ਯੂਰਪੀਅਨ ਕਬੱਡੀ ਚੈਂਪੀਅਨਸ਼ਿਪ ਗਲਾਸਗੋ 2019 ਦਾ ਜੇਤੂ ਤਾਜ ਪੋਲੈਂਡ ਸਿਰ ਸਜਿਆ

10/16/2019 6:28:50 PM

ਲੰਡਨ/ਗਲਾਸਗੋ- ਗਲਾਸਗੋ ਦੇ ਐਮੀਰੇਟਸ ਐਰੀਨਾ ਵਿਖੇ ਯੂਰਪੀਅਨ ਕਬੱਡੀ ਚੈਂਪੀਅਨਸ਼ਿਪ ਗਲਾਸਗੋ 2019 ਕਰਵਾਈ ਗਈ । ਇਸ ਚੈਂਪੀਅਨਸ਼ਿਪ 'ਚ ਯੂਰਪ 'ਚੋਂ ਕਬੱਡੀ ਟੀਮਾਂ ਨੇ ਹਿੱਸਾ ਲਿਆ । ਇਸ ਚੈਂਪੀਅਨਸ਼ਿਪ ਵਿਚ ਹਿੱਸਾ ਲੈਣ ਵਾਲੀਆਂ ਟੀਮਾਂ ਨੂੰ ਦੋ ਗਰੁੱਪਾਂ ਵਿਚ ਵੰਡਿਆ ਗਿਆ ਸੀ, ਜਿਨ੍ਹਾਂ ਵਿਚ ਇੰਗਲੈਂਡ ਨੇ ਪੋਲੈਂਡ, ਨਾਰਵੇ ਨੇ ਇੰਗਲੈਂਡ, ਪੋਲੈਂਡ ਨੇ ਇਟਲੀ, ਇਟਲੀ ਨੇ ਇੰਗਲੈਂਡ, ਨਾਰਵੇ ਨੇ ਪੋਲੈਂਡ, ਹਾਲੈਂਡ ਨੇ ਜਰਮਨੀ, ਸਕਾਟਲੈਂਡ ਨੇ ਹਾਲੈਂਡ, ਸਕਾਟਲੈਂਡ ਨੇ ਜਰਮਨੀ ਨੂੰ ਹਰਾਇਆ।

ਅੰਕਾਂ ਦੇ ਆਧਾਰ 'ਤੇ ਪੋਲੈਂਡ ਅਤੇ ਹਾਲੈਂਡ ਦੇ ਖਿਡਾਰੀਆਂ ਨੂੰ ਫਾਈਨਲ ਮੈਚ ਖੇਡਣ ਦਾ ਮੌਕਾ ਨਸੀਬ ਹੋਇਆ, ਜਿਸ ਵਿਚ ਪੋਲੈਂਡ ਦੀ ਟੀਮ ਨੇ ਧਮਾਕੇਦਾਰ ਪ੍ਰਦਰਸ਼ਨ ਕਰਦਿਆਂ ਹਾਲੈਂਡ ਨੂੰ 48-27 ਦੇ ਫ਼ਰਕ ਨਾਲ ਹਰਾ ਕੇ ਯੂਰਪੀਅਨ ਕਬੱਡੀ ਚੈਂਪੀਅਨਸ਼ਿਪ 'ਤੇ ਕਬਜ਼ਾ ਕਰ ਲਿਆ। ਇਸ ਸਮੇਂ ਕਰਵਾਏ ਗਏ ਇੰਗਲੈਂਡ ਅਤੇ ਸਕਾਟਲੈਂਡ ਦੀਆਂ ਕੁੜੀਆਂ ਦੇ ਨੈਸ਼ਨਲ ਸਟਾਈਲ ਕਬੱਡੀ ਸ਼ੋਅ ਮੈਚ ਵਿਚ ਇੰਗਲੈਂਡ ਨੇ 46-28 ਦੇ ਫ਼ਰਕ ਨਾਲ ਜਿੱਤ ਹਾਸਲ ਕਰ ਕੇ ਜੇਤੂ ਟਰਾਫੀ ਆਪਣੀ ਝੋਲੀ ਪਾਈ । ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ ਜਰਮਨੀ ਅਤੇ ਸਕਾਟਲੈਂਡ ਦੇ ਪੰਜਾਬ ਸਟਾਈਲ ਕਬੱਡੀ ਸ਼ੋਅ ਮੈਚ ਵਿਚ ਜਰਮਨੀ ਦੇ ਖਿਡਾਰੀਆਂ ਨੇ ਜਿੱਤ ਦਰਜ ਕੀਤੀ ।