ENG vs WI : ਵਿੰਡੀਜ਼ ਨੂੰ 269 ਦੌੜਾਂ ਨਾਲ ਹਰਾ ਇੰਗਲੈਂਡ ਨੇ ਸੀਰੀਜ਼ 'ਤੇ 2-1 ਨਾਲ ਕੀਤਾ ਕਬਜ਼ਾ

07/28/2020 8:12:59 PM

ਮਾਨਚੈਸਟਰ- ਇੰਗਲੈਂਡ ਤੇ ਵੈਸਟਇੰਡੀਜ਼ ਵਿਚਾਲੇ 3 ਮੈਚਾਂ ਦੀ ਟੈਸਟ ਸੀਰੀਜ਼ ਖੇਡੀ ਗਈ। ਕ੍ਰਿਸ ਵੋਕਸ (50 ਦੌੜਾਂ 'ਤੇ 5 ਵਿਕਟਾਂ) ਤੇ ਸਟੂਅਰਟ ਬ੍ਰਾਡ (36 ਦੌੜਾਂ 'ਤੇ 4 ਵਿਕਟਾਂ) ਦੀ ਘਾਤਕ ਗੇਂਦਬਾਜ਼ੀ ਦੇ ਦਮ 'ਤੇ ਮੇਜ਼ਬਾਨ ਇੰਗਲੈਂਡ ਨੇ ਵੈਸਟਇੰਡੀਜ਼ ਨੂੰ ਤੀਜੇ ਤੇ ਫੈਸਲਾਕੁੰਨ ਟੈਸਟ ਮੈਚ ਦੇ ਪੰਜਵੇਂ ਤੇ ਆਖਰੀ ਦਿਨ ਮੰਗਲਵਾਰ ਨੂੰ 269 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਕੇ 3 ਮੈਚਾਂ ਦੀ ਸੀਰੀਜ਼ 2-1 ਨਾਲ ਜਿੱਤ ਕੇ ਵਿਜ਼ਡਨ ਟਰਾਫੀ ਹਾਸਲ ਕਰ ਲਈ। ਕੋਰੋਨਾ ਮਹਾਮਾਰੀ ਦੇ ਕਾਰਣ 117 ਦਿਨਾਂ ਦੇ ਲੰਬੇ ਸਮੇਂ ਬਾਅਦ ਇਸ ਸੀਰੀਜ਼ ਨਾਲ ਕੌਮਾਂਤਰੀ ਕ੍ਰਿਕਟ ਦੀ ਵਾਪਸੀ ਹੋਈ ਹੈ। ਦਰਸ਼ਕਾਂ ਦੇ ਬਿਨਾਂ ਤੇ ਕੋਰੋਨਾ ਦੇ ਕਾਰਣ ਕੁਝ ਨਵੇਂ ਨਿਯਮਾਂ ਦੇ ਨਾਲ ਖੇਡੀ ਗਈ ਇਸ ਸੀਰੀਜ਼ ਵਿਚ ਇੰਗਲੈਂਡ ਨੇ ਪਹਿਲਾ ਟੈਸਟ ਹਾਰ ਜਾਣ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦੇ ਹੋਏ ਅਗਲੇ ਦੋ ਟੈਸਟ ਜਿੱਤ ਕੇ 20 ਸਾਲ ਪੁਰਾਣਾ ਇਤਿਹਾਸ ਦੁਹਰਾ ਦਿੱਤਾ। ਬ੍ਰਾਡ ਨੇ ਤੀਜੇ ਟੈਸਟ ਵਿਚ ਕੁਲ 10 ਵਿਕਟਾਂ ਹਾਸਲ ਕੀਤੀਆਂ।
ਇੰਗਲੈਂਡ ਨੇ ਮੈਚ ਦੇ ਤੀਜੇ ਦਿਨ ਆਪਣੀ ਦੂਜੀ ਪਾਰੀ ਵਿਚ 2 ਵਿਕਟਾਂ 'ਤੇ 226 ਦੌੜਾਂ ਬਣਾ ਕੇ ਖਤਮ ਐਲਾਨ ਕਰਕੇ ਵੈਸਟਇੰਡੀਜ਼ ਦੇ ਸਾਹਮਣੇ 399 ਦੌੜਾਂ ਦਾ ਬੇਹੱਦ ਮੁਸ਼ਕਿਲ ਟੀਚਾ ਰੱਖਿਆ ਸੀ। ਵੈਸਟਇੰਡੀਜ਼ ਨੇ ਟੀਚੇ ਦਾ ਪਿੱਛਾ ਕਰਦੇ ਹੋਏ ਤੀਜੇ ਦਿਨ ਸਟੰਪਸ ਤਕ ਦੋ ਵਿਕਟਾਂ ਗੁਆ ਕੇ 10 ਦੌੜਾਂ ਬਣਾਈਆਂ ਸਨ। ਚੌਥੇ ਦਿਨ ਲਗਾਤਾਰ ਮੀਂਹ ਕਾਰਣ ਪੂਰੇ ਦਿਨ ਦੀ ਖੇਡ ਨਹੀਂ ਹੋ ਸਕੀ ਸੀ ਤੇ ਇਕ ਵੀ ਗੇਂਦ ਨਹੀਂ ਸੁੱਟੀ ਗਈ। ਵੋਕਸ ਤੇ ਬ੍ਰਾਡ ਨੇ ਆਖਰੀ ਦਿਨ ਵੈਸਟਇੰਡੀਜ਼ ਦੀ ਦੂਜੀ ਪਾਰੀ ਸਿਰਫ 129 ਦੌੜਾਂ 'ਤੇ ਸਮੇਟ ਕਰ ਕੇ ਸੀਰੀਜ਼ ਜਿੱਤ ਕੇ ਇੰਗਲੈਂਡ ਦੀ ਝੋਲੀ ਵਿਚ ਪਾ ਦਿੱਤੀ। ਇੰਗਲੈਂਡ ਨੇ ਸਾਲ 2000 ਵਿਚ ਵੈਸਟਇੰਡੀਜ਼ ਤੋਂ ਪਹਿਲਾ ਟੈਸਟ ਗਵਾਉਣ ਤੋਂ ਬਾਅਦ ਸੀਰੀਜ਼ 3-1 ਨਾਲ ਜਿੱਤੀ ਸੀ ਤੇ ਇਸ ਵਾਰ ਉਸ ਨੇ ਪਹਿਲਾ ਟੈਸਟ ਗਵਾਉਣ ਤੋਂ ਬਾਅਦ ਸੀਰੀਜ਼ 2-1 ਨਾਲ ਜਿੱਤ ਲਈ।

PunjabKesari
ਜ਼ਿਕਰਯੋਗ ਹੈ ਕਿ ਇੰਗਲੈਂਡ ਦਾ ਤੇਜ਼ ਗੇਂਦਬਾਜ਼ ਸਟੂਅਰਟ ਬ੍ਰਾਡ ਕ੍ਰਿਕਟ ਵਿਚ 500 ਵਿਕਟਾਂ ਦੀ ਚੋਟੀ 'ਤੇ ਪਹੁੰਚ ਗਿਆ ਹੈ। 34 ਸਾਲਾ ਬ੍ਰਾਡ ਨੇ ਵੈਸਟਇੰਡੀਜ਼ ਵਿਰੁੱਧ ਤੀਜੇ ਤੇ ਆਖਰੀ ਟੈਸਟ ਮੈਚ ਦੇ ਪੰਜਵੇਂ ਤੇ ਆਖਰੀ ਦਿਨ ਮੰਗਲਵਾਰ ਨੂੰ ਕ੍ਰੇਗ ਬ੍ਰੈੱਥਵੇਟ ਨੂੰ ਆਊਟ ਕਰਕੇ ਆਪਣਾ 500ਵਾਂ ਸ਼ਿਕਾਰ ਕੀਤਾ ਤੇ 500 ਟੈਸਟ ਵਿਕਟਾਂ ਲੈਣ ਵਾਲੇ ਗੇਂਦਬਾਜ਼ਾਂ ਦੇ ਵਿਸ਼ੇਸ਼ ਕਲੱਬ ਵਿਚ ਸ਼ਾਮਲ ਹੋ ਗਿਆ। ਬ੍ਰਾਡ ਆਪਣੇ 140ਵੇਂ ਟੈਸਟ ਵਿਚ ਇਸ ਉਪਲੱਬਧੀ 'ਤੇ ਪਹੁੰਚਿਆ ਹੈ। ਬ੍ਰਾਡ ਟੈਸਟ ਕ੍ਰਿਕਟ ਵਿਚ 500 ਵਿਕਟਾਂ ਲੈਣ ਵਾਲਾ ਦੁਨੀਆ ਦਾ ਚੌਥਾ ਤੇਜ਼ ਗੇਂਦਬਾਜ਼ ਅਤੇ ਕੁਲ 7ਵੇਂ ਗੇਂਦਬਾਜ਼ ਬਣ ਗਿਆ ਹੈ।

PunjabKesari


Gurdeep Singh

Content Editor

Related News