17 ਸਾਲਾ ਭਾਰਤੀ ਖਿਡਾਰੀ ਨੇ ODI ''ਚ ਠੋਕਿਆ ਦੋਹੜਾ ਸੈਂਕੜਾ, ਬਣਾ''ਤਾ ਵਿਸ਼ਵ ਰਿਕਾਰਡ
Tuesday, Dec 16, 2025 - 05:19 PM (IST)
ਸਪੋਰਟਸ ਡੈਸਕ- ਭਾਰਤ ਦੇ ਨੌਜਵਾਨ ਬੱਲੇਬਾਜ਼ ਅਭਿਗਿਆਨ ਕੁੰਡੂ ਨੇ ਮੰਗਲਵਾਰ (16 ਦਸੰਬਰ) ਨੂੰ ਇਤਿਹਾਸ ਰਚ ਦਿੱਤਾ। ਦੁਬਈ ਦੇ ਦਿ ਸੈਵਨਸ 'ਚ ਖੇਡੇ ਗਏ ਏਸੀਸੀ ਅੰਡਰ-19 ਏਸ਼ੀਆ ਕੱਪ 2025 ਦੇ ਮੈਚ 'ਚ ਅਭਿਗਿਆਨ ਨੇ ਮਲੇਸ਼ੀਆ ਖਿਲਾਫ 125 ਗੇਂਦਾਂ 'ਚ ਨਾਬਾਦ 209 ਦੌੜਾਂ ਦੀ ਤੂਫਾਨੀ ਪਾਰੀ ਖੇਡੀ ਕੁੰਡੂ ਨੇ ਸਿਰਫ 121 ਗੇਂਦਾਂ 'ਚ ਆਪਣਾ ਦੋਹਰਾ ਸੈਂਕੜਾ ਪੂਰੀ ਕੀਤਾ। ਇਹ ਯੂਥ ਓ.ਡੀ.ਆਈ. 'ਚ ਕਿਸੇ ਬੱਲੇਬਾਜ਼ ਦਾ ਸਭ ਤੋਂ ਤੇਜ਼ ਦੋਹਰਾ ਸੈਂਕੜਾ ਰਿਹਾ। ਆਪਣੀ ਇਸ ਸ਼ਾਨਦਾਰ ਪਾਰੀ 'ਚ ਕੁੰਡੂ ਨੇ 9 ਛੱਕੇ ਅਤੇ 17 ਚੌਕੇ ਲਗਾਏ।
ਦੇਖਿਆ ਜਾਵੇ ਤਾਂ ਅਭਿਗਿਆਨ ਨੇ ਸਾਬਕਾ ਬੱਲੇਬਾਜ਼ ਅੰਬਾਤੀ ਰਾਇਡੂ (177* ਦੌੜਾਂ) ਨੂੰ ਪਿੱਛੇ ਛੱਡਦੇ ਹੋਏ ਭਾਰਤੀ ਅੰਡਰ-19 ਵਨਡੇ ਕ੍ਰਿਕਟ ਦਾ ਸਭ ਤੋਂ ਵੱਧ ਨਿੱਜੀ ਸਕੋਰ ਦਰਜ ਕੀਤਾ। ਨਾਲ ਹੀ ਉਨ੍ਹਾਂ ਨੇ ਵੈਭਵ ਸੂਰਿਆਵੰਸ਼ੀ ਦਾ ਰਿਕਾਰਡ ਤੋੜਦੇ ਹੋਏ ਅੰਡਰ-19 ਏਸ਼ੀਆ ਕੱਪ ਦਾ ਵੀ ਸਭ ਤੋਂ ਵੱਧ ਨਿੱਜੀ ਸਕੋਰ ਬਣਾ ਦਿੱਤਾ।
ਅਭਿਗਿਆਨ ਕੁੰਡੀ ਨੇ ਯੂਥ ਓ.ਡੀ.ਆਈ. 'ਚ ਸਭ ਤੋਂ ਤੇਜ਼ ਸੈਂਕੜਾ ਜੜਨ ਦੇ ਮਾਮਲੇ 'ਚ ਦੱਖਣੀ ਅਫਰੀਕਾ ਦੇ ਜੋਰਿਚ ਵੈਨ ਸ਼ਾਲਕਵਿਕ ਦਾ ਰਿਕਾਰਡ ਤੋੜਿਆ, ਜਿਨ੍ਹਾਂ ਨੇ ਇਸੇ ਸਾਲ ਜੁਲਾਈ 'ਚ ਜ਼ਿੰਬਾਬਵੇ ਅੰਡਰ-19 ਖਿਲਾਫ 145 ਦੌੜਾਂ 'ਚ ਦੋਹਰਾ ਸੈਂਕੜਾ ਲਗਾਇਆ ਸੀ।
ਅਭਿਗਿਆਨ ਕੁੰਡੂ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਭਾਰਤ ਅੰਡਰ-19 ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 7 ਵਿਕਟਾਂ ਦੇ ਨੁਕਸਾਨ 'ਤੇ 408 ਦੌੜਾਂ ਦਾ ਪਹਾੜ ਜਿੱਡਾ ਸਕੋਰ ਖੜ੍ਹਾ ਕੀਤਾ। ਅਭਿਗਿਆਨ ਇੱਕ ਪ੍ਰਤਿਭਾਸ਼ਾਲੀ ਵਿਕਟਕੀਪਰ-ਬੱਲੇਬਾਜ਼ ਹੈ। ਇਸੇ ਟੂਰਨਾਮੈਂਟ 'ਚ ਪਾਕਿਸਤਾਨ ਖਿਲਾਫ ਮੈਚ 'ਚ ਉਨ੍ਹਾਂ ਨੇ 22 ਦੌੜਾਂ ਬਣਾਈਆਂ ਅਤੇ ਵਿਕਟ ਦੇ ਪਿੱਛੇ ਦੋ ਸ਼ਾਨਦਾਰ ਕੈਚਾਂ ਵੀ ਫੜੀਆਂ।
Boy oh boy, that was special 🌟
— Sony Sports Network (@SonySportsNetwk) December 16, 2025
Watch #INDvMAL in the #DPWorldMensU19AsiaCup2025, LIVE NOW on Sony Sports Network TV channels & Sony LIV. #SonySportsNetwork #SonyLIV | [Abhigyan Kundu] pic.twitter.com/rRllSISodH
ਕੌਣ ਹੈ ਅਭਿਗਿਆਨ ਕੁੰਡੂ?
ਅਭਿਗਿਆਨ ਕੁੰਡੂ ਦਾ ਜਨਮ 30 ਅਪ੍ਰੈਲ 2008 'ਚ ਹੋਇਆ ਸੀ ਅਤੇ ਉਹ ਘਰੇਲੂ ਕ੍ਰਿਕਟ 'ਚ ਮੁੰਬਈ ਦੀ ਅੰਡਰ-19 ਲੈਵਲ 'ਤੇ ਅਗਵਾਈ ਕਰਦੇ ਹਨ। ਅਭਿਗਿਆਨ ਦਾ ਕ੍ਰਿਕਟ ਸਫਰ ਕਿਸੇ ਪ੍ਰੇਰਨਾਦਾਇਕ ਕਹਾਣੀ ਤੋਂ ਘੱਟ ਨਹੀਂ ਹੈ। ਉਨ੍ਹਾਂ ਨੇ ਸਾਲ 2024 'ਚ ਆਸਟ੍ਰੇਲੀਆ ਅੰਡਰ-19 ਟੀਮ ਲਈ ਸਿਰਫ 16 ਸਾਲ ਦੀ ਉਮਰ 'ਚ ਭਾਰਤ ਅੰਡਰ-19 ਟੀਮ ਲਈ ਡੈਬਿਊ ਕੀਤਾ ਸੀ। ਇਸਤੋਂ ਬਾਅਦ ਉਹ ਲਗਾਤਾਰ ਟੀਮ ਦਾ ਹਿੱਸਾ ਬਣੇ ਹੋਏ ਹਨ। ਅਭਿਗਿਆਨ ਆਉਣ ਵਾਲੇ ਆਈਸੀਸੀ ਪੁਰਸ਼ ਅੰਡਰ-19 ਵਿਸ਼ਵ ਕੱਪ 2025 ਲਈ ਭਾਰਤੀ ਟੀਮ ਲਈ ਵਿਕਟਕੀਪਰ ਵੱਜੋਂ ਪਹਿਲੀ ਪਸੰਦ ਹੋ ਸਕਦੇ ਹਨ।
ਮੁੰਬਈ ਵਿੱਚ ਵੱਡੇ ਹੋਏ ਅਭਿਗਿਆਨ ਕੁੰਡੂ ਨੇ ਸ਼ਹਿਰ ਦੀਆਂ ਔਖੀਆਂ ਅਤੇ ਮੁਕਾਬਲੇ ਵਾਲੀਆਂ ਪਿੱਚਾਂ 'ਤੇ ਆਪਣੀ ਪ੍ਰਤਿਭਾ ਨੂੰ ਨਿਖਾਰਿਆ। ਛੋਟੀ ਉਮਰ ਤੋਂ ਹੀ ਉਸਨੂੰ ਅਵਿਨਾਸ਼ ਸਾਲਵੀ ਫਾਊਂਡੇਸ਼ਨ ਤੋਂ ਸਮਰਥਨ ਪ੍ਰਾਪਤ ਹੋਇਆ। 13 ਸਾਲ ਦੀ ਉਮਰ ਤੱਕ, ਇਸ ਵਿਕਟਕੀਪਰ-ਬੱਲੇਬਾਜ਼ ਨੇ ਯੁਵਾ ਕ੍ਰਿਕਟ ਵਿੱਚ 24,000 ਤੋਂ ਵੱਧ ਦੌੜਾਂ ਬਣਾ ਲਈਆਂ ਸਨ, ਜਿਸ ਵਿੱਚ 80 ਤੋਂ ਵੱਧ ਸੈਂਕੜੇ ਸ਼ਾਮਲ ਸਨ। ਇਸ ਪ੍ਰਾਪਤੀ ਨਾਲ, ਉਸਨੇ ਇੰਡੀਆ ਬੁੱਕ ਆਫ਼ ਰਿਕਾਰਡਜ਼ ਵਿੱਚ ਸਥਾਨ ਪ੍ਰਾਪਤ ਕੀਤਾ।
ਅਭਿਗਿਆਨ ਕੁੰਡੂ ਭਾਵੇਂ ਕੱਦ ਵਿੱਚ ਛੋਟਾ ਹੋਵੇ, ਪਰ ਉਸਦੇ ਸ਼ਾਂਤ ਸੁਭਾਅ, ਬੇਦਾਗ਼ ਟਾਈਮਿੰਗ ਅਤੇ ਕੁਦਰਤੀ ਸਟ੍ਰੋਕਪਲੇ ਨੇ ਉਸਨੂੰ ਮੁੰਬਈ ਦੇ ਕ੍ਰਿਕਟ ਸਰਕਟ ਵਿੱਚ ਇੱਕ ਖਾਸ ਸਥਾਨ ਦਿਵਾਇਆ ਹੈ। ਵਿਦੇਸ਼ੀ ਧਰਤੀ 'ਤੇ ਉਸਦਾ ਪਹਿਲਾ ਵੱਡਾ ਪ੍ਰਦਰਸ਼ਨ ਇਸ ਸਾਲ ਆਸਟ੍ਰੇਲੀਆ ਦੇ ਦੌਰੇ ਦੌਰਾਨ ਆਇਆ, ਜਿੱਥੇ ਉਸਨੇ ਪਿੱਛਾ ਕਰਦੇ ਹੋਏ 74 ਗੇਂਦਾਂ ਵਿੱਚ ਸ਼ਾਨਦਾਰ ਅਜੇਤੂ 87 ਦੌੜਾਂ ਬਣਾਈਆਂ।
