ਹਰ ਕੋਈ ਘਬਰਾ ਗਿਆ ਹੈ ਕਿ ਆਸਟਰੇਲੀਆ ਜਾਵਾਂਗੇ ਜਾਂ ਨਹੀਂ : ਡੇਵਿਡ ਹਸੀ
Monday, Apr 26, 2021 - 04:35 PM (IST)
ਸਪੋਰਟਸ ਡੈਸਕ-ਕੋਲਕਾਤਾ ਨਾਈਟਰਾਈਡਰਜ਼ ਦੇ ਸਲਾਹਕਾਰ ਡੇਵਿਡ ਹਸੀ ਨੇ ਕਿਹਾ ਹੈ ਕਿ ਆਈ. ਪੀ. ਐੱਲ. ਵਿਚ ਕੁਝ ਆਸਟਰੇਲੀਆਈ ਖਿਡਾਰੀ ‘ਘਬਰਾਹਟ’ ਮਹਿਸੂਸ ਕਰ ਰਹੇ ਹਨ ਕਿ ਭਾਰਤ ’ਚ ਵਧ ਰਹੇ ਕੋਰੋਨਾ ਕੇਸਾਂ ਕਾਰਨ ਉਹ ਆਪਣੇ ਘਰ ਵਾਪਸ ਕਿਵੇਂ ਜਾਣਗੇ ? ਆਸਟਰੇਲੀਆ ਦੇ ਸਾਬਕਾ ਕ੍ਰਿਕਟਰ ਹਸੀ ਨੇ ‘ਸਿਡਨੀ ਮਾਰਨਿੰਗ ਹੇਰਾਲਡ’ ਨੂੰ ਦੱਸਿਆ, ‘‘ਹਰ ਕੋਈ ਇਸ ਗੱਲ ਤੋਂ ਥੋੜ੍ਹਾ ਘਬਰਾ ਗਿਆ ਹੈ ਕਿ ਆਸਟਰੇਲੀਆ ਕਿਵੇਂ ਵਾਪਸ ਜਾਵੇਗਾ।’’ ਰਾਜਸਥਾਨ ਰਾਇਲਜ਼ ਦੇ ਤੇਜ਼ ਗੇਂਦਬਾਜ਼ ਐਂਡ੍ਰਿਊ ਟਾਈ ਨੇ ਆਪਣੇ ਦੇਸ਼ ’ਚ ਦਾਖਲੇ ਦੀ ਪਾਬੰਦੀ ਦੇ ਡਰ ਕਾਰਨ ਆਈ. ਪੀ. ਐੱਲ. ਨੂੰ ਅੱਧ-ਵਿਚਾਲੇ ਛੱਡ ਦਿੱਤਾ, ਜਦਕਿ ਗੇਂਦਬਾਜ਼ ਐਡਮ ਜ਼ਾਂਪਾ ਅਤੇ ਕੇਨ ਰਿਚਰਡਸਨ ਨੇ ਨਿੱਜੀ ਕਾਰਨਾਂ ਕਰਕੇ ਲੀਗ ਨੂੰ ਛੱਡਣ ਦਾ ਫੈਸਲਾ ਕੀਤਾ।
ਹਸੀ ਨੇ ਕਿਹਾ ਕਿ ਆਈ. ਪੀ. ਐੱਲ. ਲਈ ਸਖ਼ਤ ਬਾਇਓ ਬੱਬਲ ਬਣਾਇਆ ਗਿਆ ਹੈ ਪਰ ਖਿਡਾਰੀਆਂ ਦਾ ਭਾਰਤ ਦੀ ਮੌਜੂਦਾ ਸਥਿਤੀ ਪ੍ਰਤੀ ਚਿੰਤਤ ਹੋਣਾ ਸੁਭਾਵਿਕ ਹੈ। ਉਨ੍ਹਾਂ ਨੇ ਕਿਹਾ, ‘‘ਅਸੀਂ ਬਾਇਓ ਬਬਲ ਵਿਚ ਹਾਂ।’’ ਸਾਡੀ ਦੂਜੇ ਦਿਨ ਜਾਂਚ ਕੀਤੀ ਜਾ ਰਹੀ ਹੈ ਅਤੇ ਹਰ ਕਿਸੇ ਦੀ ਸੁਰੱਖਿਆ ਲਈ ਸਾਰੇ ਪ੍ਰਬੰਧ ਕੀਤੇ ਗਏ ਹਨ ਪਰ ਅਸੀਂ ਹਰ ਰੋਜ਼ ਖਬਰਾਂ ਨੂੰ ਦੇਖ ਰਹੇ ਹਾਂ। ਲੋਕਾਂ ਨੂੰ ਹਸਪਤਾਲ ਦੇ ਬਿਸਤਰੇ ’ਤੇ ਵੇਖ ਰਹੇ ਹਾਂ। ਬੀਤੀ ਰਾਤ ਮੈਚ ਤੋਂ ਬਾਅਦ ਵੀ ਅਸੀਂ ਇਸ ਬਾਰੇ ਗੱਲ ਕੀਤੀ ਕਿ ਅਸੀਂ ਕਿੰਨੇ ਖੁਸ਼ਕਿਸਮਤ ਹਾਂ ਕਿ ਅਸੀਂ ਕ੍ਰਿਕਟ ਖੇਡ ਕੇ ਵਿਸ਼ਵ ਭਰ ਦੇ ਲੋਕਾਂ ਦਾ ਮਨੋਰੰਜਨ ਕਰ ਰਹੇ ਹਾਂ।’’
ਉਸ ਨੇ ਕਿਹਾ, ‘‘ਹਰ ਕੋਈ ਇਥੋਂ ਦੇ ਹਾਲਾਤ ਵੇਖ ਕੇ ਘਬਰਾ ਗਿਆ ਹੈ। ਕੁਝ ਖਿਡਾਰੀਆਂ ਦੇ ਪਿਤਾ ਦੀ ਮੌਤ ਹੋ ਗਈ। ਸਟਾਫ ਮੈਂਬਰ ਦੇ ਪਿਤਾ ਵੀ ਪਿਛਲੇ ਸਾਲ ਕੋਰੋਨਾ ’ਚੋਂ ਲੰਘੇ ਅਤੇ ਕਿਹਾ ਕਿ ਹੁਣ ਉਸ ਦਾ ਸਮਾਂ ਹੈ।’’ ਹਸੀ ਨੇ ਕਿਹਾ ਕਿ ਕੇ. ਕੇ. ਆਰ. ਦੇ ਨਜ਼ਰੀਏ ਤੋਂ ਅਸੀਂ ਚਾਹੁੰਦੇ ਹਾਂ ਕਿ ਟੂਰਨਾਮੈਂਟ ਇਸੇ ਤਰ੍ਹਾਂ ਜਾਰੀ ਰਹੇ, ਕਿਉਂਕਿ ਤਾਲਾਬੰਦੀ ’ਚ ਕਰਨ ਲਈ ਕੁਝ ਹੋਰ ਹੈ ਹੀ ਨਹੀਂ।