ਫੀਫਾ ਵਿਸ਼ਵ ਕੱਪ 2022 ਦਾ ਆਗਾਜ਼ ਅੱਜ ਤੋਂ, ਜਾਣੋ ਟੂਰਨਾਮੈਂਟ ਨਾਲ ਸਬੰਧਤ ਰੌਚਕ ਤੱਥਾਂ ਬਾਰੇ
Sunday, Nov 20, 2022 - 12:22 PM (IST)
ਦੋਹਾ : ਫੀਫਾ ਫੁੱਟਬਾਲ ਵਿਸ਼ਵ ਕੱਪ ਅੱਜ ਭਾਵ 20 ਨਵੰਬਰ ਤੋਂ ਕਤਰ ਵਿੱਚ ਸ਼ਰੂ ਹੋ ਰਿਹਾ ਹੈ। ਲਗਪਗ ਇੱਕ ਮਹੀਨਾ ਚੱਲਣ ਵਾਲੇ ਫੁੱਟਬਾਲ ਦੇ ਇਸ ਮਹਾਕੁੰਭ ’ਚ ਦੁਨੀਆ ਦੀਆਂ 32 ਟੀਮਾਂ ਖ਼ਿਤਾਬ ਹਾਸਲ ਕਰਨ ਲਈ ਜ਼ੋਰ-ਅਜ਼ਮਾਈ ਕਰਨਗੀਆਂ। ਕਤਰ ਫੀਫਾ ਵਿਸ਼ਵ ਕੱਪ ਦੀ ਮੇਜ਼ਬਾਨੀ ਕਰੇਗਾ। ਵਿਸ਼ਵ ਕੱਪ ਦਾ ਉਦਘਾਟਨੀ ਸਮਾਗਮ ਐਤਵਾਰ ਨੂੰ ਜੀਐੱਮਟੀ ਮੁਤਾਬਕ ਦੁਪਹਿਰ 2 ਵਜੇ (ਭਾਰਤੀ ਸਮੇਂ ਮੁਤਾਬਕ ਸ਼ਾਮ 7.30 ਵਜੇ) ਹੋਵੇਗਾ। ਇਹ ਪ੍ਰੋਗਰਾਮ ਮੇਜ਼ਬਾਨ ਕਤਰ ਅਤੇ ਇਕੁਆਡੋਰ ਵਿਚਾਲੇ ਐਤਵਾਰ ਨੂੰ ਖੇਡੇ ਜਾਣ ਵਾਲੇ ਉਦਘਾਟਨੀ ਮੈਚ ਤੋਂ ਪਹਿਲਾਂ ਹੋਵੇਗਾ। ਦੋਵੇਂ ਟੀਮਾਂ ਗਰੁੱਪ-ਏ ਵਿੱਚ ਹਨ।
ਪਿਛਲਾ 2018 ਦਾ ਵਿਸ਼ਵ ਕੱਪ ਰੂਸ ’ਚ ਖੇਡਿਆ ਗਿਆ ਸੀ। ਟੂਰਨਾਮੈਂਟ ਦਾ ਉਦਘਾਟਨੀ ਸਮਾਗਮ ਦੋਹਾ ਤੋਂ 40 ਕਿਲੋਮੀਟਰ ਉੱਤਰ ’ਚ ਅਲ-ਬਾਯਤ ਸਟੇਡੀਅਮ ਵਿੱਚ ਹੋਵੇਗਾ ਜਿੱਥੇ 60 ਹਜ਼ਾਰ ਲੋਕਾਂ ਦੇ ਬੈਠਣ ਦੀ ਸਮਰੱਥਾ ਹੈ। ਇਸੇ ਦੌਰਾਨ ਇਕੁਆਡੋਰ ਦੇ ਰਾਸ਼ਟਰਪਤੀ ਗੁਈਲੇਰਮੋ ਲਾਸੋ ਨੇ ਕਿਹਾ ਹੈ ਕਿ ਦੇਸ਼ ਵਿੱਚ ਅਸ਼ਾਂਤੀ ਦੇ ਮੱਦੇਨਜ਼ਰ ਉਹ ਆਪਣੇ ਦੇਸ਼ ਦੀ ਟੀਮ ਦੇ ਉਦਘਾਟਨੀ ਮੈਚ ਵਿੱਚ ਸ਼ਾਮਲ ਨਹੀਂ ਹੋ ਸਕਣਗੇ।
ਫੀਫਾ ਵੱਲੋਂ ਹਾਲੇ ਵਿਸ਼ਵ ਕੱਪ ਦੇ ਉਦਘਾਟਨੀ ਸਮਾਗਮ ’ਚ ਸ਼ਾਮਲ ਹੋਣ ਵਾਲੇ ਪੇਸ਼ਕਾਰਾਂ (ਕਲਾਕਾਰਾਂ) ਦੀ ਪੂਰੀ ਸੂਚੀ ਦਾ ਐਲਾਨ ਨਹੀਂ ਕੀਤਾ ਗਿਆ ਹੈ। ਦੱਖਣੀ ਕੋਰੀਆ ਦੇ ਬੀਟੀਐੱਸ ਨੇ ਕਿਹਾ ਕਿ ਸੱਤ ਮੈਂਬਰੀ ਬੈਂਡ ਵਿੱਚ ਸ਼ਾਮਲ ਜੁੰਗਕੂਕ ਸਮਾਗਮ ਦੌਰਾਨ ‘ਡਰੀਮਰਜ਼’ ਟਾਈਟਲ ਹੇਠ ਗੀਤ ਪੇਸ਼ ਕਰੇਗਾ। ‘ਟੈਲੀਗ੍ਰਾਫ਼’ ਦੀ ਰਿਪੋਰਟ ਮੁਤਾਬਕ ਉਦਘਾਟਨੀ ਸਮਾਗਮ ’ਚ ਪੇਸ਼ਕਾਰੀ ਦੇਣ ਵਾਲੇ ਸੰਭਾਵਿਤ ਪੇਸ਼ਕਾਰਾਂ ਵਿੱਚ ਬਲੈਕ ਆਈਡ ਪੀਸ, ਰੌਬੀ ਵਿਲੀਅਮਜ਼ ਅਤੇ ਨੋਰਾ ਫਤੇਹੀ ਸ਼ਾਮਲ ਹੋ ਸਕਦੇ ਹਨ। ਹਾਲਾਂਕਿ ਬਰਤਾਨਵੀ ਗਾਇਕਾ ਡੀ. ਲੀਪਾ ਨੇ ਉਸ ਵੱਲੋਂ ਉਦਘਾਟਨੀ ਸਮਾਗਮ ’ਚ ਸ਼ਾਮਲ ਹੋਣ ਦੀਆਂ ਰਿਪੋਰਟਾਂ ਦਾ ਖੰਡਨ ਕੀਤਾ ਹੈ।
ਇਹ ਵੀ ਪੜ੍ਹੋ : ਖੇਡਾਂ ਸਕੂਲੀ ਸਿੱਖਿਆ ਦਾ ਅਨਿੱਖੜਵਾਂ ਅੰਗ ਹੋਣੀਆਂ ਚਾਹੀਦੀਆਂ ਹਨ: ਸੌਰਵ ਗਾਂਗੁਲੀ
ਸਪੇਨ ਦੇ ਮੀਡੀਆ ਦੀਆਂ ਕੁਝ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਸ਼ਕੀਰਾ ਵੀ ਉਦਘਾਟਨੀ ਸਮਾਗਮ ਵਿੱਚ ਪੇਸ਼ਕਾਰੀ ਨਹੀਂ ਦੇਵੇਗੀ। ‘ਟਾਈਮਜ਼’ ਨੂੰ ਗਾਇਕ ਰੌਡ ਸਟੀਵਰਟ ਦੱਸਿਆ ਕਿ ਉਸ ਨੇ ਕਤਰ ਵਿੱਚ ਪੇਸ਼ਕਾਰੀ ਲਈ ‘10 ਲੱਖ ਡਾਲਰ ਤੋਂ ਵੱਧ’ ਦੀ ਪੇਸ਼ਕਸ਼ ਠੁਕਰਾ ਦਿੱਤੀ ਸੀ। ਦੱਸਣਯੋਗ ਹੈ ਕਿ ਕਤਰ ਵਿੱਚ ਹੋ ਰਹੇ ਫੁੱਟਬਾਲ ਵਿਸ਼ਵ ਕੱਪ ’ਚ ਕੁੱਲ ਇਨਾਮੀ ਰਾਸ਼ੀ 357 ਕਰੋੜ ਰੁਪਏ ਹੈ। ਹੁਣ ਤੱਕ ਬਰਾਜ਼ੀਲ ਦੀ ਟੀਮ ਸਭ ਤੋਂ ਵੱਧ 5 ਵਾਰ ਵਿਸ਼ਵ ਚੈਂਪੀਅਨ ਬਣ ਚੁੱਕੀ ਜਦਕਿ ਇਟਲੀ ਅਤੇ ਜਰਮਨੀ ਨੇ 4-4 ਵਾਰ ਇਹ ਖ਼ਿਤਾਬ ਜਿੱਤ ਚੁੱਕੇ ਹਨ
ਅਧਿਕਾਰਤ ਮੈਚ ’ਚ ਪਹਿਲੀ ਵਾਰ ਭਿੜਨਗੇ ਕਤਰ ਤੇ ਇਕੁਆਡੋਰ
ਵਿਸ਼ਵ ਕੱਪ ਦਾ ਉਦਘਾਟਨੀ ਮੈਚ ਮੇਜ਼ਬਾਨ ਕਤਰ ਅਤੇ ਇਕੁਆਡੋਰ ਦੀਆਂ ਟੀਮਾਂ ਵਿਚਾਲੇ ਐਤਵਾਰ ਨੂੰ ਰਾਤ 9.30 ਵਜੇ (ਭਾਰਤੀ ਸਮੇਂ ਮੁਤਾਬਕ) ਖੇਡਿਆ ਜਾਵੇਗਾ। ਕਤਰ ਅਤੇ ਇਕੁਆਡੋਰ ਦੀਆਂ ਟੀਮਾਂ ਵਿਚਾਲੇ ਇਹ ਪਹਿਲਾ ਅਧਿਕਾਰਤ ਮੈਚ ਹੋਵੇਗਾ। ਇਸ ਤੋਂ ਪਹਿਲਾਂ ਦੋਵਾਂ ਟੀਮਾਂ ਵਿਚਾਲੇ ਅਕਤੂਬਰ 2018 ਵਿੱਚ ਦੋਸਤਾਨਾ ਮੈਚ ਖੇਡਿਆ ਗਿਆ ਸੀ ਜਿਸ ਵਿੱਚ ਕਤਰ 4-3 ਨਾਲ ਜੇਤੂ ਰਿਹਾ ਸੀ। -ਆਈਏਐੱਨਐੱਸ
ਫੀਫਾ ਵਿਸ਼ਵ ਕੱਪ-2022 ਟੀਮ ਗਰੁੱਪ
ਗਰੁੱਪ-ਏ: ਕਤਰ, ਇਕੁਆਡੋਰ, ਸੈਨੇਗਲ, ਨੀਦਰਲੈਂਡ
ਗਰੁੱਪ-ਬੀ: ਇੰਗਲੈਂਡ, ਈਰਾਨ, ਅਮਰੀਕਾ, ਵੇਲਜ਼
ਗਰੁੱਪ-ਸੀ: ਅਰਜਨਟੀਨਾ, ਸਾਊਦੀ ਅਰਬ, ਮੈਕਸੀਕੋ, ਪੋਲੈਂਡ
ਗਰੁੱਪ-ਡੀ: ਫਰਾਂਸ, ਆਸਟ੍ਰੇਲੀਆ, ਡੈਨਮਾਰਕ, ਟਿਊਨੀਸ਼ੀਆ
ਗਰੁੱਪ-ਈ: ਸਪੇਨ, ਕੋਸਟਾਰੀਕਾ, ਜਰਮਨੀ, ਜਾਪਾਨ
ਗਰੁੱਪ-ਐੱਫ: ਬੈਲਜੀਅਮ, ਕੈਨੇਡਾ, ਮੋਰੱਕੋ, ਕ੍ਰੋਏਸ਼ੀਆ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।