ਇੰਟਰ ਮਿਲਾਨ ਨੂੰ 3-2 ਤੋਂ ਹਰਾ ਕੇ ਸੇਵਿਲਾ ਬਣਿਆ ਯੂਰੋਪਾ ਲੀਗ ਚੈਂਪੀਅਨ
Saturday, Aug 22, 2020 - 01:26 PM (IST)

ਕੋਲੋਨ/ ਜਰਮਨੀ (ਭਾਸ਼ਾ) : ਰੋਮੇਲੂ ਲੁਕਾਕੁ ਦਾ ਆਤਮਘਾਤੀ ਗੋਲ ਕਰਣਾ ਇੰਟਰ ਮਿਲਾਨ ਨੂੰ ਭਾਰੀ ਪਿਆ ਜਿਸ ਨਾਲ ਸੇਵਿਲਾ ਨੇ ਕੋਵਿਡ-19 ਮਹਾਮਾਰੀ ਕਾਰਨ ਸਭ ਤੋਂ ਲੰਬੇ ਸਮੇਂ ਤੱਕ ਚੱਲੀ ਯੂਰੋਪਾ ਫੁੱਟਬਾਲ ਲੀਗ ਦੇ ਫਾਈਨਲ ਵਿਚ 3-2 ਨਾਲ ਜਿੱਤ ਦਰਜ ਕਰਕੇ ਛੇਵੀਂ ਵਾਰ ਖ਼ਿਤਾਬ ਆਪਣੇ ਨਾਮ ਕੀਤਾ।
ਲੁਕਾਕੁ ਨੇ ਸ਼ੁੱਕਰਵਾਰ ਨੂੰ ਮੈਚ ਦੇ ਪੰਜਵੇਂ ਮਿੰਟ ਵਿਚ ਪੈਨਲਟੀ ਨੂੰ ਗੋਲ ਵਿਚ ਬਦਲ ਕੇ ਇੰਟਰ ਮਿਲਾਨ ਦਾ ਖਾਤਾ ਖੋਲ੍ਹਿਆ ਪਰ ਇਸ ਦੇ ਲੁਕ ਡੀ ਜੋਂਗ ਨੇ 12ਵੇਂ ਅਤੇ 33ਵੇਂ ਮਿੰਟ ਵਿਚ ਗੋਲ ਕਰਕੇ ਸੇਵਿਲਾ ਨੂੰ 2-1 ਤੋਂ ਅੱਗੇ ਕਰ ਦਿੱਤਾ। ਸੇਵਿਲਾ ਦੀ ਇਹ ਬੜਤ ਹਾਲਾਂਕਿ ਜ਼ਿਆਦਾ ਦੇਰ ਤੱਕ ਕਾਇਮ ਨਹੀਂ ਰਹੀ ਅਤੇ ਡਿਏਗੋ ਗੋਡਿਨ ਨੇ 35ਵੇਂ ਮਿੰਟ ਵਿਚ ਸਕੋਰ 2-2 ਨਾਲ ਬਰਾਬਰ ਕਰਕੇ ਮੈਚ ਵਿਚ ਇੰਟਰ ਮਿਲਾਨ ਦੀ ਵਾਪਸੀ ਕਰ ਦਿੱਤੀ। ਬੈਲਜੀਅਮ ਦੇ ਲੁਕਾਕੁ ਨੇ ਮੈਚ ਦੇ 74ਵੇਂ ਮਿੰਟ ਵਿਚ ਡਿਏਗੋ ਕਾਰਲੋਸ ਦੇ ਕਿਕ ਨੂੰ ਆਪਣੇ ਗੋਲ ਪੋਸਟ ਦੀ ਵੱਲ ਮੋੜ ਦਿੱਤਾ ਅਤੇ ਇਸ ਆਤਮਘਾਤੀ ਗੋਲ ਨੇ ਸੇਵਿਲਾ ਦੀ ਬੜਤ ਨੂੰ 3-2 ਕਰ ਦਿੱਤਾ ਜੋ ਮੈਚ ਖ਼ਤਮ ਹੋਣ ਤੱਕ ਬਰਕਰਾਰ ਰਹੀ।