FIFA World Cup 2018 : ਬ੍ਰਾਜ਼ੀਲ ਨੂੰ 2-1 ਨਾਲ ਹਰਾ ਕੇ ਬੈਲਜੀਅਮ ਸੈਮੀਫਾਈਨਲ 'ਚ

07/07/2018 2:23:27 AM

ਕਜ਼ਾਨ- ਵਿਸ਼ਵ ਕੱਪ-2018 ਵਿਚੋਂ ਬਾਹਰ ਹੋਣ ਵਾਲੀਆਂ ਟੀਮਾਂ ਵਿਚ ਪੰਜ ਵਾਰ ਦੀ ਚੈਂਪੀਅਨ ਬ੍ਰਾਜ਼ੀਲ ਦਾ ਨਾਂ ਵੀ ਸ਼ਾਮਲ ਹੋ ਗਿਆ, ਜਿਸ ਨੂੰ ਬੈਲਜੀਅਮ ਨੇ ਅੱਜ ਇੱਥੇ 2-1 ਨਾਲ ਹਰਾ ਕੇ ਦੂਜੀ ਵਾਰ ਸੈਮੀਫਾਈਨਲ ਵਿਚ ਜਗ੍ਹਾ ਬਣਾਈ।

PunjabKesari

ਬ੍ਰਾਜ਼ੀਲ ਦੀ ਹਾਰ ਨਾਲ ਹੀ ਇਹ ਵੀ ਤੈਅ ਹੋ ਗਿਆ ਕਿ ਵਿਸ਼ਵ ਕੱਪ ਚੈਂਪੀਅਨ ਕੋਈ ਯੂਰਪੀਅਨ  ਟੀਮ ਹੀ ਬਣੇਗੀ। ਬੈਲਜੀਅਮ ਸੈਮੀਫਾਈਨਲ ਵਿਚ ਫਰਾਂਸ  ਨਾਲ ਭਿੜੇਗਾ, ਜਦਕਿ ਦੋ ਹੋਰ ਕੁਆਰਟਰ ਫਾਈਨਲ ਸਵੀਡਨ ਤੇ ਇੰਗਲੈਂਡ ਅਤੇ ਮੇਜ਼ਬਾਨ ਰੂਸ ਤੇ ਕ੍ਰੋਏਸ਼ੀਆ ਵਿਚਾਲੇ ਖੇਡੇ ਜਾਣੇ ਹਨ। ਬ੍ਰਾਜ਼ੀਲ ਲਗਾਤਾਰ ਚੌਥੀ ਵਾਰ ਕਿਸੇ ਯੂਰਪੀਅਨ ਟੀਮ ਹੱਥੋਂ ਹਾਰ ਕੇ ਬਾਹਰ ਹੋਇਆ । ਬੈਲਜੀਅਮ ਨੇ ਫਰਨਾਂਡਿਨ੍ਹੋ ਦੇ 13ਵੇਂ ਮਿੰਟ ਵਿਚ ਕੀਤੇ ਗਏ ਆਤਮਘਾਤੀ ਗੋਲ ਨਾਲ ਖਾਤਾ ਖੋਲ੍ਹਿਆ, ਜਦਕਿ ਕੇਵਿਨ ਡੀ ਬਰੂਏਨ ਨੇ 41ਵੇਂ ਮਿੰਟ ਵਿਚ ਸ਼ਾਨਦਾਰ ਗੋਲ ਕਰ ਕੇ ਉਸਦੀ ਬੜ੍ਹਤ ਦੁੱਗਣੀ ਕਰ ਦਿੱਤੀ। ਬ੍ਰਾਜ਼ੀਲ ਵਲੋਂ ਬਦਲਵੇਂ ਖਿਡਾਰੀ ਰੋਨਾਟੋ ਅਗੁਸਟੋ ਨੇ 76ਵੇਂ ਮਿੰਟ ਵਿਚ ਗੋਲ ਕੀਤਾ। ਬ੍ਰਾਜ਼ੀਲ ਨੇ ਸ਼ੁਰੂ ਵਿਚ ਹੀ ਗੋਲ ਕਰਨ ਦਾ ਮੌਕਾ ਗੁਆਇਆ। ਖੇਡ ਦੇ ਅੱਠਵੇਂ ਮਿੰਟ ਵਿਚ ਨੇਮਾਰ ਦੀ ਕਾਰਨਰ ਕਿੱਕ 'ਤੇ ਗੋਲਾਂ ਕੋਲ ਖੜ੍ਹਾ ਥਿਆਯੋ ਸਿਲਵਾ ਆਸਾਨੀ ਨਾਲ ਗੋਲ ਕਰ ਸਕਦਾ ਸੀ ਪਰ ਉਸਦੀ ਢਿੱਲੀ ਸ਼ਾਟ ਗੋਲ ਪੋਸਟ ਨਾਲ ਟਕਰਾ ਗਈ। ਆਖਿਰ ਤਕ ਅਜਿਹੇ ਕੁਝ ਮੌਕੇ ਖੁੰਝਣ ਵਿਚ ਟਿਟੇ ਦੀ ਟੀਮ ਨੂੰ ਹਾਰ ਦੇ ਰੂਪ ਵਿਚ ਖਾਮਿਆਜ਼ਾ ਭੁਗਤਣਾ ਪਿਆ। 

PunjabKesari

26 ਅਟੈਕ ਕਰ ਕੇ ਵੀ ਹਾਰਿਆ ਬ੍ਰਾਜ਼ੀਲ
ਬ੍ਰਾਜ਼ੀਲ ਲਈ ਇਹ ਮੈਚ ਜਿੱਤਣਾ ਬੇਹੱਦ ਜ਼ਰੂਰੀ ਸੀ, ਇਸ ਦੇ ਲਈ ਖਿਡਾਰੀਆਂ ਨੇ ਕਾਫੀ ਜ਼ੋਰ ਲਾਇਆ। ਬ੍ਰਾਜ਼ੀਲ ਦੇ ਖਿਡਾਰੀਆਂ ਨੇ ਕੁਲ 26 ਵਾਰ ਗੋਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਸਫਲ ਨਹੀਂ ਹੋ ਸਕੇ। ਆਨ ਟਾਰਗੈੱਟ ਵਿਚ ਵੀ ਬ੍ਰਾਜ਼ੀਲ 9 ਦੇ ਅੰਕੜੇ ਨਾਲ ਅੱਗੇ ਰਿਹਾ ਜਦਕਿ ਬੈਲਜੀਅਮ ਸਿਰਫ ਤਿੰਨ ਵਾਰ ਟਾਰਗੈੱਟ ਸ਼ਾਟ ਮਾਰ ਸਕਿਆ।


Related News