300 ਵਨ ਡੇ ਖੇਡਣ ਵਾਲਾ ਵਿੰਡੀਜ਼ ਦਾ ਪਹਿਲਾ ਖਿਡਾਰੀ ਬਣਿਆ ਗੇਲ
Sunday, Aug 11, 2019 - 08:19 PM (IST)

ਪੋਰਟ ਆਫ ਸਪੇਨ- ਵੈਸਟਇੰਡੀਜ਼ ਦਾ ਧਾਕੜ ਬੱਲੇਬਾਜ਼ ਕ੍ਰਿਸ ਗੇਲ ਭਾਰਤ ਵਿਰੁੱਧ ਐਤਵਾਰ ਨੂੰ ਦੂਜੇ ਵਨ ਡੇ ਵਿਚ ਉਤਰਨ ਦੇ ਨਾਲ ਹੀ 300 ਵਨ ਡੇ ਮੈਚ ਖੇਡਣ ਵਾਲਾ ਵੈਸਟਇੰਡੀਜ਼ ਦਾ ਪਹਿਲਾ ਖਿਡਾਰੀ ਬਣ ਗਿਆ। ਗੇਲ ਨੇ ਵਿੰਡੀਜ਼ ਦੇ ਧਾਕੜ ਬੱਲੇਬਾਜ਼ ਬ੍ਰਾਇਨ ਲਾਰਾ ਦੇ 299 ਵਨ ਡੇ ਮੈਚਾਂ ਦਾ ਰਿਕਾਰਡ ਤੋੜਿਆ। ਗੇਲ ਵਨ ਡੇ ਇਤਿਹਾਸ ਵਿਚ 300 ਮੈਚ ਖੇਡਣ ਵਾਲਾ ਦੁਨੀਆ ਦਾ 21ਵਾਂ ਖਿਡਾਰੀ ਬਣ ਗਿਆ ਹੈ।
ਗੇਲ ਨੇ ਇਸ ਸਾਲ ਫਰਵਰੀ ਵਿਚ ਕਿਹਾ ਸੀ ਕਿ ਉਹ ਵਿਸ਼ਵ ਕੱਪ ਤੋਂ ਬਾਅਦ ਸੰਨਿਆਸ ਲੈ ਲਵੇਗਾ ਪਰ ਉਸ ਨੇ ਟੂਰਨਾਮੈਂਟ ਦੌਰਾਨ ਆਪਣਾ ਫੈਸਲਾ ਬਦਲਦੇ ਹੋਏ ਕਿਹਾ ਸੀ ਕਿ ਉਹ ਭਾਰਤ ਵਿਰੁੱਧ ਘਰੇਲੂ ਸੀਰੀਜ਼ ਖੇਡੇਗਾ। ਗੇਲ ਭਾਰਤ ਵਿਰੁੱਧ ਟੀ-20 ਸੀਰੀਜ਼ ਵਿਚ ਵਿੰਡੀਜ਼ ਟੀਮ ਦਾ ਹਿੱਸਾ ਨਹੀਂ ਸੀ ਪਰ ਉਹ ਵਨ ਡੇ ਸੀਰੀਜ਼ ਖੇਡ ਰਿਹਾ ਹੈ, ਜਿਹੜੀ ਸੰਭਾਵਿਤ ਉਸਦੀ ਆਖਰੀ ਸੀਰੀਜ਼ ਹੋ ਸਕਦੀ ਹੈ ਕਿਉਂਕਿ ਉਸ ਨੂੰ ਭਾਰਤ ਵਿਰੁੱਧ 22 ਅਗਸਤ ਤੋਂ ਹੋਣ ਵਾਲੀ ਦੋ ਟੈਸਟ ਮੈਚਾਂ ਦੀ ਸੀਰੀਜ਼ ਵਿਚ ਨਹੀਂ ਰੱਖਿਆ ਗਿਆ ਹੈ।