ਬਾਇਓ ਬਬਲ ਦੀ ਕਥਿਤ ਉਲੰਘਣਾਂ ਲਈ ਇੰਗਲੈਂਡ ਦੇ ਅੰਪਾਇਰ ਮਾਈਕਲ ਗੋਫ 'ਤੇ ਲੱਗੀ 6 ਦਿਨਾਂ ਦੀ ਪਾਬੰਦੀ
Tuesday, Nov 02, 2021 - 05:08 PM (IST)
ਲੰਡਨ (ਭਾਸ਼ਾ)- ਇੰਗਲੈਂਡ ਦੇ ਅੰਪਾਇਰ ਮਾਈਕਲ ਗੋਫ 'ਤੇ ਟੀ-20 ਵਿਸ਼ਵ ਕੱਪ ਵਿਚ ਬਾਇਓ ਬਬਲ ਦੀ ਕਥਿਤ ਉਲੰਘਣਾ ਦੇ ਦੋਸ਼ ਕਾਰਨ 6 ਦਿਨਾਂ ਦੀ ਪਾਬੰਦੀ ਲਗਾਈ ਗਈ ਹੈ ਅਤੇ ਉਹ ਇਕਾਂਤਵਾਸ ਵਿਚ ਹਨ।
'ਦਿ ਡੇਲੀ ਮਿਰਰ' ਦੀ ਰਿਪੋਰਟ ਅਨੁਸਾਰ ਡਰਹਮ ਦੇ ਸਾਬਕਾ ਬੱਲੇਬਾਜ਼ ਅਤੇ ਅੰਤਰਰਾਸ਼ਟਰੀ ਕ੍ਰਿਕਟ ਦੇ ਸਰਵੋਤਮ ਅੰਪਾਇਰਾਂ ਵਿਚੋਂ ਇਕ ਗੋਫ ਨੂੰ ਆਈ.ਸੀ.ਸੀ. ਦੀ ਬਾਇਓ ਸੇਫਟੀ ਕਮੇਟੀ ਨੇ ਯੂ.ਏ.ਈ. ਵਿਚ ਕੋਰੋਨਾ ਬਾਇਓ ਬਬਲ ਦੀ ਉਲੰਘਣਾ ਕਰਨ ਲਈ ਦੋਸ਼ੀ ਪਾਇਆ। ਗੋਫ ਆਪਣੇ ਹੋਟਲ ਵਿਚੋਂ ਟੂਰਨਾਮੈਂਟ ਦੇ ਬਾਇਓ ਬੱਬਲ ਦੇ ਬਾਹਰ ਕੁੱਝ ਵਿਅਕਤੀਆਂ ਨੂੰ ਮਿਲਣ ਬਿਨਾਂ ਦੱਸੇ ਚਲੇ ਗਏ ਸਨ। ਆਈ.ਸੀ.ਸੀ. ਦੇ ਬੁਲਾਰੇ ਦੇ ਹਵਾਲੇ ਤੋਂ ਅਖ਼ਬਾਰ ਨੇ ਕਿਹਾ, 'ਬਾਇਓ ਸੇਫਟੀ ਐਡਵਾਈਜ਼ਰੀ ਕਮੇਟੀ ਨੇ ਅੰਪਾਇਰ ਮਾਈਕਲ ਗੋਫ ਨੂੰ ਕੋਰੋਨਾ ਬਾਇਓ ਸੇਫਟੀ ਪ੍ਰੋਟੋਕੋਲ ਦੀ ਉਲੰਘਣਾ ਕਾਰਨ 6 ਦਿਨਾਂ ਲਈ ਆਈਸੋਲੇਸ਼ਨ 'ਚ ਰਹਿਣ ਲਈ ਕਿਹਾ ਹੈ।'
ਗੋਫ ਨੂੰ ਐਤਵਾਰ ਨੂੰ ਦੁਬਈ 'ਚ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਹੋਏ ਮੈਚ ਵਿਚ ਅੰਪਾਇਰਿੰਗ ਕਰਨੀ ਸੀ ਪਰ ਉਨ੍ਹਾਂ ਥਾਂ ਦੱਖਣੀ ਅਫ਼ਰੀਕਾ ਦੇ ਮਰਾਈਸ ਇਰਾਸਮਸ ਨੇ ਲਈ। ਹੁਣ ਉਹ ਹੋਟਲ ਦੇ ਕਮਰੇ ਵਿਚ ਹਨ ਅਤੇ ਹਰ ਦੂਜੇ ਦਿਨ ਉਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਉਹ 6 ਦਿਨ ਦਾ ਇਕਾਂਤਵਾਸ ਪੂਰਾ ਹੋਣ ਅਤੇ ਜਾਂਚ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਹੀ ਅੰਪਾਇਰਿੰਗ ਕਰ ਸਕਣਗੇ।