ਇੰਗਲੈਂਡ ਦੇ ਖਿਡਾਰੀ ਸਟੋਕਸ ਦੀ ਵਾਪਸੀ ਦੇ ਬਾਰੇ ’ਚ ਨਹੀਂ ਸੋਚ ਰਹੇ : ਵੁਡ

Sunday, Oct 17, 2021 - 05:08 PM (IST)

ਲੰਡਨ– ਇੰਗਲੈਂਡ ਦੇ ਤੇਜ਼ ਗੇਂਦਬਾਜ਼ ਮਾਰਕ ਵੁਡ ਨੇ ਕਿਹਾ ਕਿ ਬੇਨ ਸਟੋਕਸ ਦੇ ਇਸ ਹਫਤੇ ਨੈੱਟ ’ਤੇ ਟ੍ਰੇਨਿੰਗ ਵਿਚ ਵਾਪਸੀ ਤੋਂ ਬਾਅਦ ਖਿਡਾਰੀਆਂ ਦੇ ਦਿਮਾਗ ਵਿਚ ਇਕ ਵਾਰ ਵੀ ਇਹ ਗੱਲ ਨਹੀਂ ਆਈ ਕਿ ਇਸ ਆਲਰਾਊਂਡਰ ਨੂੰ ਏਸ਼ੇਜ਼ ਟੀਮ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ, ਕਿਉਂਕਿ ਸਾਰਿਆਂ ਨੂੰ ਸਿਰਫ ਉਸ ਦੇ ਠੀਕ ਹੋਣ ਦੀ ਚਿੰਤਾ ਹੈ। ਜੁਲਾਈ ਵਿਚ ਇੰਗਲੈਂਡ ਐਂਡ ਵੇਲਸ ਕ੍ਰਿਕਟ ਬੋਰਡ (ਈ. ਸੀ. ਬੀ.) ਨੇ ਐਲਾਨ ਕੀਤਾ ਸੀ ਕਿ ਸਟੋਕਸ ਆਪਣੀ ਮਾਨਸਿਕ ਤੰਦੁਰਸਤੀ ’ਤੇ ਧਿਆਨ ਦੇਣ ਲਈ ਕ੍ਰਿਕਟ ਦੇ ਸਾਰੇ ਸਵਰੂਪਾਂ ਤੋਂ ਅਣਮਿੱਥੇ ਸਮੇਂ ਲਈ ਬ੍ਰੇਕ ਲੈ ਰਿਹਾ ਹੈ ਜਦਕਿ ਇੰਡੀਅਨ ਪ੍ਰੀਮੀਅਰ ਲੀਗ ਦੇ ਇਸ ਸੈਸ਼ਨ ਦੇ ਪਹਿਲੇ ਗੇੜ ਦੌਰਾਨ ਲੱਗੀ ਉਂਗਲ ਦੀ ਸੱਟ ਤੋਂ ਵੀ ਉੱਭਰ ਰਿਹਾ ਹੈ। 

ਇਸ ਦੇ ਕਾਰਨ ਉਹ ਭਾਰਤ ਵਿਰੁੱਧ ਘਰੇਲੂ ਲੜੀ ਵਿਚ ਵੀ ਨਹੀਂ ਖੇਡਿਆ ਸੀ ਤੇ ਉਸ ਨੂੰ ਟੀ-20 ਵਿਸ਼ਵ ਕੱਪ ਤੇ ਏਸ਼ੇਜ਼ ਟੀਮ ਵਿਚ ਵੀ ਸ਼ਾਮਲ ਨਹੀਂ ਕੀਤਾ ਗਿਆ ਸੀ ਪਰ 30 ਸਾਲਾ ਇਸ ਖਿਡਾਰੀ ਨੇ ਇਸ ਹਫਤੇ ਦੇ ਸ਼ੁਰੂ ਵਿਚ ਟ੍ਰੇਨਿੰਗ ’ਤੇ ਵਾਪਸੀ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਪੋਸਟ ਕੀਤੀ, ਜਿਸ ਨਾਲ ਅਟਕਲਾਂ ਲਾਈਆਂ ਜਾਣ ਲੱਗੀਆਂ ਹਨ ਕਿ ਉਹ 8 ਦਸੰਬਰ ਤੋਂ ਬ੍ਰਿਸਬੇਨ ਵਿਚ ਸ਼ੁਰੂ ਹੋਣ ਵਾਲੀ ਪੰਜ ਟੈਸਟ ਮੈਚਾਂ ਦੀ ਲੜੀ ਵਿਚ ਖੇਡ ਸਕਦਾ ਹੈ। ਵੁਡ ਨੇ ਕਿਹਾ,‘‘ਕਿਸੇ ਵੀ ਖਿਡਾਰੀ ਨੇ ਇਕ ਵਾਰ ਵੀ ਸਟੋਕਸ ਦਾ ਜ਼ਿਕਰ ਨਹੀਂ ਕੀਤਾ ਹੈ। ਹਰ ਕਿਸੇ ਦੇ ਦਿਮਾਗ਼ ਵਿਚ ਬਸ ਇਕ ਚੀਜ਼ ਹੈ ਕਿ ਉਹ ਸਾਰੇ ਉਸ ਨੂੰ ਠੀਕ ਦੇਖਣਾ ਚਾਹੁੰਦੇ ਹਨ। ਕੋਈ ਵੀ ਇਸ ਤੋਂ ਅੱਗੇ ਦੇ ਬਾਰੇ ਵਿਚ ਸੋਚਣਾ ਨਹੀਂ ਚਾਹੁੰਦਾ।’’


Tarsem Singh

Content Editor

Related News