ਫਿਸ਼ਰ ਰੈਂਡਮ ਸ਼ਤਰੰਜ ਚੈਂਪੀਅਨਸ਼ਿਪ : ਵੇਸਲੀ ਸੋ ਦੀ ਕਾਰਲਸਨ ''ਤੇ ਲਗਾਤਾਰ ਤੀਜੀ ਜਿੱਤ

Sunday, Nov 03, 2019 - 01:37 PM (IST)

ਓਸਲੋ (ਨਾਰਵੇ), (ਨਿਕਲੇਸ਼ ਜੈਨ)- ਫਿਸ਼ਰ ਰੈਂਡਮ ਸ਼ਤਰੰਜ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ ਮੁਕਾਬਲੇ ਦੇ ਦੂਜੇ ਦਿਨ ਮੌਜੂਦਾ ਵਿਸ਼ਵ ਕਲਾਸੀਕਲ ਚੈਂਪੀਅਨ ਮੈਗਨਸ ਕਾਰਲਸਨ ਨੂੰ ਅਮਰੀਕਾ ਦੇ ਵੇਸਲੀ ਸੋ ਨੇ ਲਗਾਤਾਰ ਤੀਜੇ ਮੈਚ ਵਿਚ ਹਰਾਉਂਦਿਆਂ ਬੜ੍ਹਤ ਹਾਸਲ ਕਰ ਲਈ ਹੈ। ਪਹਿਲੇ ਹੌਲੇ ਰੈਪਿਡ (43 ਮਿੰਟ ਪ੍ਰਤੀ ਖਿਡਾਰੀ) ਵਿਚ ਉਸ ਨੇ 3 ਜਿੱਤਾਂ ਤੇ 1 ਡਰਾਅ ਨਾਲ ਮਜ਼ਬੂਤ ਬੜ੍ਹਤ ਹਾਸਲ ਕਰ ਲਈ ਹੈ। ਪਹਿਲੇ 4 ਮੁਕਾਬਲਿਆਂ ਵਿਚ ਜਿੱਤ ਲਈ 3 ਅੰਕ ਤੇ ਡਰਾਅ 'ਤੇ 1.5 ਅੰਕ ਦਿੱਤੇ ਜਾ ਰਹੇ ਹਨ। ਇਸ ਅਨੁਸਾਰ ਉਸ ਨੇ 10.5-1.5 ਦੀ ਬਹੁਤ ਵੱਡੀ ਬੜ੍ਹਤ ਹਾਸਲ ਕਰ ਲਈ ਹੈ। ਇਸ ਫਿਸ਼ਰ ਰੈਂਡਮ ਸ਼ਤਰੰਜ ਦਾ ਪਹਿਲਾ ਵਿਸ਼ਵ ਖਿਤਾਬ ਅਮਰੀਕਾ ਦੇ ਵੇਸਲੀ ਦੇ ਜਿੱਤਣ ਦੀ ਸੰਭਾਵਨਾ ਬਹੁਤ ਵਧ ਹੈ ਕਿਉਂਕਿ ਉਸ ਨੂੰ ਹੁਣ ਸਿਰਫ 2  ਹੋਰ ਅੰਕ ਬਣਾਉਣੇ ਹਨ।

ਕੀ ਹੈ ਫਿਸ਼ਰ ਰੈਂਡਮ : ਅਮਰੀਕਾ ਦੇ ਸਾਬਕਾ ਵਿਸ਼ਵ ਚੈਂਪੀਅਨ ਬੌਬੀ ਫਿਸ਼ਰ ਨੇ ਸ਼ਤਰੰਜ ਵਿਚ ਮੋਹਰਿਆਂ ਦੀ ਸੁਭਾਵਿਕ ਸ਼ੁਰੂਆਤੀ ਸਥਿਤੀ ਬਦਲ ਕੇ ਇਸ ਨੂੰ ਫਿਸ਼ਰ ਰੈਂਡਮ ਦਾ ਨਾਂ ਦਿੱਤਾ ਸੀ ਤਾਂ ਕਿ ਕੋਈ ਵੀ ਪਹਿਲੇ ਤੋਂ ਮੁਕਾਬਲੇ ਦੀ ਤਿਆਰੀ ਨਾ ਕਰ ਸਕੇ ਤੇ ਹਰ ਮੈਚ ਵਿਚ ਨਵੀਂ ਚੁਣੌਤੀ ਹੋਵੇ। ਪਹਿਲੀ ਵਾਰ ਵਿਸ਼ਵ ਸ਼ਤਰੰਜ ਸੰਘ ਨੇ ਇਸ ਨੂੰ ਵੱਖਰੇ ਫਾਰਮੈੱਟ ਦੇ ਤੌਰ 'ਤੇ ਮੰਨਿਆ ਤੇ ਇਸ ਨੂੰ ਮਾਨਤਾ ਦਿੱਤੀ ਹੈ ਤੇ ਹੁਣ ਇਹ ਦੇਖਣਾ ਹੈ ਕਿ ਇਸਦਾ ਪਹਿਲਾ ਵਿਸ਼ਵ ਚੈਂਪੀਅਨ ਕੌਣ ਹੋਵੇਗਾ।


Related News