ਧੋਨੀ ਨਾਲ ਮਤਭੇਦਾਂ ''ਤੇ ਖੁੱਲ੍ਹ ਕੇ ਬੋਲੇ ਗੌਤਮ ਗੰਭੀਰ, ਜਾਣੋ ਕੀ ਕਿਹਾ

03/20/2022 10:59:22 AM

ਨਵੀਂ ਦਿੱਲੀ- ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਨੇ ਸਾਥੀ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਨਾਲ ਆਪਣੇ ਕਥਿਤ ਖ਼ਰਾਬ ਸਬੰਧਾਂ ਦੀ ਅਫ਼ਵਾਹ ਨੂੰ ਲੈ ਕੇ ਪਹਿਲੀ ਵਾਰ ਆਪਣੀ ਚੁੱਪੀ ਤੋੜੀ ਹੈ। ਆਪਣੀ ਸਪੱਸ਼ਟ ਸ਼ਖ਼ਸੀਅਤ ਲਈ ਜਾਣੇ ਜਾਂਦੇ ਗੰਭੀਰ ਬੇਬਾਕ ਬਿਆਨ ਦੇਣ ਤੋਂ ਪਿੱਛੇ ਨਹੀਂ ਹਟਦੇ। ਸਾਬਕਾ ਖੱਬੇ ਹੱਥ ਦੇ ਬੱਲੇਬਾਜ਼ ਨੇ ਕਈ ਮੌਕਿਆਂ 'ਤੇ ਧੋਨੀ ਦੀ ਰਣਨੀਤੀ ਅਤੇ ਫ਼ੈਸਲੇ ਲੈਣ ਦੀ ਆਲੋਚਨਾ ਵੀ ਕੀਤੀ ਹੈ। ਇਸ ਨੂੰ ਲੈ ਕੇ ਦੋਵਾਂ ਵਿਚਾਲੇ ਖਟਾਸ ਦੀਆਂ ਅਟਕਲਾਂ ਵੀ ਲੱਗ ਰਹੀਆਂ ਸਨ। ਹਾਲਾਂਕਿ ਗੰਭੀਰ ਨੇ ਹੁਣ ਅਜਿਹੀਆਂ ਸਾਰੀਆਂ ਅਫ਼ਵਾਹਾਂ ਦਾ ਖੰਡਨ ਕਰਦੇ ਹੋਏ ਕਿਹਾ ਹੈ ਕਿ ਉਹ ਸਾਬਕਾ ਭਾਰਤੀ ਕਪਤਾਨ ਧੋਨੀ ਦਾ ਬਹੁਤ ਸਤਿਕਾਰ ਕਰਦੇ ਹਨ।

ਇਹ ਵੀ ਪੜ੍ਹੋ : ਐੱਫ. ਆਈ. ਐੱਚ. ਪ੍ਰੋ ਲੀਗ ਹਾਕੀ : ਸ਼ੂਟਆਊਟ 'ਚ ਅਰਜਨਟੀਨਾ ਤੋਂ ਹਾਰਿਆ ਭਾਰਤ

ਜ਼ਿਕਰਯੋਗ ਹੈ ਕਿ ਧੋਨੀ ਤੇ ਗੰਭੀਰ ਨੇ ਆਪਣੇ ਅੰਤਰਰਾਸ਼ਟਰੀ ਕ੍ਰਿਕਟ ਕਰੀਅਰ ਦੀ ਸ਼ੁਰੂਆਤ ਲਗਭਗ ਇੱਕੋ ਸਮੇਂ ਕੀਤੀ ਸੀ ਤੇ ਭਾਰਤ ਲਈ ਇਕੱਠੇ ਕਈ ਮੈਚ ਖੇਡੇ ਸਨ। ਦੋਵਾਂ ਨੇ ਕਈ ਮੌਕਿਆਂ 'ਤੇ ਜੇਤੂ ਮੈਚਾਂ ਦੀ ਸਾਂਝੇਦਾਰੀ ਵੀ ਕੀਤੀ। ਹਾਲਾਂਕਿ ਗੌਤਮ ਗੰਭੀਰ ਦੇ ਮੈਦਾਨ ਤੋਂ ਬਾਹਰ ਦੇ ਬਿਆਨਾਂ ਕਾਰਨ ਦੋਵਾਂ ਵਿਚਾਲੇ ਦਰਾਰ ਦੀਆਂ ਕਈ ਅਫ਼ਵਾਹਾਂ ਸਨ। 2012 'ਚ ਆਸਟ੍ਰੇਲੀਆ 'ਚ ਤਿਕੋਣੀ ਸੀਰੀਜ਼ ਦੌਰਾਨ ਗੌਤਮ ਗੰਭੀਰ ਨੇ ਧੋਨੀ ਦੀ ਖੇਡ ਨੂੰ ਆਖਰੀ ਓਵਰ ਤੱਕ ਲੈ ਜਾਣ ਦੀ ਆਦਤ 'ਤੇ ਚੁਟਕੀ ਲਈ।

ਗੰਭੀਰ ਨੇ ਕਈ ਮੌਕਿਆਂ 'ਤੇ ਧੋਨੀ ਦੀ ਕਪਤਾਨੀ ਦੀ ਆਲੋਚਨਾ ਵੀ ਕੀਤੀ ਹੈ ਪਰ ਉਨ੍ਹਾਂ ਨੇ ਇਹ ਜ਼ਰੂਰ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਕੋਲ ਧੋਨੀ ਦੇ ਖ਼ਿਲਾਫ਼ ਕੁਝ ਨਹੀਂ ਹੈ। ਗੰਭੀਰ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਜੇਕਰ ਲੋੜ ਪਈ ਤਾਂ ਉਹ ਸਭ ਤੋਂ ਪਹਿਲਾਂ ਧੋਨੀ ਦੇ ਨਾਲ ਖੜ੍ਹੇ ਹੋਣਗੇ। ਗੰਭੀਰ ਨੇ ਐਂਕਰ ਜਤਿਨ ਸਪਰੂ ਦੇ ਨਾਲ ਯੂਟਿਊਬ ਸ਼ੋਅ ਓਵਰ ਐਂਡ ਆਉਟ 'ਤੇ ਕਿਹਾ ਕਿ ਦੇਖੋ, ਮੇਰੇ ਕੋਲ ਉਨ੍ਹਾਂ ਲਈ ਬਹੁਤ ਸਨਮਾਨ ਹੈ ਤੇ ਇਹ ਹਮੇਸ਼ਾ ਰਹੇਗਾ। ਮੈਂ ਇਸ ਨੂੰ ਤੁਹਾਡੇ ਚੈਨਲ 'ਤੇ ਕਹਾਂਗਾ। ਮੈਂ 138 ਕਰੋੜ ਲੋਕਾਂ ਦੇ ਸਾਹਮਣੇ ਇਹ ਕਿਤੇ ਵੀ ਕਹਿ ਸਕਦਾ ਹਾਂ, ਕਿ ਜੇ ਕਦੇ ਜ਼ਰੂਰਤ ਪਈ, ਹਾਲਾਂਕਿ ਮੈਨੂੰ ਉਮੀਦ ਹੈ ਕਿ ਉਸ ਨੂੰ ਕਦੇ ਜ਼ਰੂਰਤ ਨਹੀਂ ਪਵੇਗੀ ਪਰ ਜ਼ਿੰਦਗੀ ਵਿੱਚ ਕਦੇ ਨਾ ਕਦੇ ਅਜਿਹਾ ਹੋਵੇਗਾ। ਪਰ ਉਸ ਨੇ ਭਾਰਤੀ ਕ੍ਰਿਕਟ ਲਈ ਜੋ ਕੁਝ ਕੀਤਾ ਹੈ, ਉਸ ਨੇ ਇਕ ਇਨਸਾਨ ਵਜੋਂ ਜੋ ਕੀਤਾ ਹੈ, ਉਸ ਕਾਰਨ ਮੈਂ ਉਸ ਨਾਲ ਖੜ੍ਹਾ ਹੋਣ ਵਾਲਾ ਪਹਿਲਾ ਵਿਅਕਤੀ ਹੋਵਾਂਗਾ।

ਇਹ ਵੀ ਪੜ੍ਹੋ : ਏਸ਼ੀਆ ਕੱਪ 2022 ਦੀਆਂ ਤਾਰੀਖਾਂ ਦਾ ਐਲਾਨ, ਭਾਰਤ ਹੈ ਡਿਫੈਂਡਿੰਗ ਚੈਂਪੀਅਨ

ਗੰਭੀਰ ਨੇ ਕਿਹਾ, ''ਦੇਖੋ, ਸਾਡੇ ਵਿਚਾਰਾਂ 'ਚ ਮਤਭੇਦ ਹੋ ਸਕਦੇ ਹਨ, ਤੁਸੀਂ ਖੇਡ ਨੂੰ ਵੱਖਰੇ ਤਰੀਕੇ ਨਾਲ ਦੇਖ ਸਕਦੇ ਹੋ, ਮੈਂ ਖੇਡ ਨੂੰ ਵੱਖਰੇ ਤਰੀਕੇ ਨਾਲ ਦੇਖ ਸਕਦਾ ਹਾਂ। ਮੇਰੇ ਆਪਣੇ ਵਿਚਾਰ ਹਨ, ਉਨ੍ਹਾਂ ਦੇ ਆਪਣੇ ਵਿਚਾਰ ਹਨ। ਮੈਂ ਅਸਲ ਵਿੱਚ ਸਭ ਤੋਂ ਲੰਬੇ ਸਮੇਂ ਤਕ ਭਾਰਤੀ ਟੀਮ ਦਾ ਉਪ-ਕਪਤਾਨ ਰਿਹਾ ਹਾਂ ਜਦੋਂ ਉਹ ਕਪਤਾਨ ਸੀ। ਜਦੋਂ ਅਸੀਂ ਆਈ. ਪੀ. ਐਲ. ਵਿੱਚ ਵੀ ਆਪਣੀਆਂ-ਆਪਣੀਆਂ ਟੀਮਾਂ ਲਈ ਖੇਡੇ ਤਾਂ ਅਸੀਂ ਮੈਦਾਨ ਵਿੱਚ ਵਿਰੋਧੀ ਰਹੇ ਹਾਂ। ਪਰ ਮੈਂ ਉਸ ਲਈ ਬਹੁਤ ਸਤਿਕਾਰ ਕਰਦਾ ਹਾਂ ਕਿਉਂਕਿ ਉਹ ਇੱਕ ਸ਼ਾਨਦਾਰ ਇਨਸਾਨ ਹੋਣ ਦੇ ਨਾਲ-ਨਾਲ ਇੱਕ ਮਹਾਨ ਕ੍ਰਿਕਟਰ ਵੀ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News