ਆਪਣੀ ਟੀਮ ਚਾਹੁੰਦੈ ਗੌਤਮ ਗੰਭੀਰ ਪਰ ਕੀ ਅਜਿਹਾ ਹੋਵੇਗਾ

Monday, Dec 23, 2024 - 11:29 AM (IST)

ਆਪਣੀ ਟੀਮ ਚਾਹੁੰਦੈ ਗੌਤਮ ਗੰਭੀਰ ਪਰ ਕੀ ਅਜਿਹਾ ਹੋਵੇਗਾ

ਮੈਲਬੋਰਨ– ਬਦਲਾਅ ਦੇ ਦੌਰ ਵਿਚ ਨਵੀਂ ਟੀਮ ਤਿਆਰ ਕਰਨਾ ਕਦੇ ਆਸਾਨ ਨਹੀਂ ਹੁੰਦਾ ਤੇ ਵਿਸ਼ੇਸ਼ ਤੌਰ ’ਤੇ ਤਦ ਜਦੋਂ ਆਪਣੇ ਕਰੀਅਰ ਦੇ ਆਖਰੀ ਪੜਾਅ ’ਤੇ ਚੱਲ ਰਹੇ ਕੁਝ ਸਟਾਰ ਖਿਡਾਰੀ ਡ੍ਰੈਸਿੰਗ ਰੂਮ ਦਾ ਹਿੱਸਾ ਹਨ। ਭਾਰਤੀ ਕ੍ਰਿਕਟ ਟੀਮ ਦਾ ਮੁੱਖ ਕੋਚ ਗੌਤਮ ਗੰਭੀਰ ਵੀ ਇਸ ਸ਼ਸ਼ੋਪੰਜ ਵਿਚ ਫਸਿਆ ਹੋਇਆ ਹੈ।

ਆਰ. ਅਸ਼ਵਿਨ ਦੇ ਸੰਨਿਆਸ ਦੇ ਨਾਲ ਹੀ ਭਾਰਤੀ ਕ੍ਰਿਕਟ ਵਿਚ ਵੱਡੇ ਬਦਲਾਅ ਦੀ ਸ਼ੁਰੂਆਤ ਹੋ ਗਈ ਹੈ। ਅਸ਼ਵਿਨ ਨੇ ਭਾਵੇਂ ਹੀ ਇਹ ਫੈਸਲਾ ਖੁਦ ਲਿਆ ਹੈ ਪਰ ਭਾਰਤੀ ਕ੍ਰਿਕਟ ਦੀ ਸਮਝ ਰੱਖਣ ਵਾਲਾ ਕੋਈ ਵੀ ਵਿਅਕਤੀ ਇਹ ਕਹਿ ਸਕਦਾ ਹੈ ਕਿ ਵਾਸ਼ਿੰਗਟਨ ਸੁੰਦਰ ਨੂੰ ਉਸ ’ਤੇ ਪਹਿਲ ਦੇਣ ਦੇ ਗੰਭੀਰ ਦੇ ਫੈਸਲੇ ਨੇ ਇਸ ਵਿਚ ਵੱਡੀ ਭੂਮਿਕਾ ਨਿਭਾਈ।

ਗੰਭੀਰ ਨੇ ਇਹ ਫੈਸਲਾ ਤਦ ਲਿਆ ਜਦੋਂ ਕਪਤਾਨ ਰੋਹਿਤ ਸ਼ਰਮਾ ਪਹਿਲਾ ਟੈਸਟ ਮੈਚ ਖੇਡਣ ਲਈ ਪਰਥ ਵਿਚ ਨਹੀਂ ਸੀ। ਅਸ਼ਵਿਨ ਦੇ ਸੰਨਿਆਸ ਲੈਣ ਤੋਂ ਬਾਅਦ ਭਾਰਤੀ ਟੀਮ ਵਿਚ ਹੁਣ 4 ਵੱਡੇ ਖਿਡਾਰੀ ਵਿਰਾਟ ਕੋਹਲੀ, ਰੋਹਿਤ, ਰਵਿੰਦਰ ਜਡੇਜਾ ਤੇ ਮੁਹੰਮਦ ਸ਼ੰਮੀ ਰਹਿ ਗਏ ਹਨ। ਸ਼ੰਮੀ ਮੌਜੂਦਾ ਲੜੀ ਵਿਚ ਨਹੀਂ ਖੇਡ ਰਿਹਾ ਹੈ ਪਰ ਉਸਦੇ ਲਈ ਟੀਮ ਵਿਚ ਵਾਪਸੀ ਕਰਨਾ ਹੁਣ ਪਹਿਲਾਂ ਵਰਗਾ ਸੌਖਾਲਾ ਨਹੀਂ ਹੋਵੇਗਾ।

ਬਦਲਾਅ ਦਾ ਇਹ ਦੌਰ ਰਾਹੁਲ ਦ੍ਰਾਵਿੜ ਦੇ ਮੁੱਖ ਕੋਚ ਰਹਿੰਦੇ ਹੋਏ ਸ਼ੁਰੂ ਹੋ ਗਿਆ ਸੀ ਪਰ ਉਸਦੇ ਸਾਹਮਣੇ ਗੰਭੀਰ ਵਰਗੀ ਚੁਣੌਤੀ ਨਹੀਂ ਸੀ। ਦ੍ਰਾਵਿੜ ਨੇ ਇਸ਼ਾਂਤ ਸ਼ਰਮਾ ਤੇ ਰਿਧੀਮਾਨ ਸਾਹਾ ਨੂੰ ਦੱਸ ਦਿੱਤਾ ਸੀ ਕਿ ਹੁਣ ਟੀਮ ਵਿਚ ਉਨ੍ਹਾਂ ਲਈ ਜਗ੍ਹਾ ਨਹੀਂ ਹੈ। ਇਸ਼ਾਂਤ ਤੇ ਸਾਹਾ ਤਜਰਬੇਕਾਰ ਖਿਡਾਰੀ ਸਨ ਪਰ ਉਹ ਕੋਹਲੀ, ਰੋਹਿਤ, ਜਡੇਜਾ ਤੇ ਸ਼ੰਮੀ ਵਰਗੇ ਸਟਾਰ ਨਹੀਂ ਸਨ।

ਹੁਣ ਨਿਸ਼ਚਿਤ ਤੌਰ ’ਤੇ ਸੀਨੀਅਰ ਖਿਡਾਰੀਆਂ ’ਤੇ ਨਜ਼ਰ ਹੈ, ਵਿਸ਼ੇਸ਼ ਤੌਰ ’ਤੇ ਰੋਹਿਤ ਤੇ ਵਿਰਾਟ ’ਤੇ ਜਿਹੜੇ ਮੌਜੂਦਾ ਸਮੇਂ ਵਿਚ ਦੌੜਾਂ ਬਣਾਉਣ ਲਈ ਜੂਝ ਰਹੇ ਹਨ। ਗੰਭੀਰ ’ਤੇ ਵੀ ਨਜ਼ਰ ਰਹੇਗੀ ਕਿਉਂਕਿ ਉਸਦੇ ਮੁੱਖ ਕੋਚ ਬਣਨ ਤੋਂ ਬਾਅਦ ਭਾਰਤ ਨੇ ਜਿਹੜੇ 8 ਟੈਸਟ ਮੈਚ ਖੇਡੇ ਹਨ, ਉਨ੍ਹਾਂ ਵਿਚੋਂ 4 ਵਿਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਜਦਕਿ ਉਸ ਨੇ 3 ਮੈਚ ਹੀ ਜਿੱਤੇ ਹਨ ਤੇ 1 ਡਰਾਅ ਰਿਹਾ ਹੈ। ਇਹ ਸਾਬਕਾ ਸਲਾਮੀ ਬੱਲੇਬਾਜ਼ ਇਸ ਤਰ੍ਹਾਂ ਦੀ ਸ਼ੁਰੂਆਤ ਦੀ ਉਮੀਦ ਨਹੀਂ ਕਰ ਰਿਹਾ ਸੀ। ਬਦਲਾਅ ਦੇ ਇਸ ਦੌਰ ਵਿਚ ਭਾਰਤੀ ਟੀਮ ਤੇ ਉਸਦੇ ਮੁੱਖ ਕੋਚ ਦੇ ਸਾਹਮਣੇ ਕਈ ਸਵਾਲ ਖੜ੍ਹੇ ਹੋ ਗਏ ਹਨ।

ਜੇਕਰ ਭਾਰਤ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਲਈ ਕੁਆਲੀਫਾਈ ਨਹੀਂ ਕਰਦਾ ਹੈ ਤਾਂ ਕੀ ਗੰਭੀਰ ਦੀ ਮੁੱਖ ਕੋਚ ਦੇ ਰੂਪ ਵਿਚ ਸਥਿਤੀ ਅਸਥਿਰ ਹੋ ਜਾਵੇਗੀ। ਇਸਦਾ ਜਵਾਬ ਅਜੇ ਨਾ ਹੋਵੇਗਾ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਭਾਰਤੀ ਕ੍ਰਿਕਟ ਬੋਰਡ ਗੰਭੀਰ ਨੂੰ ਆਪਣੀ ਟੀਮ ਤਿਆਰ ਕਰਨ ਲਈ ਪੂਰੀ ਛੋਟ ਦੇਵੇਗਾ, ਜਿਸ ਵਿਚ ਜਸਪ੍ਰੀਤ ਬੁਮਰਾਹ ਟੈਸਟ ਟੀਮ ਦਾ ਸੰਭਾਵਿਤ ਕਪਤਾਨ ਹੋਵੇਗਾ। ਅਜੇ ਤੁਰੰਤ ਨਹੀਂ ਅਜਿਹਾ ਹੋਵੇਗਾ ਪਰ ਇਸ ਵਿਚ ਜ਼ਿਆਦਾ ਸਮਾਂ ਵੀ ਨਹੀਂ ਲੱਗੇਗਾ।
 


author

Tarsem Singh

Content Editor

Related News