ਸਾਬਕਾ ਅੰਪਾਇਰ ਰੂਡੀ ਕੋਰਟਜ਼ੇਨ ਦੀ ਸੜਕ ਹਾਦਸੇ ''ਚ ਹੋਈ ਮੌਤ
Wednesday, Aug 10, 2022 - 05:24 PM (IST)
ਕੇਪਟਾਊਨ- ਦੱਖਣੀ ਅਫਰੀਕਾ ਦੇ ਸਾਬਕਾ ਆਈ. ਸੀ. ਸੀ. ਐਲੀਟ ਪੈਨਲ ਅੰਪਾਇਰ ਰੂਡੀ ਕੋਰਟਜ਼ੇਨ ਦੀ ਕੇਪਟਾਊਨ ਵਿੱਚ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਜਦੋਂ ਇਹ ਸੜਕ ਹਾਦਸਾ ਵਾਪਰਿਆ, ਉਦੋਂ 73 ਸਾਲਾ ਕੋਰਟਜ਼ੇਨ ਇਕ ਕਾਰ 'ਚ ਕੇਪਟਾਊਨ ਤੋਂ ਪੂਰਬੀ ਕੇਪ ਸੂਬੇ ਵਿੱਚ ਆਪਣੇ ਘਰ ਜਾ ਰਹੇ ਸਨ।
ਇਹ ਵੀ ਪੜ੍ਹੋ : ਰਾਸ਼ਟਰਮੰਡਲ ਤਲਵਾਰਬਾਜ਼ੀ ਚੈਂਪੀਅਨਸ਼ਿਪ 'ਚ ਭਵਾਨੀ ਦੇਵੀ ਨੇ ਭਾਰਤ ਨੂੰ ਦਿਵਾਇਆ ਗੋਲਡ ਮੈਡਲ
ਕੋਰਟਜ਼ੇਨ ਨੇ 2010 ਵਿੱਚ ਸੰਨਿਆਸ ਲੈਣ ਤੋਂ ਪਹਿਲਾਂ 331 ਮੈਚਾਂ ਵਿੱਚ ਅੰਪਾਇਰਿੰਗ ਕੀਤੀ, ਜੋ ਉਸ ਸਮੇਂ ਦਾ ਇੱਕ ਰਿਕਾਰਡ ਸੀ। ਉਹ 100 ਤੋਂ ਵੱਧ ਮੈਚਾਂ ਵਿੱਚ ਅੰਪਾਇਰਿੰਗ ਕਰਨ ਵਾਲੇ ਤਿੰਨ ਅੰਪਾਇਰਾਂ ਵਿੱਚੋਂ ਇੱਕ ਹਨ। ਉਨ੍ਹਾਂ ਤੋਂ ਇਲਾਵਾ ਪਾਕਿਸਤਾਨ ਦੇ ਅਲੀਮ ਦਾਰ ਅਤੇ ਵੈਸਟਇੰਡੀਜ਼ ਦੇ ਸਟੀਵ ਬਕਨਰ ਵੀ ਅਜਿਹਾ ਕਰ ਚੁੱਕੇ ਹਨ।
ਦਾਰ ਨੇ ਕੋਰਟਜ਼ੇਨ ਦੀ ਮੌਤ ਬਾਰੇ ਕਿਹਾ, 'ਇਹ ਉਨ੍ਹਾਂ ਦੇ ਪਰਿਵਾਰ, ਦੱਖਣੀ ਅਫਰੀਕਾ ਅਤੇ ਕ੍ਰਿਕਟ ਲਈ ਬਹੁਤ ਵੱਡਾ ਘਾਟਾ ਹੈ। ਮੈਂ ਕਈ ਮੈਚਾਂ ਵਿੱਚ ਉਨ੍ਹਾਂ ਦੇ ਨਾਲ ਖੜ੍ਹਾ ਰਿਹਾ। ਉਹ ਨਾ ਸਿਰਫ ਅੰਪਾਇਰ ਦੇ ਤੌਰ 'ਤੇ ਬਹੁਤ ਵਧੀਆ ਸਨ ਸਗੋਂ ਇਕ ਸ਼ਾਨਦਾਰ ਸਹਿਯੋਗੀ ਵੀ ਸੀ। ਮੈਦਾਨ 'ਤੇ ਹਮੇਸ਼ਾ ਬਹੁਤ ਸਹਿਯੋਗੀ ਅਤੇ ਮੈਦਾਨ ਤੋਂ ਬਾਹਰ ਮਦਦ ਲਈ ਹਮੇਸ਼ਾ ਤਿਆਰ ਰਹਿੰਦੇ ਸਨ । ਆਪਣੇ ਚਰਿੱਤਰ ਕਾਰਨ ਖਿਡਾਰੀਆਂ ਵਿੱਚ ਵੀ ਉਨ੍ਹਾਂ ਦਾ ਸਤਿਕਾਰ ਸੀ।'
ਕੋਰਟਜ਼ੇਨ ਦੇ ਹਮਵਤਨ ਅੰਪਾਇਰ ਮਰੈਸ ਇਰਾਸਮਸ ਨੇ ਕਿਹਾ, 'ਰੂਡੀ ਸਰੀਰਕ ਅਤੇ ਮਾਨਸਿਕ ਤੌਰ 'ਤੇ ਬਹੁਤ ਮਜ਼ਬੂਤਸਨ। ਉਨ੍ਹਾਂ ਨੇ ਦੱਖਣੀ ਅਫ਼ਰੀਕਾ ਦੇ ਅੰਪਾਇਰਾਂ ਲਈ ਵਿਸ਼ਵ ਪੱਧਰ 'ਤੇ ਪਹੁੰਚਣ ਦਾ ਰਾਹ ਪੱਧਰਾ ਕੀਤਾ। ਸਾਨੂੰ ਸਾਰਿਆਂ ਨੂੰ ਵਿਸ਼ਵਾਸ ਦਿਵਾਇਆ ਕਿ ਇਹ ਸੰਭਵ ਹੈ। ਇੱਕ ਨੌਜਵਾਨ ਅੰਪਾਇਰ ਵੱਜੋਂ ਮੈਂ ਉਨ੍ਹਾਂ ਤੋਂ ਬਹੁਤ ਕੁਝ ਸਿੱਖਿਆ ਹੈ।'
ਕੋਰਟਜ਼ੇਨ ਦੀ ਪਹਿਲੀ ਅੰਤਰਰਾਸ਼ਟਰੀ ਸੀਰੀਜ਼ 1992-93 ਵਿੱਚ ਭਾਰਤ ਦਾ ਦੱਖਣੀ ਅਫਰੀਕਾ ਦਾ ਦੌਰਾ ਸੀ, ਜਿਸ ਵਿੱਚ ਉਸਨੇ ਪਹਿਲੀ ਵਾਰ ਦੂਜੇ ਵਨ-ਡੇ ਵਿੱਚ ਅੰਪਾਇਰਿੰਗ ਕੀਤੀ ਸੀ। ਬਾਅਦ ਵਿੱਚ ਉਹ ਦੁਨੀਆ ਦੇ ਸਭ ਤੋਂ ਵਧੀਆ ਅਤੇ ਸਭ ਤੋਂ ਸਤਿਕਾਰਯੋਗ ਅੰਪਾਇਰਾਂ ਵਿੱਚੋਂ ਇੱਕ ਬਣੇ। ਸਤੰਬਰ 1999 ਵਿੱਚ, ਸਿੰਗਾਪੁਰ ਵਿੱਚ ਵੈਸਟਇੰਡੀਜ਼ ਅਤੇ ਭਾਰਤ ਵਿਚਕਾਰ ਇਕ ਮੈਚ 'ਚ ਹੇਰਫੇਰ ਕਰਨ ਤੋਂ ਇਨਕਾਰ ਕਰਨ 'ਤੇ ਉਨ੍ਹਾਂ ਦੀ ਖ਼ੂਬ ਸ਼ਲਾਘਾ ਹੋਈ ।
ਇਹ ਵੀ ਪੜ੍ਹੋ : CWG 2022 : ਵੇਟਲਿਫਟਿੰਗ ਤੇ ਰੈਸਲਿੰਗ 'ਚ ਭਾਰਤ ਦੀ ਝੰਡੀ, ਹੋਰਨਾਂ ਖੇਡਾਂ 'ਚ ਵੀ ਸ਼ਾਨਦਾਰ ਪ੍ਰਦਰਸ਼ਨ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।