ਐੱਫ.ਸੀ. ਪੁਣੇ ਦੇ ਕੋਚ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕੀਤਾ ਗਿਆ

03/10/2018 12:01:06 PM

ਪੁਣੇ, (ਬਿਊਰੋ)— ਸਰਬ ਭਾਰਤੀ ਫੁੱਟਬਾਲ ਮਹਾਸੰਘ (ਆਈ.ਐੱਫ.ਐੱਫ.) ਦੀ ਅਨੁਸ਼ਾਸਨਾਤਮਕ ਕਮੇਟੀ ਨੇ ਅੱਜ ਐੱਫ.ਸੀ. ਪੁਣੇ ਸਿਟੀ ਦੇ ਮੁੱਖ ਕੋਚ ਰੈਂਕੋ ਪੋਪੋਵਿਚ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ। ਇੰਡੀਅਨ ਸੁਪਰ ਲੀਗ 'ਚ ਤੀਜੀ ਵਾਰ ਜ਼ਾਬਤੇ ਦੀ ਉਲੰਘਣਾ ਦੇ ਕਾਰਨ ਇਹ ਕਦਮ ਚੁੱਕਿਆ ਗਿਆ ਅਤੇ ਉਨ੍ਹਾਂ 'ਤੇ ਅੰਤਿਮ ਫੈਸਲਾ ਪੈਂਡਿੰਗ ਹੈ। ਅਨੁਸ਼ਾਸਨਾਤਮਕ ਕਮੇਟੀ ਦੇ ਚੇਅਰਮੈਨ ਊਸ਼ਾਨਾਥ ਬੈਨਰਜੀ ਨੇ ਪੋਪੋਵਿਚ ਵੱਲੋਂ ਰੈਫਰੀ ਅਤੇ ਮੈਚ ਅਧਿਕਾਰੀਆਂ ਦੇ ਖਿਲਾਫ ਕੀਤੀ ਗਈ ਜਨਤਕ ਟਿੱਪਣੀ ਦੀ ਸਮੀਖਿਆ ਦੇ ਦੌਰਾਨ ਇਹ ਮੁਅੱਤਲੀ ਹੁਕਮ ਦਿੱਤਾ ਹੈ। 

ਬੈਨਰਜੀ ਨੇ ਕਿਹਾ, ''ਰੈਫਰੀ ਅਤੇ ਮੈਚ ਅਧਿਕਾਰੀਆਂ ਦੇ ਫੈਸਲਿਆਂ ਦੇ ਖਿਲਾਫ ਉਨ੍ਹਾਂ ਦੇ ਬਿਆਨ 'ਚ ਪਹਿਲੀ ਨਜ਼ਰੇ ਇਹ ਲਗਦਾ ਹੈ ਕਿ ਰੈਂਕੋ ਪੋਪੋਵਿਚ ਨੇ ਅਨੁਸ਼ਾਸਨਾਤਮਕ ਜ਼ਾਬਤੇ ਅਤੇ ਖੇਡ ਦੇ ਨਿਯਮਾਂ ਦੀ ਉਲੰਘਣਾ ਕੀਤੀ ਹੈ।'' ਉਨ੍ਹਾਂ ਕਿਹਾ, ''ਇਸ ਤੋਂ ਪਹਿਲਾਂ ਵੀ ਪੋਪੋਵਿਚ ਨੂੰ ਮੈਚ ਅਧਿਕਾਰੀਆਂ ਨੂੰ ਗਾਲ੍ਹ ਕੱਢਣ ਅਤੇ ਉਨ੍ਹਾਂ ਦਾ ਅਪਮਾਨ ਕਰਨ ਦਾ ਦੋਸ਼ੀ ਪਾਇਆ ਗਿਆ ਸੀ ਅਤੇ ਉਨ੍ਹਾਂ 'ਤੇ ਜੁਰਮਾਨਾ ਲੱਗਾ ਸੀ। ਇਸ ਦੇ ਬਾਅਦ ਵੀ ਉਨ੍ਹਾਂ ਨੇ ਅਜਿਹਾ ਜਾਰੀ ਰਖਿਆ ਜਿਸ ਨਾਲ ਉਨ੍ਹਾਂ ਨੂੰ ਚਿਤਾਵਨੀ ਦਿੱਤੀ ਗਈ। ਇਸ ਤਰ੍ਹਾਂ ਇਹ ਉਨ੍ਹਾਂ ਦੀ ਤੀਜੀ ਉਲੰਘਣਾ ਹੈ।''


Related News