Tokyo Olympics : ਭਾਰਤੀ ਘੋੜਸਵਾਰ ਫਵਾਦ ਮਿਰਜ਼ਾ ਕ੍ਰਾਸ ਕੰਟ੍ਰੀ ਮੁਕਾਬਲੇ ’ਚ 22ਵੇਂ ਸਥਾਨ ’ਤੇ ਰਹੇ
Sunday, Aug 01, 2021 - 12:12 PM (IST)
ਟੋਕੀਓ– ਓਲੰਪਿਕ ’ਚ ਦੋ ਦਹਾਕੇ ਤੋਂ ਵੱਧ ਸਮੇਂ ਬਾਅਦ ਘੋੜਸਵਾਰੀ ’ਚ ਉਤਰੇ ਇਕਮਾਤਰ ਭਾਰਤੀ ਫਵਾਦ ਮਿਰਜ਼ਾ ਕ੍ਰਾਸ ਕੰਟਰੀ ਮੁਕਾਬਲੇ ਦੇ ਬਾਅਦ 11.20 ਪੈਨਲਟੀ ਅੰਕ ਦੇ ਨਾਲ 22ਵੇਂ ਸਥਾਨ ’ਤੇ ਰਹੇ। ਸੋਮਵਾਰ ਨੂੰ ਨਿੱਜੀ ਸ਼ੋ ਜੰਪਿੰਗ ਕੁਆਲੀਫ਼ਾਇਰ ’ਚ ਚੰਗਾ ਪ੍ਰਦਰਸ਼ਨ ਕਰਨ ’ਤੇ ਉਹ ਤੇ ਉਨ੍ਹਾਂ ਦਾ ਘੋੜਾ ਸਿਗਨੋਰ ਮੇਡੀਕਾਟ ਚੋਟੀ ਦੇ 25 ’ਚ ਰਹਿ ਸਕਦੇ ਹਨ। ਇਸ ਨਾਲ ਉਹ ਸ਼ਾਮ ਨੂੰ ਹੋਣ ਵਾਲੇ ਇਵੈਂਟਿੰਗ ਜੰਪਿੰਗ ਦੇ ਨਿੱਜੀ ਵਰਗ ਦੇ ਫ਼ਾਈਨਲ ’ਚ ਜਗ੍ਹਾ ਬਣਾ ਲੈਣਗੇ।
ਮਿਰਜ਼ਾ ਦੇ ਕੁਲ 39.20 ਪੈਨਲਟੀ ਅੰਕ ਹਨ। ਉਨ੍ਹਾਂ ਨੇ ਸਿਰਫ਼ 8 ਮਿੰਟ ’ਚ ਕੰਟ੍ਰੀ ਦੌੜ ਪੂਰੀ ਕੀਤੀ। ਘੋੜਦੌੜ ਕ੍ਰਾਸਕੰਟ੍ਰੀ ਨਿੱਜੀ ਵਰਗ ’ਚ ਇਕ ਪ੍ਰਤੀਯੋਗੀ ਨੂੰ 7 ਮਿੰਟ 45 ਸਕਿੰਟ ਦੇ ਅੰਦਰ ਕੋਰਸ ਦਾ ਪੂਰਾ ਚੱਕਰ ਲਗਾਉਣਾ ਹੁੰਦਾ ਹੈ ਤਾਂ ਜੋ ਟਾਈਮ ਪੈਨਲਟੀ ਘੱਟ ਰਹੇ। ਪੈਨਲਟੀ ਜਿੰਨੀ ਘੱਟ ਹੋਵੇਗੀ, ਘੋੜਸਵਾਰ ਅੰਕਤਾਲਿਕਾ ’ਚ ਓਨਾ ਹੀ ਉੱਪਰ ਹੋਵੇਗਾ। ਮਿਰਜ਼ਾ ਤੇ ਸਿਗਨੋਰ ਨੇ ਤਕਨੀਕੀ ਦਿੱਕਤ ਕਾਰਨ ਦੇਰ ਨਾਲ ਖੇਡ ਸ਼ੁਰੂ ਕੀਤੀ ਜਿਸ ਕਾਰਨ ਉਨ੍ਹਾਂ ਨੂੰ 11.20 ਪੈਨਲਟੀ ਅੰਕ ਮਿਲੇ।
ਡ੍ਰੇਸੇਜ਼ ਦੌਰ ’ਚ ਉਹ ਸ਼ਾਨਦਾਰ ਪ੍ਰਦਰਸ਼ਨ ਕਰਨ ਦੇ ਬਾਅਦ ਨੌਵੇਂ ਸਥਾਨ ’ਤੇ ਸਨ। ਉਸ ’ਚ ਉਨ੍ਹਾਂ ਨੂੰ 28 ਪੈਨਲਟੀ ਅੰਕ ਮਿਲੇ। ਹੁਣ ਉਨ੍ਹਾਂ ਨੂੰ ਸ਼ੋ ਜੰਪਿੰਗ ’ਚ ਉਤਰਨਾ ਹੈ ਜਿਸ ’ਚ ਚੋਟੀ ਦੇ 25 ’ਤੇ ਰਹਿਣ ’ਤੇ ਉਹ ਇਵੈਂਟਿੰਗ ਜੰਪਿੰਗ ਫਾਈਨਲ ’ਚ ਜਗ੍ਹਾ ਬਣਾ ਲੈਣਗੇ। ਬ੍ਰਿਟੇਨ ਦੇ ਓਲੀਵਰ ਟਾਊਨਐਂਡ ਚੋਟੀ ’ਤੇ ਹਨ ਜਿਨ੍ਹਾਂ ਦੇ ਕੁਲ 23.60 ਪੈਨਲਟੀ ਅੰਕ ਹਨ। ਬ੍ਰਿਟੇਨ ਦੀ ਲੌਰਾ ਕੋਲੇਟ ਦੂਜੇ ਤੇ ਜਰਮਨੀ ਦੀ ਜੂਲੀਆ ਕ੍ਰਾਜੇਵਸਕੀ ਤੀਜੇ ਸਥਾਨ ’ਤੇ ਰਹੀਆਂ ਹਨ।