ਭਾਰਤ-ਏ ਦੇ ਦੂਜੇ ਗੈਰ-ਅਧਿਕਾਰਤ ਮੈਚ ਵਿਚ ਕੇ. ਐੱਲ. ਰਾਹੁਲ ਦੀ ਫਾਰਮ ’ਤੇ ਰਹਿਣਗੀਆਂ ਨਜ਼ਰਾਂ

Thursday, Nov 07, 2024 - 11:20 AM (IST)

ਭਾਰਤ-ਏ ਦੇ ਦੂਜੇ ਗੈਰ-ਅਧਿਕਾਰਤ ਮੈਚ ਵਿਚ ਕੇ. ਐੱਲ. ਰਾਹੁਲ ਦੀ ਫਾਰਮ ’ਤੇ ਰਹਿਣਗੀਆਂ ਨਜ਼ਰਾਂ

ਮੈਲਬੋਰਨ– ਭਾਰਤ-ਏ ਤੇ ਆਸਟ੍ਰੇਲੀਆ-ਏ ਵਿਚਾਲੇ ਵੀਰਵਾਰ ਤੋਂ ਸ਼ੁਰੂ ਹੋਣ ਵਾਲੇ ਦੂਜੇ ਗੈਰ-ਅਧਿਕਾਰਤ ਟੈਸਟ ਮੈਚ ਵਿਚ ਰਾਸ਼ਟਰੀ ਚੋਣ ਕਮੇਟੀ ਦੀਆਂ ਨਜ਼ਰਾਂ ਕੇ. ਐੱਲ. ਰਾਹੁਲ ਦੀ ਬੱਲੇਬਾਜ਼ੀ ਅਤੇ ਮੌਜੂਦਾ ਫਾਰਮ ’ਤੇ ਲੱਗੀਆਂ ਹੋਣਗੀਆਂ। ਰਾਹੁਲ ਨੂੰ ਛੱਡ ਕੇ ਭਾਰਤ-ਏ ਦੀ ਲਾਈਨਅਪ ਵਿਚ ਅਜਿਹਾ ਕੋਈ ਵੀ ਖਿਡਾਰੀ ਨਹੀਂ ਹੈ ਜਿਹੜਾ ਐੱਮ. ਸੀ. ਜੀ. ਵਿਚ ਖੇਡਿਆ ਹੈ, ਜਿਸ ਵਿਚ ਭਾਰਤ ਨੂੰ 26 ਦਸੰਬਰ ਤੋਂ ‘ਬਾਕਸਿੰਗ ਡੇ’ ਟੈਸਟ ਖੇਡਣਾ ਹੈ। ਟੀਮ ਮੈਨੇਜਮੈਂਟ ਦੀ ਸਲਾਹ ’ਤੇ ਭਾਰਤੀ ਚੋਣਕਾਰਾਂ ਨੇ ਨਿਊਜ਼ੀਲੈਂਡ ਵਿਰੁੱਧ ਘਰੇਲੂ ਟੈਸਟ ਵਿਚਾਲਿਓਂ ਬਾਹਰ ਕੀਤੇ ਗਏ ਰਾਹੁਲ ਤੇ ਰਿਜ਼ਰਵ ਵਿਕਟਕੀਪਰ ਧੁਰਵ ਜੁਰੈਲ ਨੂੰ ਪਰਥ ਵਿਚ ਸੀਨੀਅਰ ਟੀਮ ਨਾਲ ਜੁੜਨ ਤੋਂ ਪਹਿਲਾਂ ਦੂਜੇ-ਏ ਟੈਸਟ ਲਈ ਭੇਜਣ ਦਾ ਫੈਸਲਾ ਕੀਤਾ ਸੀ। ਆਸਟ੍ਰੇਲੀਆ-ਏ ਦੀ ਟੀਮ ਵਿਚ ਤਜਰਬੇਕਾਰ ਸਕਾਟ ਬੋਲੈਂਡ ਵੀ ਸ਼ਾਮਲ ਹੈ।

ਆਸਟ੍ਰੇਲੀਆ ਦੇ ਸੀਨੀਅਰ ਰਿਜ਼ਰਵ ਤੇਜ਼ ਗੇਂਦਬਾਜ਼ਾਂ ਵਿਚੋਂ ਇਕ ਬੋਲੈਂਡ ਦੇ ਮੈਦਾਨ ’ਤੇ ਉਤਰਨ ਨਾਲ ਅਭਿਮਨਿਊ ਈਸ਼ਵਰਨ, ਰਿਤੂਰਾਜ ਗਾਇਕਵਾੜ, ਬੀ. ਸਾਈ ਸੁਦਰਸ਼ਨ ਤੇ ਦੇਵਦੱਤ ਪੱਡੀਕਲ ਵਰਗੇ ਖਿਡਾਰੀਆਂ ਲਈ ਇਹ ਮੁਕਾਬਲਾ ਸਖਤ ਚੁਣੌਤੀ ਹੋਵੇਗਾ ਪਰ ਰਾਹੁਲ ਨੂੰ ਨਿਸ਼ਚਿਤ ਰੂਪ ਨਾਲ ਬਾਰਡਰ-ਗਾਵਸਕਰ ਟਰਾਫੀ ਵਿਚ ਖੇਡਣ ਦੀ ਸੰਭਾਵਨਾ ਦੇ ਕਾਰਨ ਜ਼ਿਆਦਾ ਫਾਇਦਾ ਹੋਵੇਗਾ।

ਐੱਮ. ਸੀ. ਜੀ. ਵਿਚ ਅਭਿਆਸ ਸੈਸ਼ਨ ਦੌਰਾਨ ਰਾਹੁਲ ਚੰਗੀ ਲੈਅ ਵਿਚ ਦਿਸਿਆ। ਈਸ਼ਵਰਨ ਤੇ ਕਪਤਾਨ ਗਾਇਕਵਾੜ ਦੇ ਪਾਰੀ ਦਾ ਆਗਾਜ਼ ਕਰਨ ਦੇ ਨਾਲ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਰਾਹੁਲ ਇੰਡੀਆ-ਏ ‘ਸੈੱਟਅਪ’ ਵਿਚ ਪੰਜਵੇਂ ਜਾਂ ਛੇਵੇਂ ਸਥਾਨ ’ਤੇ ਬੱਲੇਬਾਜ਼ੀ ਕਰੇਗਾ ਕਿਉਂਕਿ ਟੈਸਟ ਲੜੀ ਦੌਰਾਨ ਕਿਸੇ ਵੀ ਸਮੇਂ ਜੇਕਰ ਉਸ ਨੂੰ ਭਾਰਤ ਦੀ ਆਖਰੀ-11 ਵਿਚ ਚੁਣਿਆ ਜਾਂਦਾ ਹੈ ਤਾਂ ਉਸ ਨੂੰ ਇਸੇ ਸਥਾਨ ’ਤੇ ਬੱਲੇਬਾਜ਼ੀ ਕਰਨ ਨੂੰ ਮਿਲੇਗੀ।

ਇਹ ਤਾਂ ਤੈਅ ਹੈ ਕਿ ਜਦੋਂ ਉਛਾਲ ਵਾਲੇ ਹਾਲਾਤ ਵਿਚ ਗੁਣਵੱਤਾ ਵਾਲੀ ਤੇਜ਼ ਗੇਂਦਬਾਜ਼ੀ ਦਾ ਸਾਹਮਣਾ ਕਰਨ ਦੀ ਗੱਲ ਆਉਂਦੀ ਹੈ ਤਾਂ ਲਾਰਡਸ, ਓਵਲ, ਸਿਡਨੀ ਤੇ ਸੈਂਚੂਰੀਅਨ ਵਿਚ ਸੈਂਕੜੇ ਲਾਉਣ ਵਾਲਾ ਰਾਹੁਲ ਘਰੇਲੂ ਧਾਕੜ ਸਰਫਰਾਜ਼ ਖਾਨ ਦੀ ਤੁਲਨਾ ਵਿਚ ਕਿਤੇ ਵੱਧ ਯੋਗ ਹੈ। ਹਾਲਾਂਕਿ ਬੈਂਗਲੁਰੂ ਵਿਚ ਨਿਊਜ਼ੀਲੈਂਡ ਵਿਰੁੱਧ 150 ਦੌੜਾਂ ਬਣਾਉਣ ਤੋਂ ਬਾਅਦ ਸਰਫਰਾਜ਼ ਖਾਨ ਨਿਸ਼ਚਿਤ ਰੂਪ ਨਾਲ 2 ਨਵੰਬਰ ਤੋਂ ਆਪਟਸ ਸਟੇਡੀਅਮ ਵਿਚ ਖੇਡਣ ਦਾ ਦਾਅਵੇਦਾਰ ਹੋਵੇਗਾ।

ਜਿੱਥੋਂ ਤੱਕ ਇੰਡੀਆ-ਏ ਟੀਮ ਦਾ ਸਵਾਲ ਹੈ ਤਾਂ ਮੈਕਾਯ ਵਿਚ ਪਹਿਲਾ ‘ਗੈਰ-ਅਧਿਕਾਰਤ ਟੈਸਟ’ ਖੇਡਣ ਵਾਲੀ ਟੀਮ ਵਿਚ 4 ਬਦਲਾਅ ਹੋਣਗੇ, ਜਿਸ ਵਿਚ ਮਹਿਮਾਨ ਟੀਮ 7 ਵਿਕਟਾਂ ਨਾਲ ਹਾਰ ਗਈ ਸੀ। ਰਾਹੁਲ ਨੂੰ ਬਾਬਾ ਇੰਦਰਜੀਤ ਦੀ ਜਗ੍ਹਾ ਸ਼ਾਮਲ ਕੀਤਾ ਜਾਵੇਗਾ, ਜਿਸ ਨੇ ਦੋਵੇਂ ਪਾਰੀਆਂ ਵਿਚ 9 ਤੇ 6 ਦੌੜਾਂ ਬਣਾਈਆਂ ਸਨ ਜਦਕਿ ਉਹ ਗਤੀ ਤੇ ਉਛਾਲ ਵਿਰੁੱਧ ਬਿਲਕੁਲ ਵੀ ਸਹਿਜ ਨਹੀਂ ਦਿਸਿਆ। ਉੱਥੇ ਹੀ, ਜੁਰੇਲ ਨੂੰ ਈਸ਼ਾਨ ਕਿਸ਼ਨ ਦੀ ਜਗ੍ਹਾ ਉਤਾਰਿਆ ਜਾਵੇਗਾ ਜਿਹੜਾ ਮੈਕਾਯ ਵਿਚ ਗੇਂਦ ਬਦਲਣ ਦੇ ਵਿਵਾਦ ਦਾ ਕੇਂਦਰ ਬਣਿਆ ਹੋਇਆ ਹੈ। ਨਵਦੀਪ ਸੈਣੀ ਦਾ ਪ੍ਰਦਰਸ਼ਨ ਵੀ ਖਰਾਬ ਰਿਹਾ ਹੈ ਤੇ ਉਸਦੀ ਜਗ੍ਹਾ ਖੱਬੇ ਹੱਥ ਦਾ ਤੇਜ਼ ਗੇਂਦਬਾਜ਼ ਖਲੀਲ ਅਹਿਮਦ ਲਵੇਗਾ ਜਦਕਿ ਆਫ ਸਪਿਨਰ ਆਲਰਾਊਂਡਰ ਤਨੁਸ਼ ਕੋਟਿਆਨ ਨੂੰ ਮਾਨਵ ਸੁਥਾਰ ਦੀ ਜਗ੍ਹਾ ਆਖਰੀ-11 ਵਿਚ ਰੱਖਿਆ ਜਾਵੇਗਾ। ਉੱਥੇ ਹੀ, ਦੋ ਖਿਡਾਰੀਆਂ ਵਿਕਟਕੀਪਰ-ਬੱਲੇਬਾਜ਼ ਅਭਿਸ਼ੇਕ ਪੋਰੇਲ ਤੇ ਮੱਧਕ੍ਰਮ ਦੇ ਮਜ਼ਬੂਤ ਬੱਲੇਬਾਜ਼ ਰਿਕੂ ਭੂਈ ਇਸ ਮੈਚ ਵਿਚ ਨਹੀਂ ਖੇਡ ਸਕਣਗੇ।


author

Tarsem Singh

Content Editor

Related News