ਫੀਫਾ ਵਿਸ਼ਵ ਕੱਪ ਦੀ ਬਾਲ ਦਾ ਹੋਇਆ ਉਦਘਾਟਨ, ਨਾਮ ਰੱਖਿਆ ''ਅਲ ਰਿਹਲਾ''
Thursday, Mar 31, 2022 - 03:29 PM (IST)
ਜ਼ਿਊਰਿਖ (ਵਾਰਤਾ)- ਐਡੀਡਾਸ ਨੇ ਇਸ ਸਾਲ ਦੇ ਅੰਤ ਵਿਚ ਕਤਰ ਵਿਚ ਆਯੋਜਿਤ ਹੋਣ ਵਾਲੇ ਫੀਫਾ ਵਿਸ਼ਵ ਕੱਪ ਲਈ ਅਧਿਕਾਰਤ ਮੈਚ ਬਾਲ ਦਾ ਉਦਘਾਟਨ ਕਰ ਦਿੱਤਾ ਹੈ। ਫੀਫਾ ਨੇ ਬੁੱਧਵਾਰ ਨੂੰ ਜਾਰੀ ਇਕ ਬਿਆਨ ਵਿਚ ਕਿਹਾ ਕਿ ਬਾਲ ਦਾ ਨਾਮ 'ਅਲ ਰਿਹਲਾ' ਰੱਖਿਆ ਗਿਆ ਹੈ, ਜਿਸ ਦਾ ਅਰਬੀ ਭਾਸ਼ਾ ਵਿਚ ਅਰਥ 'ਯਾਤਰਾ ਜਾਂ ਸਫ਼ਰ' ਹੁੰਦਾ ਹੈ। ਇਸ ਦਾ ਡਿਜ਼ਾਈਨ ਕਤਰ ਦੇ ਰਾਸ਼ਟਰੀ ਝੰਡੇ, ਇੱਥੋਂ ਦੇ ਸੱਭਿਆਚਾਰ, ਆਰਕੀਟੈਕਚਰ ਅਤੇ ਅਨੋਖੀਆਂ ਕਿਸ਼ਤੀਆਂ ਤੋਂ ਪ੍ਰੇਿਰਤ ਹੈ। ਇਹ ਐਡੀਡਾਸ ਦੀ ਬਣਾਈ ਗਈ 14ਵੀਂ ਅਜਿਹੀ ਬਾਲ ਹੈ, ਜਿਸ ਦਾ ਇਸਤੇਮਾਲ ਫੀਫਾ ਵਿਸ਼ਵ ਕੱਪ ਲਈ ਹੋਣ ਜਾ ਰਿਹਾ ਹੈ। ਇਹ ਹੁਣ ਤੱਕ ਦੀ ਸਭ ਤੋਂ ਤੇਜ਼ ਰਫ਼ਤਾਰ ਨਾਲ ਭੱਜਣ ਵਾਲੀ ਬਾਲ ਹੈ।
'ਅਲ ਰਿਹਲਾ' ਦਾ ਉਦਘਾਟਨ ਇਕੇਰ ਕਾਸਿਲਾਸ, ਕਾਕਾ, ਫਰਾਹ ਜੈਫ੍ਰੀ ਅਤੇ ਨੌਫ ਅਲ ਅੰਜੀ ਵਰਗੇ ਦਿੱਗਜਾਂ ਦੀ ਮੌਜੂਦਗੀ ਵਿਚ ਕੀਤਾ ਗਿਆ। ਇਸ ਦੌਰਾਨ ਕਤਰ, ਸੰਯੂਕਤ ਅਰਬ ਅਮੀਰਾਤ, ਸਾਊਦੀ ਅਰਬ, ਮਿਸਰ ਦੇ ਨਾਲ-ਨਾਲ ਦੋਹਾ ਸਥਿਤ ਐਸਪਾਇਰ ਅਕੈਡਮੀ ਦੀ ਨਵੀਂ ਪੀੜ੍ਹੀ ਦੇ ਕਈ ਨੌਜਵਾਨ ਖਿਡਾਰੀ ਵੀ ਮੌਜੂਦ ਰਹੇ। ਇਹ ਦੁਬਈ, ਮੈਕਸੀਕੋ ਸਿਟੀ, ਟੋਕੀਓ ਅਤੇ ਨਿਊਯਾਰਕ ਸਮੇਤ ਦੁਨੀਆ ਦੇ 10 ਵੱਡੇ ਸ਼ਹਿਰਾਂ ਵਿਚ 'ਅਲ ਰਿਹਾਲਾ' ਦੇ ਸਫ਼ਰ ਦਾ ਪ੍ਰਤੀਕ ਹੈ, ਜਿੱਥੇ ਐਡੀਡਾਸ ਆਪਣੀ ਪਹੁੰਚ ਵਿਚ ਸੁਧਾਰ ਲਿਆਉਣ ਅਤੇ ਸਥਾਨਕ ਭਾਈਚਾਰਿਆਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦਾ ਹੈ।