ਫਿਡੇ ਨੇ ਬਦਲਿਆ ਫਿਡੇ ਕੈਂਡੀਡੇਟ ’ਚ ਚੋਣ ਦਾ ਤਰੀਕਾ, ਇਸ ਦਾ ਜੇਤੂ ਦਿੰਦੈ ਵਿਸ਼ਵ ਚੈਂਪੀਅਨ ਨੂੰ ਚੁਣੌਤੀ
Tuesday, Jan 10, 2023 - 08:51 PM (IST)
ਲੋਜੇਨ (ਸਵਿਟਜ਼ਰਲੈਂਡ), 9 ਜਨਵਰੀ (ਨਿਕਲੇਸ਼ ਜੈਨ)– ਸ਼ਤਰੰਜ ਵਿਚ ਵਿਸ਼ਵ ਚੈਂਪੀਅਨਸ਼ਿਪ ਵਿਚ ਮੌਜੂਦਾ ਵਿਸ਼ਵ ਚੈਂਪੀਅਨ ਨੂੰ ਚੁਣੌਤੀ ਦੇਣ ਲਈ ਕਿਸੇ ਵੀ ਖਿਡਾਰੀ ਨੂੰ ਫਿਡੇ ਕੈਂਡੀਡੇਟ ਟੂਰਨਾਮੈਂਟ ਜਿੱਤਣਾ ਪੈਂਦਾ ਹੈ। ਫਿਡੇ ਕੈਂਡੀਡੇਟ ਵਿਚ ਦੁਨੀਆ ਦੇ ਚੁਣੇ ਹੋਏ 8 ਖਿਡਾਰੀ ਖੇਡਦੇ ਹਨ। ਹੁਣ ਫਿਡੇ ਨੇ ਇਕ ਵਾਰ ਫਿਰ ਇਸ ਵਿਚ ਚੋਣ ਦੇ ਤਰੀਕੇ ਨੂੰ ਬਦਲ ਦਿੱਤਾ ਹੈ। ਸਭ ਤੋਂ ਵੱਡਾ ਬਦਲਾਅ ਹੁਣ ਫਿਡੇ ਗ੍ਰਾਂ.ਪ੍ਰੀ. ਨੂੰ ਇਸ ਪੈਮਾਨੇ ਵਿਚੋਂ ਬਾਹਰ ਕਰ ਦੇਣਾ ਹੈ। ਆਓ ਸਮਝਦੇ ਹਾਂ ਕਿ ਇਸ ਵਿਚ ਕੀ ਬਦਲਾਅ ਹੋਏ।
ਵਿਸ਼ਵ ਚੈਂਪੀਅਨਸ਼ਿਪ ਹਾਰ ਜਾਣ ਵਾਲੇ ਖਿਡਾਰੀ ਨੂੰ 2024 ਦੇ ਫਿਡੇ ਕੈਂਡੀਡੇਟ ਵਿਚ ਪਹਿਲਾਂ ਦੀ ਤਰ੍ਹਾਂ ਸਥਾਨ ਮਿਲ ਜਾਵੇਗਾ। ਇਸ ਸਾਲ ਰੂਸ ਦੇ ਯਾਨ ਨੈਪੋਮਨਿਸ਼ੀ ਤੇ ਚੀਨ ਦੇ ਡਿੰਗ ਲੀਰੇਨ ਵਿਚਾਲੇ ਵਿਸ਼ਵ ਚੈਂਪੀਅਨਸ਼ਿਪ ਵਿਚ ਜਿੱਤਣ ਵਾਲਾ ਖਿਡਾਰੀ ਵਿਸ਼ਵ ਚੈਂਪੀਅਨ ਬਣ ਜਾਵੇਗਾ ਜਦਕਿ ਹਾਰ ਜਾਣ ਵਾਲਾ ਫਿਡੇ ਕੈਂਡੀਡੇਟ ਵਿਚ ਜਗ੍ਹਾ ਬਣਾ ਲਵੇਗਾ। ਹੁਣ ਫਿਡੇ ਵਿਸ਼ਵ ਕੱਪ ਦੇ ਪਹਿਲੇ 3 ਸਥਾਨਾਂ ਵਿਚ ਆਉਣ ਵਾਲੇ ਖਿਡਾਰੀਆਂ ਨੂੰ ਫਿਡੇ ਕੈਂਡੀਡੇਟ ਵਿਚ ਸਥਾਨ ਮਿਲੇਗਾ ਜਦਕਿ ਫਿਡੇ ਗ੍ਰਾਂ. ਪ੍ਰੀ. ਸਵਿਸ ਵਿਚ ਪਹਿਲੇ 2 ਸਥਾਨਾਂ ’ਤੇ ਆਉਣ ਵਾਲੇ ਖਿਡਾਰੀਆਂ ਨੂੰ 5ਵੇਂ ਤੇ 6ਵੇਂ ਸਥਾਨ ’ਤੇ ਚੁਣੇ ਜਾਣ ਦਾ ਅਧਿਕਾਰ ਮਿਲੇਗਾ।
ਇਸ ਤੋਂ ਬਾਅਦ ਸਭ ਤੋਂ ਵੱਡਾ ਬਦਲਾਅ 7ਵੇਂ ਸਥਾਨ ਲਈ ਕੀਤਾ ਗਿਆ ਹੈ, ਜਿਸ ਵਿਚ ਹੁਣ ਦੁਨੀਆ ਦੇ ਕਈ ਵੱਕਾਰੀ ਗ੍ਰੈਂਡ ਮਾਸਟਰ ਟੂਰਨਾਮੈਂਟ ਜਿੱਤਣ ਵਾਲੇ ਖਿਡਾਰੀਆਂ ਵਿਚੋਂ ਸਭ ਤੋਂ ਵੱਧ ਅੰਕ ਬਣਾਉਣ ਵਾਲੇ ਖਿਡਾਰੀ ਨੂੰ ਫਿਡੇ ਕੈਂਡੀਡੇਟ ਵਿਚ 7ਵੇਂ ਸਥਾਨ ’ਤੇ ਚੁਣੇ ਜਾਣ ਦਾ ਮੌਕਾ ਮਿਲੇਗਾ। 8ਵਾਂ ਤੇ ਆਖਰੀ ਸਥਾਨ ਉਸ ਖਿਡਾਰੀ ਨੂੰ ਮਿਲੇਗਾ ਜਿਹੜਾ ਇਸ ਰਾਹੀਂ ਚੁਣਿਆ ਨਹੀਂ ਜਾ ਸਕਿਆ ਹੈ ਪਰ ਫਿਡੇ ਵਿਸ਼ਵ ਰੈਂਕਿੰਗ ਦੇ ਆਧਾਰ ’ਤੇ ਸਰਵਸ੍ਰੇਸ਼ਠ ਹੋਵੇਗਾ। ਜੇਕਰ ਆਖਰੀ ਸਮੇਂ ਵਿਚ ਕਿਸੇ ਖਿਡਾਰੀ ਦੇ ਹਟਣ ਨਾਲ ਜਗ੍ਹਾ ਖਾਲੀ ਹੋਵੇਗੀ ਤਾਂ ਵਿਸ਼ਵ ਕੱਪ ਤੇ ਗ੍ਰੈਂਡ ਸਵਿਸ ਦੀ ਰੈਂਕਿੰਗ ਦੇ ਆਧਾਰ ’ਤੇ ਖਿਡਾਰੀ ਦੀ ਚੋਣ ਰਿਜ਼ਰਵ ਖਿਡਾਰੀ ਦੇ ਤੌਰ ’ਤੇ ਕੀਤੀ ਜਾਵੇਗੀ।
ਭਾਰਤ ਦੇ ਇਨ੍ਹਾਂ ਖਿਡਾਰੀਆਂ ’ਤੇ ਹੋਣਗੀਆਂ ਨਜ਼ਰਾਂ
ਵੈਸੇ ਤਾਂ ਅੱਜ ਤਕ ਪੁਰਸ਼ ਵਰਗ ਵਿਚ ਵਿਸ਼ਵਨਾਥਨ ਆਨੰਦ ਤੋਂ ਇਲਾਵਾ ਕੋਈ ਵੀ ਦੂਜਾ ਭਾਰਤੀ ਫਿਡੇ ਕੈਂਡੀਡੇਟ ਵਿਚ ਸਥਾਨ ਬਣਾਉਣ ਵਿਚ ਕਾਮਯਾਬ ਨਹੀਂ ਹੋਇਆ ਹੈ ਪਰ ਭਾਰਤ ਦੇ ਨੌਜਵਾਨ ਖਿਡਾਰੀਆਂ ਜਿਵੇਂ ਡੀ. ਗੁਕੇਸ਼, ਅਰਜੁਨ ਐਰਗਾਸੀ, ਆਰ.ਪ੍ਰਗਿਆਨੰਦਾ ਤੇ ਨਿਹਾਲ ਸਰੀਨ ਆਉਣ ਵਾਲੀ ਫਿਡੇ ਕੈਂਡੀਡੇਟ ਵਿਚ ਜਗ੍ਹਾ ਬਣਾਉਣ ਦੀ ਸਮਰੱਥਾ ਰੱਖਦੇ ਹਨ ਜਦਕਿ ਵਿਦਿਤ ਗੁਜਰਾਤੀ ਵੀ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਕੇ ਇਹ ਕਮਾਲ ਦਿਖਾ ਸਕਦਾ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।