FIH ਪ੍ਰੋ ਲੀਗ : ਇੰਗਲੈਂਡ ਹੱਥੋਂ ਸ਼ੂਟਆਊਟ ’ਚ ਹਾਰੀ ਭਾਰਤੀ ਮਹਿਲਾ ਹਾਕੀ ਟੀਮ
Monday, Feb 17, 2025 - 01:40 PM (IST)

ਭੁਵਨੇਸ਼ਵਰ- ਭਾਰਤੀ ਮਹਿਲਾ ਹਾਕੀ ਟੀਮ ਐੱਫ. ਆਈ. ਐੱਚ. ਪ੍ਰੋ ਲੀਗ ਦੇ ਮੈਚ ਵਿਚ ਐਤਵਾਰ ਨੂੰ ਇੱਥੇ ਇੰਗਲੈਂਡ ਹੱਥੋਂ ਸ਼ੂਟਆਊਟ ਵਿਚ 1-2 ਨਾਲ ਹਾਰ ਗਈ ਜਦਕਿ ਨਿਰਧਾਰਿਤ ਸਮੇਂ ਤੱਕ ਸਕੋਰ 2-2 ਨਾਲ ਬਰਾਬਰ ਸੀ। ਇੰਗਲੈਂਡ ਲਈ ਨਿਰਧਾਰਿਤ ਸਮੇਂ ਵਿਚ ਪੇਜੀ ਗਿਲੋਟ (40ਵਾਂ ਮਿੰਟ) ਤੇ ਟੇਸਾ ਹਾਵਰਡ (56ਵਾਂ) ਨੇ ਪੈਨਲਟੀ ਕਾਰਨਰ ’ਤੇ ਗੋਲ ਕੀਤੇ। ਭਾਰਤ ਲਈ ਨਵਨੀਤ ਕੌਰ (53ਵਾਂ) ਤੇ ਰਿਤੂਜਾ ਦਾਦੋਸੀ ਪਿਸਲ (57ਵਾਂ) ਨੇ ਗੋਲ ਕੀਤੇ। ਨਵਨੀਤ ਨੇ ਪੈਨਲਟੀ ਸਟ੍ਰੋਕ ’ਤੇ ਗੋਲ ਕੀਤਾ ਜਦਕਿ ਰਿਤੂਜਾ ਦਾ ਫੀਲਡ ਗੋਲ ਸੀ।
ਸ਼ੂਟਆਊਟ ਵਿਚ ਨਵਨੀਤ ਹੀ ਭਾਰਤ ਲਈ ਗੋਲ ਕਰ ਸਕੀ ਜਦਕਿ ਕਪਤਾਨ ਸਲੀਮਾ ਟੇਟੇ, ਸੁਨੇਲਿਤਾ ਟੋਪੋ ਤੇ ਲਾਲਰੇਮਸਿਆਮੀ ਅਸਫਲ ਰਹੀਆਂ। ਇੰਗਲੈਂਡ ਲਈ ਲਿਲੀ ਵਾਕਰ ਤੇ ਕਪਤਾਨ ਸੋਫੀ ਹੈਮਿਲਟਨ ਨੇ ਗੋਲ ਕੀਤੇ। ਇਸ ਜਿੱਤ ਨਾਲ ਇੰਗਲੈਂਡ ਨੂੰ ਇਕ ਬੋਨਸ ਅੰਕ ਵੀ ਮਿਲ ਗਿਆ। ਭਾਰਤ ਨੇ ਸ਼ਨੀਵਾਰ ਨੂੰ ਪਹਿਲੇ ਪੜਾਅ ਵਿਚ ਇੰਗਲੈਂਡ ਨੂੰ 3-2 ਨਾਲ ਹਰਾਇਆ ਸੀ। ਭਾਰਤ ਦਾ ਸਾਹਮਣਾ ਹੁਣ ਮੰਗਲਵਾਰ ਨੂੰ ਸਪੇਨ ਨਾਲ ਹੋਵੇਗਾ।