ਫ੍ਰੈਂਚ ਓਪਨ : ਸੈਮੀਫਾਈਨਲ ’ਚ ਜੋਕੋਵਿਕ ਤੇ ਨਡਾਲ ਹੋਣਗੇ ਆਹਮੋ-ਸਾਹਮਣੇ
Thursday, Jun 10, 2021 - 01:05 PM (IST)
ਸਪੋਰਟਸ ਡੈਸਕ : ਵਿਸ਼ਵ ਦੇ ਨੰਬਰ ਇਕ ਖਿਡਾਰੀ ਨੋਵਾਕ ਜੋਕੋਵਿਕ ਨੇ ਚਾਰ ਸੈੱਟਾਂ ’ਚ ਜਿੱਤ ਦਰਜ ਕਰ ਕੇ ਫ੍ਰੈਂਚ ਓਪਨ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ ’ਚ ਜਗ੍ਹਾ ਬਣਾਈ, ਜਿਥੇ ਉਸ ਦਾ ਸਾਹਮਣਾ 13 ਵਾਰ ਦੇ ਚੈਂਪੀਅਨ ਰਾਫੇਲ ਨਡਾਲ ਨਾਲ ਹੋਵੇਗਾ। ਕੋਵਿਡ ਕਰਫਿਊ ਕਾਰਨ ਸਟੇਡੀਅਮ ’ਚ ਇਸ ਰੋਮਾਂਚਕ ਮੈਚ ਨੂੰ ਵੇਖਣ ਲਈ ਕੋਈ ਦਰਸ਼ਕ ਨਹੀਂ ਸੀ। ਜੋਕੋਵਿਕ ਨੇ ਕੁਝ ਅਜੀਬ ਪਲਾਂ ’ਚੋਂ ਲੰਘਣ ਤੋਂ ਬਾਅਦ ਨੌਵੀਂ ਸੀਡ ਮੈਟੀਓ ਬੇਰੇਟਿਨੀ ਨੂੰ ਮੈਚ ’ਚ 6-3, 6-2, 6-7 (5) 7-5 ਨਾਲ ਹਰਾਇਆ। ਜੋਕੋਵਿਕ ਨੇ ਕਿਹਾ, “ਇਹ ਬਹੁਤ ਮੁਸ਼ਕਿਲ ਮੈਚ ਸੀ। ਮੈਂ ਪੂਰਾ ਸਮਾਂ ਤਣਾਅ ਮਹਿਸੂਸ ਕਰ ਰਿਹਾ ਸੀ।”
ਹੁਣ ਉਸ ਦਾ ਮੁਕਾਬਲਾ ਪੁਰਾਣੇ ਵਿਰੋਧੀ ਨਡਾਲ ਨਾਲ ਹੋਣਾ ਹੈ, ਜਿਸ ਦਾ ਕਲੇਅ ਕੋਰਟ ਉੱਤੇ ਇਸ ਟੂਰਨਾਮੈਂਟ ’ਚ 105-2 ਦਾ ਰਿਕਾਰਡ ਹੈ। ਨਡਾਲ ਨੇ ਕੁਆਰਟਰ ਫਾਈਨਲ ’ਚ ਦਸਵੀਂ ਸੀਡ ਡਿਆਗੋ ਸ਼ਵਾਰਟਸਮੈਨ ਨੂੰ 6-3, 4-6, 6-4, 6-0 ਨਾਲ ਹਰਾਇਆ। ਜੋਕੋਵਿਕ ਖ਼ਿਲਾਫ਼ ਮੈਚ ਬਾਰੇ ਨਡਾਲ ਨੇ ਕਿਹਾ, “ਅਸੀਂ ਦੋਵੇਂ ਇਕ-ਦੂਜੇ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ। ਹਰ ਕੋਈ ਜਾਣਦਾ ਹੈ ਕਿ ਇਸ ਤਰ੍ਹਾਂ ਦੇ ਮੈਚਾਂ ਵਿੱਚ ਕੁਝ ਵੀ ਹੋ ਸਕਦਾ ਹੈ। ਨਡਾਲ ਫ੍ਰੈਂਚ ਓਪਨ ’ਚ 14ਵੀਂ ਵਾਰ, ਜਦਕਿ ਜੋਕੋਵਿਕ 11ਵੀਂ ਵਾਰ ਸੈਮੀਫਾਈਨਲ ਵਿਚ ਪਹੁੰਚਿਆ ਹੈ। ਗ੍ਰੈਂਡ ਸਲੈਮ ਟੂਰਨਾਮੈਂਟ ’ਚ ਜੋਕੋਵਿਕ 40ਵੀਂ ਅਤੇ ਨਡਾਲ 35ਵੀਂ ਵਾਰ ਥਾਂ ਬਣਾਉਣ ਵਿਚ ਸਫਲ ਰਿਹਾ।
ਨਡਾਲ ਅਤੇ ਰੋਜਰ ਫੈਡਰਰ ਨੇ 20 ਅਤੇ ਜੋਕੋਵਿਚ ਨੇ 18 ਗ੍ਰੈਂਡ ਸਲੈਮ ਖਿਤਾਬ ਜਿੱਤੇ ਹਨ। ਇਹ ਦੋਵੇਂ ਖਿਡਾਰੀ 58ਵੀਂ ਵਾਰ ਇਕ-ਦੂਸਰੇ ਦਾ ਸਾਹਮਣਾ ਕਰਨਗੇ। ਜੋਕੋਵਿਕ ਇਸ ਸਮੇਂ 29-28 ਨਾਲ ਅੱਗੇ ਹੈ ਪਰ ਨਡਾਲ ਗ੍ਰੈਂਡ ਸਲੈਮ ’ਚ 10-6 ਅਤੇ ਫ੍ਰੈਂਚ ਓਪਨ ਵਿਚ 7-1 ਨਾਲ ਅੱਗੇ ਹੈ। ਪੁਰਸ਼ਾਂ ਦਾ ਦੂਜਾ ਸੈਮੀਫਾਈਨਲ ਪੰਜਵਾਂ ਦਰਜਾ ਪ੍ਰਾਪਤ ਸਟੇਫਨੋਸ ਸਿਟਸਿਪਾਸ ਅਤੇ ਛੇਵਾਂ ਦਰਜਾ ਪ੍ਰਾਪਤ ਅਲੈਕਸੇਂਦਰ ਜ਼ਵੇਰੇਵ ਵਿਚਕਾਰ ਹੋਵੇਗਾ। ਮਹਿਲਾ ਵਰਗ ’ਚ ਚਾਰ ਖਿਡਾਰਨਾਂ ਪਹਿਲੀ ਵਾਰ ਗ੍ਰੈਂਡ ਸਲੈਮ ਟੂਰਨਾਮੈਂਟ ਦੇ ਆਖਰੀ ਚਾਰ ’ਚ ਪਹੁੰਚੀਆਂ ਹਨ। ਆਖਰੀ ਵਾਰ 1978 ’ਚ ਆਸਟਰੇਲੀਆਈ ਓਪਨ ਵਿੱਚ ਅਜਿਹਾ ਹੋਇਆ ਸੀ। ਮਹਿਲਾ ਵਰਗ ਦੇ ਸੈਮੀਫਾਈਨਲ ’ਚ ਮਾਰੀਆ ਸਕਾਰੀ ਦਾ ਮੁਕਾਬਲਾ ਬਾਰਬੋਰਾ ਕ੍ਰੇਜਸੀਕੋਵਾ ਨਾਲ ਹੋਵੇਗਾ, ਜਦਕਿ ਅਨਾਸਤੇਸੀਆ ਪਾਵਲੀਚੇਨਕੋਵਾ ਦਾ ਮੁਕਾਬਲਾ ਤਮਾਰਾ ਜਿਦਾਨਸੇਕ ਨਾਲ ਹੋਵੇਗਾ।