ਗਾਂਗੁਲੀ ਦੀ ਇੱਛਾ-ਆਨੰਦ ਤੇ ਕਾਰਲਸਨ ਈਡਨ ''ਤੇ ਖੇਡ ਸ਼ੁਰੂ ਹੋਣ ਦੀ ਘੰਟੀ ਵਜਾਉਣ
Friday, Nov 08, 2019 - 12:51 AM (IST)

ਕੋਲਕਾਤਾ- ਮੌਜੂਦਾ ਵਿਸ਼ਵ ਸ਼ਤਰੰਜ ਚੈਂਪੀਅਨ ਮੈਗਨਸ ਕਾਰਲਸਨ ਤੇ ਸਾਬਕਾ ਵਿਸ਼ਵ ਸ਼ਤਰੰਜ ਚੈਂਪੀਅਨ ਵਿਸ਼ਵਨਾਥਨ ਆਨੰਦ ਦੇ 22 ਤੋਂ 26 ਨਵੰਬਰ ਤਕ ਇੱਥੇ ਭਾਰਤ ਤੇ ਬੰਗਲਾਦੇਸ਼ ਵਿਚਾਲੇ ਹੋਣ ਵਾਲੇ ਇਤਿਹਾਸਕ ਡੇਅ-ਨਾਈਟ ਟੈਸਟ ਦੇ ਇਕ ਦਿਨ ਈਡਨ ਗਾਰਡਨ 'ਤੇ ਖੇਡ ਸ਼ੁਰੂ ਹੋਣ ਦਾ ਸੰਕੇਤ ਦੇਣ ਵਾਲੀ ਘੰਟੀ ਵਜਾਉਣ ਦੀ ਸੰਭਾਵਨਾ ਹੈ। ਭਾਰਤ ਵਿਚ ਪਹਿਲੀ ਵਾਰ ਡੇਅ-ਨਾਈਟ ਦਾ ਆਯੋਜਨ ਕਰ ਰਹੇ ਸੌਰਭ ਗਾਂਗੁਲੀ ਦੀ ਅਗਵਾਈ ਵਾਲੇ ਬੀ. ਸੀ. ਸੀ. ਆਈ. ਨੂੰ ਨਾਰਵੇ ਦੇ ਵਿਸ਼ਵ ਚੈਂਪੀਅਨ ਦੀ ਪੁਸ਼ਟੀ ਦਾ ਇੰਤਜ਼ਾਰ ਹੈ, ਜਿਹੜਾ ਟਾਟਾ ਸਟੀਲ ਸ਼ਤਰੰਜ ਇੰਡੀਆ-ਰੈਪਿਡ ਐਂਡ ਬਲਿਟਜ਼ 2019 ਵਿਚ ਖੇਡਣ ਲਈ ਇੱਥੇ ਆਇਆ ਹੈ। ਇਹ ਟੂਰਨਾਮੈਂਟ ਗ੍ਰੈਂਡ ਸ਼ਤਰੰਜ ਟੂਰ ਦਾ ਹਿੱਸਾ ਹੈ। ਟੂਰ ਦੇ ਅਧਿਕਾਰਤ ਸਪਾਂਸਰ ਤੇ ਬ੍ਰਾਂਡ ਸਾਂਝੀਦਾਰ ਗੇਮਪਲਾਨ ਸਪੋਰਟਸ ਦੇ ਡਾਇਰੈਕਟਰ ਜੀਤ ਬੈਨਰਜੀ ਨੇ ਇੱਥੇ ਕਿਹਾ, ''ਬੀ. ਸੀ. ਸੀ. ਆਈ. ਨੇ ਈਡਨ ਵਿਚ ਘੰਟੀ ਬਚਾਉਣ ਲਈ ਕਾਰਲਸਨ ਨੂੰ ਸੱਦਾ ਦਿੱਤਾ ਹੈ ਤੇ ਜੇਕਰ ਸਮਾਂ ਮਿਲਿਆ ਤਾਂ ਉਸ ਤੇ ਆਨੰਦ ਨੂੰ 5 ਦਿਨ 'ਚੋਂ ਇਕ ਦਿਨ ਸਟੇਡੀਅਮ ਵਿਚ ਦੇਖਿਆ ਜਾ ਸਕਦਾ ਹੈ।''