ਫੈਡਰਰ 15ਵੀਂ ਵਾਰ ਹਾਲੇ ਟੂਰਨਾਮੈਂਟ ਦੇ ਸੈਮੀਫਾਈਨਲ ''ਚ
Sunday, Jun 23, 2019 - 12:48 AM (IST)

ਹਾਲੇ- 20 ਵਾਰ ਦੇ ਗ੍ਰੈਂਡ ਸਲੇਮ ਚੈਂਪੀਅਨ ਸਵਿਟਜ਼ਰਲੈਂਡ ਦੇ ਰੋਜਰ ਫੈਡਰਰ ਨੇ ਸਪੇਨ ਦੇ ਰਾਬਰਟੋ ਬਤਿਸਤਾ ਅਗੁਤ ਦੀ ਸਖਤ ਚੁਣੌਤੀ 'ਤੇ ਤਿੰਨ ਸੈੱਟਾਂ ਵਿਚ ਕਾਬੂ ਪਾਉਂਦੇ ਹੋਏ ਹਾਲੇ ਓਪਨ ਟੈਨਿਸ ਟੂਰਨਾਮੈਂਟ ਵਿਚ ਸੈਮੀਫਾਈਨਲ ਵਿਚ 15ਵੀਂ ਵਾਰ ਜਗ੍ਹਾ ਬਣਾ ਲਈ।
ਸਾਲ ਦੇ ਤੀਸਰੇ ਗ੍ਰੈਂਡ ਸਲੇਮ ਵਿੰਬਲਡਨ ਦੀ ਤਿਆਰੀ ਦਾ ਟੂਰਨਾਮੈਂਟ ਕਹੇ ਜਾਣ ਵਾਲੇ ਹਾਲੇ ਓਪਨ 'ਚ ਫੈਡਰਰ ਦਾ ਜ਼ਬਰਦਸਤ ਰਿਕਾਰਡ ਰਿਹਾ ਹੈ ਤੇ ਉਹ ਇਸ ਟੂਰਨਾਮੈਂਟ 'ਚ 9 ਵਾਰ ਸਿੰਗਲ ਤੇ ਇਕ ਵਾਰ ਡਬਲ ਜਾ ਖਿਤਾਬ ਜਿੱਤ ਚੁੱਕਾ ਹੈ। ਫੈਡਰਰ ਨੇ ਅਗੁਤ ਨੂੰ ਕੁਆਰਟਰ ਫਾਈਨਲ ਵਿਚ 6-3, 4-6, 6-4 ਨਾਲ ਹਰਾਇਆ ਤੇ ਸਪੇਨ ਦੇ ਖਿਡਾਰੀ ਵਿਰੁੱਧ ਆਪਣਾ ਰਿਕਾਰਡ 9-0 ਪਹੁੰਚਾ ਦਿੱਤਾ। ਫੈਡਰਰ 15ਵੀਂ ਵਾਰ ਇਸ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਪਹੁੰਚਿਆ ਹੈ ਤੇ ਇਥੇ 10ਵਾਂ ਖਿਤਾਬ ਜਿੱਤਣ ਤੋਂ ਦੋ ਜਿੱਤਾਂ ਦੂਰ ਹੈ। ਸਵਿਸ ਮਾਸਟਰ ਦਾ ਸੈਮੀਫਾਈਨਲ ਪਿਅਰੇ ਹਿਊਜ਼ ਹਰਬਰਟ ਨਾਲ ਮੁਕਾਬਲਾ ਹੋਵੇਗਾ। ਫੈਡਰਰ ਤੇ ਹਰਬਰਟ ਵਿਚਕਾਰ ਇਹ ਪਹਿਲਾ ਕਰੀਅਰ ਮੁਕਾਬਲਾ ਹੋਵੇਗਾ। ਹਰਬਰਟ ਨੇ ਇਕ ਹੋਰ ਕੁਆਰਟਰ ਫਾਈਨਲ ਵਿਚ ਪਿਛਲੇ ਚੈਂਪੀਅਨ ਤੇ ਚੌਥੀ ਸੀਡ ਕ੍ਰੋਏਸ਼ੀਆ ਦੇ ਬੋਰਨਾ ਕੋਰਿਚ ਨੂੰ ਹਰਾਇਆ। ਕੋਰਿਟ ਨੇ ਪਹਿਲਾ ਸੈੱਟ 5-7 ਨਾਲ ਹਾਰਨ ਤੋਂ ਬਾਅਦ ਸੱਟ ਕਾਰਨ ਮੈਚ ਛੱਡ ਦਿੱਤਾ।
ਟਾਪ ਸੀਡ ਸਿਤਸਿਪਾਸ ਕੁਆਰਟਰ ਫਾਈਨਲ 'ਚ ਹਾਰਿਆ
ਚੋਟੀ ਦਾ ਦਰਜਾ ਪ੍ਰਾਪਤ ਯੂਨਾਨ ਦੇ ਸਿਤਸਿਪਾਸ ਨੂੰ ਸਾਲ ਦੇ ਤੀਜੇ ਗ੍ਰੈਂਡ ਸਲੈਮ ਵਿੰਬਲਡਨ ਦੇ ਅਭਿਆਸ ਟੂਰਨਾਮੈਂਟ ਕਵੀਂਜ਼ ਕਲੱਬ ਦੇ ਕੁਆਰਟਰ ਫਾਈਨਲ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਸਿਤਸਿਪਾਸ ਨੂੰ 8ਵੀਂ ਸੀਡ ਕੈਨੇਡਾ ਦੇ ਫੇਲਿਕਸ ਓਗਰ ਐਲੇਸਿਮ ਹੱਥੋਂ 5-7, 2-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਐਲੇਸਿਮ ਦਾ ਸੈਮੀਫਾਈਨਲ ਵਿਚ ਸਪੇਨ ਦੇ ਫੇਲਿਸਿਆਨੋ ਲੋਪੇਜ਼ ਨਾਲ ਮੁਕਾਬਲਾ ਹੋਵੇਗਾ, ਜਿਸ ਨੇ ਛੇਵੀਂ ਸੀਡ ਕੈਨੇਡਾ ਦੇ ਮਿਲੋਸ ਰਾਓਨਿਕ ਨੂੰ 4-6, 6-4, 7-6 ਨਾਲ ਹਰਾਇਆ ਹੈ।