ ਜਾਪਦਾ ਹੈ।


author

Inder Prajapati

Content Editor

Related News