ਆਸਟਰੇਲੀਆ ਖਿਲਾਫ ਵਨ-ਡੇ ਸੀਰੀਜ਼ ਦੇ ਸ਼ੁਰੂਆਤੀ ਮੈਚ ਨਾਲ ਵਿਸ਼ਵ ਕੱਪ ਦੀ ਤਿਆਰੀ ਦਾ ਵੱਜੇਗਾ ‘ਬਿਗੁਲ’

Friday, Mar 17, 2023 - 10:52 AM (IST)

ਆਸਟਰੇਲੀਆ ਖਿਲਾਫ ਵਨ-ਡੇ ਸੀਰੀਜ਼ ਦੇ ਸ਼ੁਰੂਆਤੀ ਮੈਚ ਨਾਲ ਵਿਸ਼ਵ ਕੱਪ ਦੀ ਤਿਆਰੀ ਦਾ ਵੱਜੇਗਾ ‘ਬਿਗੁਲ’

ਮੁੰਬਈ (ਭਾਸ਼ਾ)- ਭਾਰਤੀ ਟੀਮ 3 ਮੈਚਾਂ ਦੀ ਵਨ-ਡੇ ਸੀਰੀਜ਼ ’ਚ ਸ਼ੁੱਕਰਵਾਰ ਨੂੰ ਇੱਥੇ ਆਸਟਰੇਲੀਆ ਖਿਲਾਫ ਮੈਦਾਨ ’ਚ ਉਤਰੇਗੀ ਤਾਂ ਇਸ ਸਾਲ ਦੇ ਆਖਿਰ ’ਚ ਹੋਣ ਵਾਲੇ ਵਿਸ਼ਵ ਕੱਪ ਦੀਆਂ ਤਿਆਰੀਆਂ ਨਾਲ ਉਸ ਦੀਆਂ ਨਜ਼ਰਾਂ ਹਰਫਨਮੌਲਾ ਹਾਰਦਿਕ ਪੰਡਯਾ ਦੇ ਲੀਡਰਸ਼ਿਪ ਹੁਨਰ ਨੂੰ ਪਰਖਣ ’ਤੇ ਹੋਣਗੀਆਂ। ਰੈਗੂਲਰ ਕਪਤਾਨ ਰੋਹਿਤ ਸ਼ਰਮਾ ਪਰਿਵਾਰਕ ਕਾਰਨਾਂ ਕਰ ਕੇ ਇਸ ਮੈਚ ਲਈ ਉਪਲੱਬਧ ਨਹੀਂ ਹੈ ਅਤੇ ਉਸ ਦੀ ਗੈਰ-ਮੌਜੂਦਗੀ ’ਚ ਪੰਡਯਾ ਟੀਮ ਦੀ ਟੀਮ ਦੀ ਕਪਤਾਨੀ ਕਰੇਗਾ। ਪੰਡਯਾ ਦੀ ਕਪਤਾਨੀ ’ਚ ਗੁਜਰਾਤ ਜਾਇੰਟਸ ਨੇ ਇੰਡੀਅਨ ਪ੍ਰੀਮੀਅਰ ਲੀਗ ਦੇ ਆਪਣੇ ਪਹਿਲੇ ਸੈਸ਼ਨ ’ਚ ਖਿਤਾਬ ਜਿੱਤਿਆ ਸੀ। ਉਹ ਪਿਛਲੇ ਕੁਝ ਸਮੇਂ ਤੋਂ ਟੀ-20 ਅੰਤਰਰਾਸ਼ਟਰੀ ਮੈਚਾਂ ’ਚ ਭਾਰਤੀ ਟੀਮ ਦੀ ਅਗਵਾਈ ਕਰ ਰਿਹਾ ਹੈ। ਆਸਟਰੇਲੀਆ ਖਿਲਾਫ 4 ਮੈਚਾਂ ਦੀ ਬਾਰਡਰ-ਗਾਵਸਕਰ ਸੀਰੀਜ਼ ਨੂੰ 2-1 ਨਾਲ ਜਿੱਤਣ ਦੇ ਨਾਲ ਹੀ ਜੂਨ ’ਚ ਆਯੋਜਿਤ ਹੋਣ ਵਾਲੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਦੀ ਟਿਕਟ ਪੱਕੀ ਕਰਨ ਤੋਂ ਬਾਅਦ ਭਾਰਤੀ ਟੀਮ ਹੁਣ 50 ਓਵਰਾਂ ਦੇ ਫਾਰਮੈੱਟ ਦੇ ਵਿਸ਼ਵ ਕੱਪ ਲਈ ਆਪਣੀ ਤਿਆਰੀ ਨੂੰ ਦਰੁਸਤ ਕਰਨਾ ਚਾਹੇਗੀ।

ਵਨ ਡੇ ਵਿਸ਼ਵ ਕੱਪ ਦਾ ਆਯੋਜਨ ਇਸ ਸਾਲ ਅਕਤੂਬਰ-ਨਵੰਬਰ ’ਚ ਭਾਰਤ ’ਚ ਹੋਵੇਗਾ। ਭਾਰਤ ਨੇ ਆਪਣਾ ਪਿਛਲਾ ਵਿਸ਼ਵ ਕੱਪ ਘਰੇਲੂ ਜ਼ਮੀਨ ’ਤੇ ਮਹਿੰਦਰ ਸਿੰਘ ਧੋਨੀ ਦੀ ਅਗਵਾਈ ’ਚ 2011 ’ਚ ਜਿੱਤਿਆ ਸੀ। ਇਸ ਨੂੰ ਧਿਆਨ ’ਚ ਰੱਖਦੇ ਹੋਏ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਟੀਮ ਤੋਂ ਵੀ ਅਜਿਹੀ ਹੀ ਸਫਲਤਾ ਦੀ ਉਮੀਦ ਹੋਵੇਗੀ। ਭਾਰਤੀ ਟੀਮ ਨੇ ਇਸ ਸਾਲ ਸ਼੍ਰੀਲੰਕਾ ਅਤੇ ਨਿਊਜ਼ੀਲੈਂਡ ਖਿਲਾਫ 2 ਵੱੱਖ-ਵੱਖ ਸੀਰੀਜ਼ ’ਚ ਵਨ-ਡੇ ’ਚ ਸਾਰੇ 6 ਮੈਚ ਜਿੱਤ ਕੇ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਇਨ੍ਹਾਂ 6 ਵਨ-ਡੇ ਮੈਚਾਂ ’ਚ ਸ਼ੁਭਮਨ ਗਿੱਲ ਨੇ 3 ਸੈਂਕੜੇ ਅਤੇ 113.40 ਦੀ ਔਸਤ ਨਾਲ 567 ਦੌੜਾਂ ਬਣਾਈਆਂ ਹਨ। ਪਹਿਲੇ ਮੈਚ ’ਚ ਰੋਹਿਤ ਦੀ ਗੈਰ-ਮੌਜੂਦਗੀ ’ਚ ਉਸ ’ਤੇ ਟੀਮ ਨੂੰ ਚੰਗੀ ਸ਼ੁਰੂਆਤ ਦਿਵਾਉਣ ਦਾ ਦਬਾਅ ਹੋਵੇਗਾ।

ਅਹਿਮਦਾਬਾਦ ’ਚ ਚੌਥੇ ਅਤੇ ਅੰਤਿਮ ਮੈਚ ’ਚ ਆਸਟਰੇਲੀਆ ਖਿਲਾਫ ਟੈਸਟ ਸੈਂਕੜੇ ਤੋਂ ਬਾਅਦ ਉਸ ਤੋਂ ਅਜਿਹੇ ਹੀ ਪ੍ਰਦਰਸ਼ਨ ਦੀ ਉਮੀਦ ਹੋਵੇਗੀ। ਅਹਿਮਦਾਬਾਦ ਟੈਸਟ ’ਚ 186 ਦੌੜਾਂ ਦੀ ਪਾਰੀ ਖੇਡਣ ਵਾਲੇ ਵਿਰਾਟ ਕੋਹਲੀ ਨੇ ਸੀਮਤ ਓਵਰਾਂ ਦੀ ਖਰਾਬ ਫਾਰਮ ਨੂੰ ਪਹਿਲਾਂ ਹੀ ਪਿੱਛੇ ਛੱਡ ਦਿੱਤਾ ਹੈ। ਉਸ ਨੇ ਇਸ ਸਾਲ 67.60 ਦੇ ਸ਼ਾਨਦਾਰ ਔਸਤ ਨਾਲ 338 ਦੌੜਾਂ ਬਣਾਈਆਂ ਹਨ ਅਤੇ ਆਪਣੇ ਪਸੰਦੀਦਾ ਵਿਰੋਧੀ ਆਸਟਰੇਲੀਆ ਖਿਲਾਫ ਉਹ 75 ਅੰਤਰਰਾਸ਼ਟਰੀ ਸੈਂਕੜਿਆਂ ਦੇ ਅੰਕੜੇ ਨੂੰ ਅੱਗੇ ਵਧਾਉਣਾ ਚਾਹੇਗਾ। ਕੋਹਲੀ ਇਸ ਦੌਰਾਨ ਆਸਟਰੇਲੀਆ ਦੇ ਲੈੱਗ ਸਪਿਨਰ ਐਡਮ ਜ਼ੰਪਾ ਦਾ ਸਾਹਮਣਾ ਕਿਵੇਂ ਕਰਦਾ ਹੈ, ਇਹ ਦੇਖਣਾ ਦਿਲਚਸਪ ਹੋਵੇਗਾ।

ਭਾਰਤੀ ਰਨ ਮਸ਼ੀਨ ਖਿਲਾਫ ਜ਼ੰਪਾ ਦਾ ਰਿਕਾਰਡ ਸ਼ਾਨਦਾਰ ਰਿਹਾ ਹੈ। ਕੁਲਦੀਪ ਯਾਦਵ ਅਤੇ ਯੁਜਵਿੰਦਰ ਚਾਹਲ ਨੇ ਬੁੱਧਵਾਰ ਨੂੰ ਇੱਥੇ ਇਕ ਬਦਲਵੇਂ ਅਭਿਆਸ ਸੈਸ਼ਨ ਦੌਰਾਨ ਇਕੱਠੇ ਗੇਂਦਬਾਜ਼ੀ ਕੀਤੀ। ਇਹ ਦੋਵੇਂ ਲੈੱਗ ਸਪਿਨਰ ਵਿਕਟਾਂ ਲੈਣ ਦੀ ਆਪਣੀ ਸਮਰੱਥਾ ਅਤੇ ਸੀਮਤ ਓਵਰਾਂ ਦੇ ਕ੍ਰਿਕਟ ’ਚ ਭਾਰਤੀ ਹਮਲੇ ’ਚ ਅਹਿਮ ਹਥਿਆਰ ਬਣ ਸਕਦੇ ਹਨ। ਕੁਲਦੀਪ ਇਸ ਸਾਲ 5 ਮੈਚਾਂ ’ਚ 11 ਵਿਕਟਾਂ ਲੈ ਕੇ ਭਾਰਤ ਦਾ ਸਰਵਸ੍ਰੇਸ਼ਠ ਸਪਿਨਰ ਰਿਹਾ ਹੈ, ਜਦੋਂਕਿ ਤੇਜ਼ ਗੇਂਦਬਾਜ਼ਾਂ ’ਚ ਮੁਹੰਮਦ ਸਿਰਾਜ ਨੇ ਇੰਨੇ ਹੀ ਮੈਚਾਂ ’ਚ 14 ਵਿਕਟਾਂ ਲਈਆਂ ਹਨ। ਆਸਟਰੇਲੀਆ ਟੀਮ ਰੈਗੂਲਰ ਕਪਤਾਨ ਪੈਟ ਕਮਿੰਸ ਦੀ ਗੈਰ-ਮੌਜੂਦਗੀ ਦੇ ਬਾਵਜੂਦ ਕਿਸੇ ਵੀ ਹਾਲਾਤ ’ਚ ਮੈਚ ਜਿੱਤਣ ਦਾ ਦਮ ਰੱਖਦੀ ਹੈ।

5 ਵਾਰ ਦੇ ਵਿਸ਼ਵ ਕੱਪ ਜੇਤੂ ਆਸਟਰੇਲੀਆ ਵੀ ਇਸ ਸਾਲ ਅਕਤੂਬਰ-ਨਵੰਬਰ ’ਚ ਹੋਣ ਵਾਲੇ ਵਿਸ਼ਵ ਕੱਪ ਲਈ ਆਪਣੀਆਂ ਤਿਆਰੀਆਂ ਨੂੰ ਵੀ ਅੰਤਿਮ ਰੂਪ ਦੇਣਾ ਚਾਹੁੰਦਾ ਹੈ। ਕਮਿੰਸ ਦੀ ਗੈਰ-ਮੌਜੂਦਗੀ ’ਚ ਸਟੀਵ ਸਮਿਥ ਆਸਟਰੇਲੀਆ ਦੀ ਅਗਵਾਈ ਕਰੇਗਾ। ਟੀਮ ਨੇ ਆਖਰੀ 2 ਟੈਸਟ ਮੈਚਾਂ ’ਚ ਉਸ ਦੀ ਕਪਤਾਨੀ ’ਚ ਚੰਗਾ ਪ੍ਰਦਰਸ਼ਨ ਕੀਤਾ ਸੀ। ਕਮਿੰਸ ਅਤੇ ਜੋਸ਼ ਹੇਜ਼ਲਵੁਡ ਇਸ ਵਨ-ਡੇ ਸੀਰੀਜ਼ ਲਈ ਉਪਲੱਬਧ ਨਹੀਂ ਹਨ ਪਰ ਤਜਰਬੇਕਾਰ ਬੱਲੇਬਾਜ਼ ਡੇਵਿਡ ਵਾਰਨਰ ਅਤੇ ਐਸ਼ਟਨ ਐਗਰ ਰਾਸ਼ਟਰੀ ਟੀਮ ਨਾਲ ਜੁੜ ਗਏ ਹਨ। ਇਹ ਦੋਵੇਂ ਖਿਡਾਰੀ ਟੈਸਟ ਸੀਰੀਜ਼ ਦੌਰਾਨ ਵਤਨ ਪਰਤ ਗਏ ਸਨ। ਆਸਟਰੇਲੀਆ ਦੀ ਟੀਮ ਲਈ ਇਹ ਇਸ ਸਾਲ ਦਾ ਪਹਿਲਾ ਵਨ-ਡੇ ਮੈਚ ਹੋਵੇਗਾ।

ਸੰਭਾਵਿਤ ਟੀਮਾਂ

ਭਾਰਤ : ਹਾਰਦਿਕ ਪੰਡਯਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਸੂਰਿਆਕੁਮਾਰ ਯਾਦਵ, ਲੋਕੇਸ਼ ਰਾਹੁਲ, ਈਸ਼ਾਨ ਕਿਸ਼ਨ (ਵਿਕਟਕੀਪਰ), ਰਵਿੰਦਰ ਜਡੇਜਾ, ਕੁਲਦੀਪ ਯਾਦਵ, ਵਾਸ਼ਿੰਗਟਨ ਸੁੰਦਰ, ਯੁਜਵਿੰਦਰ ਚਾਹਲ, ਮੁਹੰਮਦ ਸ਼ੰਮੀ, ਮੁਹੰਮਦ ਸਿਰਾਜ, ਉਮਰਾਨ ਮਲਿਕ, ਸ਼ਾਰਦੁਲ ਠਾਕੁਰ, ਅਕਸ਼ਰ ਪਟੇਲ, ਜੈ ਦੇਵ ਉਨਾਦਕਤ।

ਆਸਟਰੇਲੀਆ : ਸਟੀਵ ਸਮਿਥ (ਕਪਤਾਨ), ਡੇਵਿਡ ਵਾਰਨਰ, ਟ੍ਰੈਵਿਸ ਹੈੱਡ, ਮਾਰਨਸ ਲਾਬੂਸ਼ੇਨ, ਮਿਸ਼ੇਲ ਮਾਰਸ਼, ਮਾਰਕਸ ਸਟੋਇੰਸ, ਅਲੈਕਸ ਕੈਰੀ, ਗਲੇਨ ਮੈਕਸਵੈੱਲ, ਕੈਮਰਨ ਗਰੀਨ, ਜੋਸ਼ ਇੰਗਲਿਸ਼, ਸੀਨ ਐਬਾਟ, ਐਸ਼ਟਨ ਐਗਰ, ਮਿਸ਼ੇਲ ਸਟਾਰਕ, ਨਾਥਨ ਐਲਿਸ, ਐਡਮ ਜ਼ੰਪਾ।


author

cherry

Content Editor

Related News