ਇੰਗਲੈਂਡ ਨੇ ਵੈਸਟਇੰਡੀਜ਼ ਨੂੰ 3 ਵਿਕਟਾਂ ਨਾਲ ਹਰਾਇਆ, ਲੜੀ 'ਚ 3-0 ਦੀ ਬਣਾਈ ਬੜ੍ਹਤ
Friday, Nov 15, 2024 - 05:43 PM (IST)
ਗ੍ਰਾਸ ਆਇਸਲੇਟ : ਸਾਕਿਬ ਮਹਿਮੂਦ ਅਤੇ ਜੈਮੀ ਓਵਰਟਰਨ (ਤਿੰਨ-ਤਿੰਨ ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਤੋਂ ਬਾਅਦ ਸੈਮ ਕੁਰਾਨ (41) ਅਤੇ ਲਿਆਮ ਲਿਵਿੰਗਸਟਨ (39) ਦੀ ਸ਼ਾਨਦਾਰ ਬੱਲੇਬਾਜ਼ੀ ਦੀ ਬਦੌਲਤ ਇੰਗਲੈਂਡ ਨੇ ਸ਼ੁੱਕਰਵਾਰ ਨੂੰ ਤੀਜੇ ਟੀ-20 ਮੈਚ 'ਚ ਵੈਸਟਇੰਡੀਜ਼ ਨੂੰ ਤਿੰਨ ਵਿਕਟਾਂ ਨਾਲ ਹਰਾ ਦਿੱਤਾ 5 ਮੈਚਾਂ ਦੀ ਸੀਰੀਜ਼ ’ਚ 3-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ।
146 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਇੰਗਲੈਂਡ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਉਸ ਨੇ 5.3 ਓਵਰਾਂ ’ਚ 37 ਦੇ ਸਕੋਰ 'ਤੇ ਤਿੰਨ ਵਿਕਟਾਂ ਗੁਆ ਦਿੱਤੀਆਂ। ਫਿਲ ਸਾਲਟ, ਕਪਤਾਨ ਜੋਸ ਬਟਲਰ ਅਤੇ ਜੈਕਬ ਬੈਥਲ ਚਾਰ-ਚਾਰ ਦੌੜਾਂ ਬਣਾ ਕੇ ਆਊਟ ਹੋਏ। ਵਿਲ ਜੈਕਸ ਅਤੇ ਸੈਮ ਕੁਰਾਨ ਨੇ ਪਾਰੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ। ਗੁਡਾਕੇਸ਼ ਮੋਤੀ ਨੇ 11ਵੇਂ ਓਵਰ ’ਚ ਵਿਲ ਜੈਕਸ (32) ਨੂੰ ਆਊਟ ਕਰਕੇ ਇਸ ਸਾਂਝੇਦਾਰੀ ਨੂੰ ਤੋੜਿਆ। ਸੈਮ ਕੁਰਨ ਨੇ 26 ਗੇਂਦਾਂ ’ਚ ਤਿੰਨ ਚੌਕੇ ਅਤੇ ਇਕ ਛੱਕਾ ਜੜ ਕੇ 41 ਦੌੜਾਂ ਦੀ ਪਾਰੀ ਖੇਡੀ।
ਲਿਆਮ ਲਿਵਿੰਗਸਟਨ ਨੇ 28 ਗੇਂਦਾਂ ’ਚ ਦੋ ਚੌਕਿਆਂ ਅਤੇ ਦੋ ਛੱਕਿਆਂ ਦੀ ਮਦਦ ਨਾਲ (39) ਦੌੜਾਂ ਬਣਾਈਆਂ। ਡੈਨ ਮੌਸਲੇ (8) ਇਕ ਦੌੜ ਬਣਾ ਕੇ ਆਊਟ ਹੋ ਗਏ। ਜੈਮੀ ਓਵਰਟਰਨ (4) ਅਤੇ ਰੇਹਾਨ ਅਹਿਮਦ (5) ਦੌੜਾਂ ਬਣਾ ਕੇ ਅਜੇਤੂ ਰਹੇ। ਇੰਗਲੈਂਡ ਨੇ 19.2 ਓਵਰਾਂ ’ਚ 149 ਦੌੜਾਂ ਬਣਾ ਕੇ ਤਿੰਨ ਵਿਕਟਾਂ ਨਾਲ ਮੈਚ ਜਿੱਤ ਲਿਆ। ਇੰਗਲੈਂਡ ਦੇ ਸਾਕਿਬ ਮਹਿਮੂਦ, ਜਿਸ ਨੇ 17 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ, ਨੂੰ ਪਲੇਅਰ ਆਫ ਦਾ ਮੈਚ ਦਿੱਤਾ ਗਿਆ। ਵੈਸਟਇੰਡੀਜ਼ ਲਈ ਅਕੀਲ ਹੁਸੈਨ ਨੇ ਚਾਰ ਵਿਕਟਾਂ ਲਈਆਂ। ਅਲਜ਼ਾਰੀ ਜੋਸੇਫ, ਟਾਇਰੈਂਸ ਹਿੰਡਸ ਅਤੇ ਗੁਡਾਕੇਸ਼ ਮੋਤੀ ਨੇ ਇਕ-ਇਕ ਬੱਲੇਬਾਜ਼ ਨੂੰ ਆਊਟ ਕੀਤਾ।
ਇਸ ਤੋਂ ਪਹਿਲਾਂ ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਬੱਲੇਬਾਜ਼ੀ ਕਰਨ ਆਈ ਵੈਸਟਇੰਡੀਜ਼ ਦੀ ਸ਼ੁਰੂਆਤ ਬੇਹੱਦ ਖ਼ਰਾਬ ਰਹੀ ਅਤੇ ਉਸ ਨੇ 5.4 ਓਵਰਾਂ ’ਚ 37 ਦੇ ਸਕੋਰ ’ਤੇ 5 ਵਿਕਟਾਂ ਗੁਆ ਦਿੱਤੀਆਂ। ਸ਼ੇ ਹੋਪ (4), ਏਵਿਨ ਲੁਈਸ (3), ਨਿਕੋਲਸ ਪੂਰਨ (7), ਰੋਸਟਨ ਚੇਜ਼ (7) ਅਤੇ ਸ਼ਿਮਰੋਨ ਹੇਟਮਾਇਰ (2) ਦੌੜਾਂ ਬਣਾ ਕੇ ਆਊਟ ਹੋਏ। ਇਸ ਤੋਂ ਬਾਅਦ ਕਪਤਾਨ ਰੋਵਮੈਨ ਪਾਵੇਲ ਅਤੇ ਰੋਮਾਰੀਓ ਸ਼ੈਫਰਡ ਨੇ ਪਾਰੀ ਨੂੰ ਸੰਭਾਲਿਆ। ਦੋਵਾਂ ਬੱਲੇਬਾਜ਼ਾਂ ਵਿਚਾਲੇ ਛੇਵੀਂ ਵਿਕਟ ਲਈ 73 ਦੌੜਾਂ ਦੀ ਸਾਂਝੇਦਾਰੀ ਹੋਈ।
16ਵੇਂ ਓਵਰ ’ਚ ਜੈਮੀ ਓਵਰਟਰਨ ਨੇ ਰੋਮੀਓ ਸ਼ੈਫਰਡ (30) ਨੂੰ ਆਊਟ ਕਰਕੇ ਇਸ ਸਾਂਝੇਦਾਰੀ ਨੂੰ ਤੋੜ ਦਿੱਤਾ। ਇਸੇ ਓਵਰ ’ਚ ਉਸ ਨੇ ਗੁਡਾਕੇਸ਼ ਮੋਤੀ (0) ਨੂੰ ਵੀ ਪੈਵੇਲੀਅਨ ਭੇਜਿਆ। ਕਪਤਾਨ ਰੋਵਮੈਨ ਪਾਵੇਲ ਨੇ 41 ਗੇਂਦਾਂ ’ਚ 54 ਦੌੜਾਂ ਬਣਾਈਆਂ। ਅਲਜ਼ਾਰੀ ਜੋਸੇਫ (21) ਅਤੇ ਅਕੀਲ ਹੁਸੈਨ (8) 19 ਗੇਂਦਾਂ ’ਚ ਦੌੜਾਂ ਬਣਾ ਕੇ ਨਾਬਾਦ ਰਹੇ। ਵੈਸਟਇੰਡੀਜ਼ ਨੇ ਨਿਰਧਾਰਿਤ 20 ਓਵਰਾਂ 'ਚ ਅੱਠ ਵਿਕਟਾਂ 'ਤੇ 145 ਦੌੜਾਂ ਬਣਾਈਆਂ। ਇੰਗਲੈਂਡ ਲਈ ਸਾਕਿਬ ਮਹਿਮੂਦ ਅਤੇ ਜੈਮੀ ਓਵਰਟਰਨ ਨੇ ਤਿੰਨ-ਤਿੰਨ ਵਿਕਟਾਂ ਹਾਸਲ ਕੀਤੀਆਂ। ਜੋਫਰਾ ਆਰਚਰ ਨੇ ਇਕ ਬੱਲੇਬਾਜ਼ ਨੂੰ ਆਊਟ ਕੀਤਾ।