ਗਾਂਗੁਲੀ ਤੇ ਸ਼ਾਹ ਦੇ ਭਵਿੱਖ ''ਤੇ ਫੈਸਲਾ ਦੋ ਹਫਤੇ ਬਾਅਦ
Wednesday, Jul 22, 2020 - 11:13 PM (IST)
ਨਵੀਂ ਦਿੱਲੀ – ਭਾਰਤੀ ਕ੍ਰਿਕਟ ਕੰਟੋਰਲ ਬੋਰਡ (ਬੀ. ਸੀ. ਸੀ.ਆਈ.) ਦੇ ਸੰਵਿਧਾਨ ਵਿਚ ਸੋਧ ਮਾਮਲੇ 'ਤੇ ਸੁਪਰੀਮ ਕੋਰਟ ਦੋ ਹਫਤੇ ਬਾਅਦ ਸੁਣਵਾਈ ਕਰੇਗਾ, ਜਿਸ ਵਿਚ ਬੀ. ਸੀ. ਸੀ.ਆਈ. ਦੇ ਦੋ ਵੱਡੇ ਅਹੁਦੇਦਾਰਾਂ ਮੁਖੀ ਸੌਰਭ ਗਾਂਗੁਲੀ ਤੇ ਸਕੱਤਰ ਜੈ ਸ਼ਾਹ ਦਾ ਭਵਿੱਖ ਤੈਅ ਹੋਵੇਗਾ।
ਇਸ ਮਾਮਲੇ 'ਤੇ ਸੁਣਵਾਈ ਕਰਦੇ ਹੋਏ ਮੁੱਖ ਜੱਜ ਸੀ. ਏ. ਬੋਬੜੇ ਤੇ ਐੱਲ. ਨਾਗੇਸ਼ਵਰ ਰਾਵ ਦੀ ਬੈਂਚ ਬੀ. ਸੀ. ਸੀ. ਆਈ. ਦੇ ਆਪਣੇ ਸੰਵਿਧਾਨ ਵਿਚ ਸੋਧ ਲਈ ਦਲੀਲ ਸੁਣਨ 'ਤੇ ਸਹਿਮਤ ਹੋ ਗਈ ਹੈ। ਬੀ. ਸੀ. ਸੀ.ਆਈ. ਨੇ ਗਾਂਗੁਲੀ ਤੇ ਸ਼ਾਹ ਦੇ ਕਾਰਜਕਾਲ ਨੂੰ ਵਧਾਉਣ ਲਈ ਇਹ ਪਟੀਸ਼ਨ ਦਾਇਰ ਕੀਤੀ ਹੈ। ਬੈਂਚ ਨੇ ਬੋਰਡ ਵਲੋਂ ਦਾਇਰ ਪਟੀਸ਼ਨ 'ਤੇ ਸੁਣਵਾਈ ਲਈ ਦੋ ਹਫਤੇ ਦਾ ਸਮਾਂ ਦਿੱਤਾ ਹੈ, ਜਿਸ ਨਾਲ ਦੋਵਾਂ ਅਹੁਦੇਦਾਰਾਂ ਨੂੰ ਹੋਰ ਦੋ ਹਫਤੇ ਲਈ ਲਾਈਫ ਲਾਈਨ ਮਿਲ ਗਈ ਹੈ।
ਗਾਂਗੁਲੀ ਦਾ ਬੀ. ਸੀ. ਸੀ.ਆਈ. ਪ੍ਰਧਾਨ ਦੇ ਰੂਪ ਵਿਚ ਕਾਰਜਕਾਲ ਇਸ ਮਹੀਨੇ ਦੇ ਅੰਤ ਵਿਚ ਖਤਮ ਹੋ ਰਿਹਾ ਹੈ ਤੇ ਨਿਯਮ ਅਨੁਸਾਰ ਉਹ ਅੱਗੇ ਇਸ ਅਹੁਦੇ 'ਤੇ ਬਣਿਆ ਨਹੀਂ ਰਹਿ ਸਕਦਾ। ਸ਼ਾਹ ਦਾ ਸਕੱਤਰ ਅਹੁਦਾ ਕਾਰਜਕਾਲ ਖਤਮ ਹੋ ਚੁੱਕਾ ਹੈ ਪਰ ਉਹ ਅਹੁਦੇ 'ਤੇ ਬਣਿਆ ਹੋਇਆ ਹੈ। ਬੀ. ਸੀ. ਸੀ. ਆਈ. ਨੇ 2025 ਤਕ ਕ੍ਰਮਵਾਰ ਮੁਖੀ ਤੇ ਸਕੱਤਰ ਦੇ ਰੂਪ ਵਿਚ ਗਾਂਗੁਲੀ ਤੇ ਸ਼ਾਹ ਦੇ ਕਾਰਜਕਾਲ ਨੂੰ ਵਧਾਉਣ ਦੀ ਮੰਗ ਕੀਤੀ ਹੈ।