PCB ਦੇ ਸੰਭਾਵਿਤ ਮੁਖੀ ਅਸ਼ਰਫ਼ ਦਾ ਯੂਟਰਨ; ਕਿਹਾ, ਹਾਈਬ੍ਰਿਡ ਮਾਡਲ ''ਤੇ ACC ਦੇ ਫੈਸਲੇ ਨਾਲ ਜਾਵਾਂਗਾ

Friday, Jun 23, 2023 - 01:05 PM (IST)

PCB ਦੇ ਸੰਭਾਵਿਤ ਮੁਖੀ ਅਸ਼ਰਫ਼ ਦਾ ਯੂਟਰਨ; ਕਿਹਾ, ਹਾਈਬ੍ਰਿਡ ਮਾਡਲ ''ਤੇ ACC ਦੇ ਫੈਸਲੇ ਨਾਲ ਜਾਵਾਂਗਾ

ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਦੇ ਸੰਭਾਵਿਤ ਮੁਖੀ ਜ਼ਕਾ ਅਸ਼ਰਫ ਨੇ ਏਸ਼ੀਅਨ ਕ੍ਰਿਕਟ ਕੌਂਸਲ (ਏ.ਸੀ.ਸੀ.) ਦੀ ਰਸਮੀ ਮਨਜ਼ੂਰੀ ਦੇ ਬਾਵਜੂਦ ਏਸ਼ੀਆ ਕੱਪ ਦੇ ‘ਹਾਈਬ੍ਰਿਡ ਮਾਡਲ’ ਨੂੰ ‘ਠੁਕਰਾ’ ਦੇਣ ਦੇ 24 ਘੰਟਿਆਂ ਦੇ ਅੰਦਰ ਹੀ ‘ਯੂ-ਟਰਨ’ ਲੈਂਦੇ ਹੋਏ 4 ਮੈਚਾਂ ਦੀ ਮੇਜ਼ਬਾਨੀ ਸਵੀਕਾਰ ਕਰ ਲਈ ਹੈ। ਪਾਕਿਸਤਾਨ ਅਤੇ ਸ਼੍ਰੀਲੰਕਾ ਹਾਈਬ੍ਰਿਡ ਮਾਡਲ ਦੇ ਤਹਿਤ ਏਸ਼ੀਆ ਕੱਪ ਦੀ ਸਹਿ ਮੇਜ਼ਬਾਨੀ ਕਰਨਗੇ। ਭਾਰਤ ਆਪਣੇ ਸਾਰੇ ਮੈਚ ਸ਼੍ਰੀਲੰਕਾ ਵਿੱਚ ਖੇਡੇਗਾ, ਜਿਸ ਵਿੱਚ ਕੱਟੜ ਵਿਰੋਧੀ ਪਾਕਿਸਤਾਨ ਦੇ ਖਿਲਾਫ 2 ਮੈਚ ਵੀ ਸ਼ਾਮਲ ਹਨ। ਇਹ ਮਾਡਲ ਮੌਜੂਦਾ ਮੁਖੀ ਨਜਮ ਸੇਠੀ ਨੇ ਪੇਸ਼ ਕੀਤਾ ਸੀ। 27 ਜੂਨ ਨੂੰ ਪੀਸੀਬੀ ਦਾ ਅਹੁਦਾ ਸੰਭਾਲਣ ਜਾ ਰਹੇ ਅਸ਼ਰਫ ਨੇ ਹਾਲਾਂਕਿ ਇੱਕ ਪ੍ਰੈਸ ਕਾਨਫਰੰਸ ਵਿੱਚ ਇਸ ਮਾਡਲ ਨੂੰ ਰੱਦ ਕਰ ਦਿੱਤਾ ਸੀ।

ਪਤਾ ਲੱਗਾ ਹੈ ਕਿ ਅਸ਼ਰਫ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਕਿ ਪੀ.ਸੀ.ਬੀ. ਦੇ ਮੌਜੂਦਾ ਮੁਖੀ ਸੇਠੀ ਪਹਿਲਾਂ ਹੀ 'ਹਾਈਬ੍ਰਿਡ ਮਾਡਲ' 'ਤੇ ਹਸਤਾਖਰ ਕਰ ਚੁੱਕੇ ਹਨ ਅਤੇ ਇਸ ਨੂੰ ਭਾਰਤੀ ਕ੍ਰਿਕਟ ਬੋਰਡ (ਬੀਸੀਸੀਆਈ) ਦੇ ਸਕੱਤਰ ਜੈ ਸ਼ਾਹ ਦੀ ਅਗਵਾਈ ਵਾਲੇ ਏ.ਸੀ.ਸੀ. ਕਾਰਜਕਾਰੀ ਬੋਰਡ ਤੋਂ ਮਨਜ਼ੂਰੀ ਮਿਲ ਚੁੱਕੀ ਹੈ ਅਤੇ ਇਸ ਫੈਸਲੇ ਨੂੰ ਬਦਲਿਆ ਨਹੀਂ ਜਾ ਸਕਦਾ। ਜੇਕਰ ਅਸ਼ਰਫ ਨੇ ਪੂਰੀ ਜਾਣਕਾਰੀ ਤੋਂ ਬਿਨਾਂ ਰੁਕਾਵਟ ਪਾਉਣ ਦੀ ਕੋਸ਼ਿਸ਼ ਕੀਤੀ ਹੁੰਦੀ ਤਾਂ ਪੀਸੀਬੀ ਨੂੰ ਸਜ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਸੀ। ਅਸ਼ਰਫ ਦੇ ਹਵਾਲੇ ਨਾਲ ਕਿਹਾ ਗਿਆ ਹੈ, "ਮੇਰੀ ਨਿੱਜੀ ਰਾਏ ਵਿੱਚ, ਇਹ ਪੂਰਾ ਹਾਈਬ੍ਰਿਡ ਮਾਡਲ ਪਾਕਿਸਤਾਨ ਲਈ ਲਾਭਦਾਇਕ ਨਹੀਂ ਹੈ ਅਤੇ ਮੈਨੂੰ ਇਹ ਪਸੰਦ ਨਹੀਂ ਆਇਆ।' 

ਉਨ੍ਹਾਂ ਕਿਹਾ, “ਇਕ ਮੇਜ਼ਬਾਨ ਵਜੋਂ, ਪਾਕਿਸਤਾਨ ਨੂੰ ਇਹ ਯਕੀਨੀ ਬਣਾਉਣ ਲਈ ਬਿਹਤਰ ਗੱਲਬਾਤ ਕਰਨੀ ਚਾਹੀਦੀ ਸੀ ਕਿ ਪੂਰਾ ਟੂਰਨਾਮੈਂਟ ਪਾਕਿਸਤਾਨ ਵਿੱਚ ਖੇਡਿਆ ਜਾਵੇ। ਸ਼੍ਰੀਲੰਕਾ ਨੇ ਵੱਡੇ ਮੈਚ ਲੈ ਲਏ, ਪਾਕਿਸਤਾਨ ਲਈ ਸਿਰਫ ਚਾਰ ਮੈਚ ਛੱਡ ਦਿੱਤੇ, ਇਹ ਸਾਡੇ ਦੇਸ਼ ਦੇ ਹਿੱਤ ਵਿੱਚ ਨਹੀਂ ਹੈ।” ਅਸ਼ਰਫ ਨੇ ਫਿਰ ਮੰਨਿਆ ਕਿ ਉਨ੍ਹਾਂ ਨੂੰ ਪੂਰੀ ਤਰ੍ਹਾਂ ਇਸ ਬਾਰੇ ਜਾਣਕਾਰੀ ਨਹੀਂ ਸੀ ਅਤੇ ਉਨ੍ਹਾਂ ਨੇ ਯੂ-ਟਰਨ ਲੈ ਲਿਆ। ਉਨ੍ਹਾਂ ਕਿਹਾ, “ਪਰ ਮੈਂ ਦੇਖ ਰਿਹਾ ਹਾਂ ਕਿ ਫੈਸਲਾ ਲਿਆ ਜਾ ਚੁੱਕਾ ਹੈ ਇਸ ਲਈ ਸਾਨੂੰ ਇਸ ਦੇ ਨਾਲ ਜਾਣਾ ਪਵੇਗਾ। ਮੈਂ ਇਸਨੂੰ ਨਹੀਂ ਰੋਕਾਂਗਾ ਜਾਂ ਫੈਸਲੇ ਦੀ ਪਾਲਣਾ ਨਾ ਕਰਨ ਦਾ ਕੋਈ ਇਰਾਦਾ ਨਹੀਂ ਰੱਖਾਂਗਾ। ਵਚਨਬੱਧਤਾ ਦਾ ਸਨਮਾਨ ਕਰਨ ਤੋਂ ਇਲਾਵਾ ਮੈਂ ਇਸ ਬਾਰੇ ਬਹੁਤ ਕੁਝ ਨਹੀਂ ਕਰ ਸਕਦਾ। ਪਰ ਅਸੀਂ ਭਵਿੱਖ ਵਿੱਚ ਜੋ ਫੈਸਲਾ ਲਵਾਂਗੇ, ਉਹ ਦੇਸ਼ ਲਈ ਅਤੇ ਦੇਸ਼ ਦੇ ਹਿੱਤ ਵਿੱਚ ਹੋਵੇਗਾ।'
 


author

cherry

Content Editor

Related News