ਜਦੋਂ ਸਚਿਨ ਦੇ ਬੇਟੇ ਦੀ ਯਾਰਕਰ ਗੇਂਦ ਨੇ ਕੀਤਾ ਇੰਗਲਿਸ਼ ਬੱਲੇਬਾਜ਼ ਫੱਟੜ!
Thursday, Jul 06, 2017 - 04:26 PM (IST)

ਨਵੀਂ ਦਿੱਲੀ— ਸਚਿਨ ਤੇਂਦੁਲਕਰ ਕ੍ਰਿਕਟ ਦੀ ਦੁਨੀਆ ਦਾ ਅਜਿਹਾ ਨਾਂ ਹੈ, ਜਿਸ ਤੋਂ ਦੂਜੀਆਂ ਟੀਮਾਂ ਦੇ ਖਿਡਾਰੀ ਖੌਫ ਖਾਂਦੇ ਸਨ। ਹੁਣ ਲੱਗਦਾ ਹੈ ਕਿ ਉਨ੍ਹਾਂ ਦੇ ਬੇਟਾ ਇਹੀ ਕੰਮ ਕਰਨ ਵਾਲਾ ਹੈ। ਸਚਿਨ ਦੇ 17 ਸਾਲਾਂ ਦੇ ਬੇਟੇ ਅਰਜੁਨ ਤੇਂਦੁਲਕਰ ਨੇ ਇੰਗਲੈਂਡ ਦੇ ਮੰਨੇ-ਪ੍ਰਮੰਨੇ ਬੱਲੇਬਾਜ਼ ਨੂੰ ਆਪਣੀ ਯਾਰਕਰ ਨਾਲ ਨਾ ਸਿਰਫ ਬੀਟ ਕੀਤਾ ਸਗੋਂ ਉਨ੍ਹਾਂ ਨੂੰ ਜ਼ਖਮੀ ਵੀ ਕਰ ਦਿੱਤਾ। ਅਰਜੁਨ ਦੀ ਉਚਾਈ ਕਰੀਬ 6 ਫੁੱਟ ਹੈ ਅਤੇ ਇਸ ਉਚਾਈ ਨਾਲ ਉਹ ਵਧੀਆ ਯਾਰਕਰ ਗੇਂਦ ਪਾ ਲੈਂਦੇ ਹਨ।
ਇੰਗਲੈਂਡ ਦੇ ਅਖਬਾਰ ਡੇਲੀ ਮੇਲ ਦੀ ਇੱਕ ਰਿਪੋਰਟ ਮੁਤਾਬਕ ਸਚਿਨ ਦੇ ਬੇਟੇ ਅਰਜੁਨ ਦੀ ਇੱਕ ਤੇਜ਼ ਯਾਰਕਰ ਇੰਗਲਿਸ਼ ਬੱਲੇਬਾਜ਼ ਜਾਨੀ ਬੇਅਰਸਟੋ ਦੇ ਪੈਰ ਵਿੱਚ ਜਾ ਲੱਗੀ। ਦੱਖਣ ਅਫਰੀਕਾ ਖਿਲਾਫ ਪਹਿਲੇ ਟੈਸਟ ਲਈ ਲਾਰਡਸ ਮੈਦਾਨ ਉੱਤੇ ਅਭਿਆਸ ਕਰਦੇ ਹੋਏ ਬੇਅਰਸਟੋ ਨੂੰ ਇਹ ਗੇਂਦ ਲੱਗੀ। ਹਾਲਾਂਕਿ ਇਸ ਤੋਂ ਉਨ੍ਹਾਂ ਦੇ ਪਹਿਲੇ ਟੈਸਟ ਵਿੱਚ ਖੇਡਣ ਦੀ ਸੰਭਾਵਨਾ ਉੱਤੇ ਕੋਈ ਅਸਰ ਨਹੀਂ ਪਿਆ ਹੈ ਪਰ ਦਰਦ ਤੋਂ ਰਾਹਤ ਪਾਉਣ ਲਈ ਉਨ੍ਹਾਂ ਨੂੰ ਤੁਰੰਤ ਮੈਡੀਕਲ ਸਹਾਇਤਾ ਲੈਣੀ ਪਈ।
ਦੱਸ ਦਈਏ ਕਿ ਅਰਜੁਨ ਦੇ ਪਿਤਾ ਸਚਿਨ ਨੇ ਇੰਗਲੈਂਡ ਖਿਲਾਫ ਆਪਣੇ ਦੂਜੇ ਹੀ ਮੈਚ ਵਿੱਚ ਓਲਡ ਟਰੇਫਰਡ ਦੇ ਮੈਦਾਨ ਉੱਤੇ ਸਿਰਫ਼ 16 ਸਾਲ 112 ਦਿਨ ਦੀ ਉਮਰ ਵਿੱਚ ਸ਼ਾਨਦਾਰ ਅਜੇਤੂ 119 ਦੌੜਾਂ ਦੀ ਪਾਰੀ ਖੇਡੀ ਸੀ। ਅਰਜੁਨ ਲਾਰਡਸ ਦੇ ਇੰਡੋਰ ਨੈੱਟਸ ਉੱਤੇ ਜਾਣਿਆ ਪਹਿਚਾਣਿਆ ਨਾਂ ਹੈ। ਉਹ ਆਪਣੇ ਪਿਤਾ ਨਾਲ ਕਈ ਵਾਰ ਇੱਥੇ ਆ ਚੁੱਕੇ ਹਨ। ਹਾਲ ਹੀ ਵਿੱਚ ਖੇਡੀ ਗਈ ਚੈਂਪੀਅਨਸ ਟਰਾਫੀ ਦੌਰਾਨ ਉਹ ਨੈੱਟ ਸੈਸ਼ਨ ਵਿੱਚ ਭਾਰਤੀ ਟੀਮ ਨਾਲ ਵੀ ਨਜ਼ਰ ਆਏ ਸਨ। ਇਸ ਤੋਂ ਪਹਿਲਾਂ ਉਹ ਭਾਰਤੀ ਟੀਮ ਅਤੇ ਇੰਗਲੈਂਡ ਦੀ ਟੀਮ ਨਾਲ ਵੀ ਟ੍ਰੇਨਿੰਗ ਕਰ ਚੁੱਕੇ ਹਨ।
ਦੱਸ ਦਈਏ ਕਿ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਅਤੇ ਬੱਲੇਬਾਜ਼ ਅਰਜੁਨ ਮੁੰਬਈ ਅੰਡਰ-14 ਅਤੇ ਅੰਡਰ-16 ਟੀਮ ਵਿੱਚ ਵੀ ਖੇਡ ਚੁੱਕੇ ਹਨ।