ਫੈਡਰਰ ਤੀਜੇ ਨੰਬਰ ''ਤੇ, ਮਿਲੀ ਏ. ਟੀ. ਪੀ. ਫਾਈਨਲ ਦੀ ਟਿਕਟ

07/18/2017 5:16:43 AM

ਨਵੀਂ ਦਿੱਲੀ—ਰਿਕਾਰਡ ਅੱਠਵਾਂ ਵਿੰਬਲਡਨ ਤੇ 19ਵਾਂ ਗ੍ਰੈਂਡ ਸਲੈਮ ਖਿਤਾਬ ਜਿੱਤਣ ਵਾਲਾ ਸਵਿਟਜ਼ਰਲੈਂਡ ਦਾ ਰੋਜਰ ਫੈਡਰਰ ਆਪਣੀ ਇਸ ਸ਼ਾਨਦਾਰ ਕਾਮਯਾਬੀ ਦੀ ਬਦੌਲਤ ਸੋਮਵਾਰ ਨੂੰ ਜਾਰੀ ਤਾਜ਼ਾ ਏ. ਟੀ. ਪੀ. ਰੈਂਕਿੰਗ 'ਚ ਦੋ ਸਥਾਨਾਂ ਦੀ ਛਲਾਂਗ ਲਾ ਕੇ ਤੀਜੇ ਨੰਬਰ 'ਤੇ ਪਹੁੰਚ ਗਿਆ ਹੈ। ਫੈਡਰਰ ਨੇ ਇਸ ਦੇ ਨਾਲ ਹੀ ਨਵੰਬਰ ਵਿਚ ਲੰਡਨ 'ਚ ਹੋਣ ਵਾਲੇ ਏ. ਟੀ. ਪੀ. ਵਰਲਡ ਟੂਰ ਫਾਈਨਲਸ ਲਈ ਰਿਕਾਰਡ 15ਵੀਂ ਵਾਰ ਕੁਆਲੀਫਾਈ ਕਰ ਲਿਆ ਹੈ। ਵਿੰਬਲਡਨ ਖਿਤਾਬ ਨਾਲ ਉਹ 15 ਅਗਸਤ 2016 ਤੋਂ ਬਾਅਦ ਪਹਿਲੀ ਵਾਰ ਟਾਪ-3 'ਚ ਪਰਤ ਆਇਆ ਹੈ। ਫੈਡਰਰ 11 ਮਹੀਨਿਆਂ 'ਚ ਪਹਿਲੀ ਵਾਰ ਟਾਪ-2 ਖਿਡਾਰੀਆਂ 'ਚ ਸ਼ਾਮਲ ਹੋਇਆ ਹੈ।
ਸਵਿਸ ਮਾਸਟਰ ਫੈਡਰਰ ਹੁਣ ਦੂਜੇ ਸਥਾਨ 'ਤੇ ਮੌਜੂਦ ਸਪੇਨ ਦੇ ਰਾਫੇਲ ਨਡਾਲ ਤੋਂ 920 ਅੰਕ ਦੂਰ ਤੇ ਨੰਬਰ ਇਕ ਖਿਡਾਰੀ ਬ੍ਰਿਟੇਨ ਦੇ ਐਂਡੀ ਮਰੇ ਤੋਂ 1205 ਅੰਕ ਦੂਰ ਹੈ। ਮਰੇ ਕੋਲ ਬਾਕੀ ਸੈਸ਼ਨ 'ਚ ਨੰਬਰ ਇਕ ਸਥਾਨ ਬਚਾਉਣ ਦਾ ਘੱਟ ਹੀ ਮੌਕਾ ਰਹੇਗਾ ਕਿਉਂਕਿ ਵਿੰਬਲਡਨ ਤੋਂ ਬਾਅਦ ਉਸ ਨੇ 5460 ਅੰਕਾਂ ਦਾ ਬਚਾਅ ਕਰਨਾ ਹੈ, ਜਦਕਿ ਨਡਾਲ ਨੇ 370 ਅੰਕ ਬਚਾਉਣੇ ਹਨ। ਫੈਡਰਰ ਨੇ ਬਾਕੀ ਸੈਸ਼ਨ 'ਚ ਕੋਈ ਅੰਕ ਨਹੀਂ ਬਚਾਉਣਾ ਹੈ।
ਸਭ ਤੋਂ ਵੱਧ 302 ਹਫਤੇ ਨੰਬਰ ਇਕ 'ਤੇ ਰਹਿਣ ਦਾ ਰਿਕਾਰਡ ਆਪਣੇ ਨਾਂ ਰੱਖਣ ਵਾਲਾ ਫੈਡਰਰ ਆਖਰੀ ਵਾਰ ਨਵੰਬਰ 2012 ਦੇ ਪਹਿਲੇ ਹਫਤੇ 'ਚ ਨੰਬਰ ਇਕ ਰਿਹਾ ਸੀ। ਸਿਲਿਚ ਜੇਕਰ ਖਿਤਾਬ ਜਿੱਤ ਜਾਂਦਾ ਤਾਂ ਉਹ ਪਹਿਲੀ ਵਾਰ ਟਾਪ-5 'ਚ ਪਹੁੰਚ ਜਾਂਦਾ ਪਰ ਤਾਜ਼ਾ ਰੈਂਕਿੰਗ 'ਚ ਉਹ ਛੇਵੇਂ ਸਥਾਨ 'ਤੇ ਹੈ। ਸਟੇਨਿਸਲਾਂਸ ਵਾਵਰਿੰਕਾ ਦੋ ਸਥਾਨ ਹੇਠਾਂ ਪੰਜਵੇਂ ਨੰਬਰ 'ਤੇ ਖਿਸਕ ਗਿਆ ਹੈ।


Related News