ਫਿਡੇ ਮਹਿਲਾ ਗ੍ਰਾਂ. ਪ੍ਰੀ. : ਹਰਿਕਾ ਪੰਜਵੇਂ ਦੌਰ ਤੋਂ ਬਾਅਦ ਵੀ ਸਾਂਝੀ ਬੜ੍ਹਤ ’ਤੇ
Sunday, Mar 08, 2020 - 12:09 PM (IST)
ਸਪੋਰਟਸ ਡੈਸਕ (ਭਾਸ਼ਾ)— ਭਾਰਤੀ ਗ੍ਰੈਂਡਮਾਸਟਰ ਹਰਿਕਾ ਦ੍ਰੋਣਾਵਲੀ ਨੇ ਪੰਜਵੇਂ ਦੌਰ ਵਿਚ ਰੂਸ ਦੀ ਅਲੈਗਜ਼ਾਂਦ੍ਰਾ ਗੋਰਿਯਾਚਕਿਨਾ ਵਿਰੁੱਧ ਡਰਾਅ ਖੇਡ ਕੇ ਫਿਡੇ ਮਹਿਲਾ ਗ੍ਰਾਂ. ਪ੍ਰੀ. ਸ਼ਤਰੰਜ ਟੂਰਨਾਮੈਂਟ ਵਿਚ ਆਪਣੀ ਸਾਂਝੀ ਬੜ੍ਹਤ ਬਰਕਰਾਰ ਰੱਖੀ ਹੈ।
ਹਰਿਕਾ ਤੇ ਰੂਸੀ ਖਿਡਾਰਨ 31 ਚਾਲਾਂ ਤੋਂ ਬਾਅਦ ਹੀ ਡਰਾਅ ’ਤੇ ਸਹਿਮਤ ਹੋ ਗਈਆਂ। ਵਿਸ਼ਵ ਵਿਚ ਨੌਵੇਂ ਨੰਬਰ ਦੀ ਭਾਰਤੀ ਖਿਡਾਰਨ ਨੇ ਕਿਸੇ ਤਰ੍ਹਾਂ ਦਾ ਜੋਖਿਮ ਉਠਾਉਣਾ ਠੀਕ ਨਹੀਂ ਸਮਝਿਆ ਤੇ ਅੰਕ ਵੰਡੇ। ਹਰਿਕਾ ਦੇ ਹੁਣ 3.5 ਅੰਕ ਹਨ ਤੇ ਉਹ ਗੋਰਿਯਾਚਕਿਨਾ ਦੇ ਨਾਲ ਸਾਂਝੇ ਤੌਰ ’ਤੇ ਚੋਟੀ ’ਤੇ ਹੈ। ਹਰਿਕਾ 12 ਖਿਡਾਰਨਾਂ ਵਿਚਾਲੇ ਖੇਡੇ ਜਾ ਰਹੇ ਇਸ ਟੂਰਨਾਮੈਂਟ ਦੇ ਅਗਲੇ ਦੌਰ ਵਿਚ ਸਾਬਕਾ ਵਿਸ਼ਵ ਚੈਂਪੀਅਨ ਅਲੈਂਕਸਾਂਦ੍ਰਾ ਕੋਸਤਾਨਿਯੁਕ ਦਾ ਸਾਮਨਾ ਕਰੇਗੀ।