ਕੋਚਿੰਗ ’ਚ ਹੱਥ ਅਜਮਾਉਣਾ ਚਾਹੁੰਦੈ ਇੰਗਲੈਂਡ ਦਾ ਸਾਬਕਾ ਤੇਜ਼ ਗੇਂਦਬਾਜ਼ ਬ੍ਰਾਡ
Thursday, Aug 21, 2025 - 01:28 AM (IST)

ਲੰਡਨ (ਭਾਸ਼ਾ)–ਇੰਗਲੈਂਡ ਦਾ ਸਾਬਕਾ ਤੇਜ਼ ਗੇਂਦਬਾਜ਼ ਸਟੂਅਰਟ ਬ੍ਰਾਡ ਕੋਚ ਦੀ ਭੂਮਿਕਾ ਨਿਭਾਉਣ ਦੀ ਯੋਜਨਾ ਬਣਾ ਰਿਹਾ ਹੈ, ਜਿੱਥੇ ਉਹ ਇਕ ਦਿਨ ਜੋਫ੍ਰਾ ਤੇ ਜਿੰਮੀ ਐਂਡਰਸਨ ਵਰਗੇ ਗੇਂਦਬਾਜ਼ ਤਿਆਰ ਕਰ ਸਕੇ। ਟੈਸਟ ਕ੍ਰਿਕਟ ਵਿਚ ਆਪਣੇ ਹਮਵਤਨ ਐਂਡਰਸਨ ਤੋਂ ਬਾਅਦ ਦੂਜੇ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਤੇਜ਼ ਗੇਂਦਬਾਜ਼ ਬ੍ਰਾਡ ਨੇ ਕਿਹਾ ਕਿ ਉਸ ਨੇ ਇੰਗਲੈਂਡ ਕ੍ਰਿਕਟ ਟੀਮ ਦੇ ਪ੍ਰਬੰਧ ਨਿਰਦੇਸ਼ਕ ਰੌਬ ਕੀ ਨਾਲ ਗੱਲ ਕੀਤੀ ਹੈ ਅਤੇ ਅੰਡਰ-17 ਤੇ ਅੰਡਰ-19 ਖਿਡਾਰੀਆਂ ਨੂੰ ਤਿਆਰ ਕਰਨ ਦੀ ਇੱਛਾ ਜਤਾਈ ਹੈ।
ਟੈਸਟ ਕ੍ਰਿਕਟ ਵਿਚ 604 ਵਿਕਟਾਂ ਲੈਣ ਵਾਲੇ ਬ੍ਰਾਡ ਨੇ ਕਿਹਾ ਕਿ ਨਿਸ਼ਚਿਤ ਰੂਪ ਨਾਲ ਮੈਂ ਕੋਚਿੰਗ ਨਾਲ ਜੁੜਨਾ ਚਾਹੁੰਦਾ ਹਾਂ। ਮੈਂ ਰੌਬ ਕੀ ਨਾਲ ਇਸ ਬਾਰੇ ਵਿਚ ਗੱਲ ਕੀਤੀ ਹੈ ਕਿ ਜਦੋਂ ਪ੍ਰੋਗਰਾਮ ਅਨੁਕੂਲ ਹੋਵੇ ਤਾਂ ਮੈਂ ਇੰਗਲੈਂਡ ਦੀ ਟੀਮ ਵਿਚ ਨੌਜਵਾਨ ਗੇਂਦਬਾਜ਼ਾਂ ਦੇ ਨਾਲ ਕੰਮ ਕਰਨਾ ਚਾਹੁੰਦਾ ਹਾਂ।
ਬ੍ਰਾਡ ਨੇ ਕਿਹਾ ਕਿ ਹਾਲਾਂਕਿ ਉਸ ਨੇ ਕੋਚਿੰਗ ਵਿਚ ਕਦਮ ਰੱਖਣ ਲਈ ਕੋਈ ਸਮਾਂ-ਹੱਦ ਤੈਅ ਨਹੀਂ ਕੀਤੀ ਹੈ ਪਰ ਉਸ ਨੂੰ ਉਮੀਦ ਹੈ ਕਿ ਉਹ ਅਗਲੇ ਸਾਲ ਦੀ ਸ਼ੁਰੂਆਤ ਵਿਚ ਕੋਚਿੰਗ ਨਾਲ ਜੁੜ ਸਕਦਾ ਹੈ।ਉਸ ਨੇ ਕਿਹਾ ਕਿ ਮੈਂ ਕੋਚਿੰਗ ਲਈ ਕੋਈ ਟੀਚਾ ਜਾਂ ਮਿਤੀ ਜਾਂ ਭਵਿੱਖ ਦੇ ਬਾਰੇ ਵਿਚ ਕੁਝ ਤੈਅ ਨਹੀਂ ਕੀਤਾ ਹੈ ਪਰ ਪੂਰੀ ਸੰਭਾਵਨਾ ਹੈ ਕਿ ਅਗਲੇ ਸਾਲ ਤੋਂ ਮੈਂ ਕੋਚਿੰਗ ਵਿਚ ਜ਼ਿਆਦ ਸਮਾਂ ਦੇ ਸਕਦਾ ਹਾਂ।