ਅਭਿਆਸ ਮੈਚ ਵਿਚ ਨਿਊਜ਼ੀਲੈਂਡ ਹੱਥੋਂ ਹਾਰਿਆ ਇੰਗਲੈਂਡ
Tuesday, Oct 29, 2019 - 11:40 AM (IST)

ਸਪੋਰਟਸ ਡੈਸਕ : ਕੋਲਿਨ ਮੁਨਰੋ ਨੇ 5 ਟੀ-20 ਕੌਮਾਂਤਰੀ ਮੈਚਾਂ ਦੀ ਸੀਰੀਜ਼ ਤੋਂ ਪਹਿਲਾਂ ਆਪਣੀ ਫਾਰਮ ਦਾ ਸ਼ਾਨਦਾਰ ਪ੍ਰਦਰਸ਼ਨ ਦਿਖਾਉਂਦਿਆਂ ਮੰਗਲਵਾਰ ਨੂੰ ਧਮਾਕੇਦਾਰ ਸੈਂਕੜਾ ਲਾਇਆ ਜਿਸ ਨਾਲ ਨਿਊਜ਼ੀਲੈਂਡ ਇਲੈਵਨ ਨੇ ਦੂਜੇ ਟੀ-20 ਅਭਿਆਸ ਕ੍ਰਿਕਟ ਮੈਚ ਵਿਚ ਇੰਗਲੈਂਡ ਨੂੰ 8 ਵਿਕਟਾਂ ਨਾਲ ਹਰਾਇਆ। ਇੰਗਲੈਂਡ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਤ 20 ਓਵਰਾਂ ਵਿਚ 5 ਵਿਕਟਾਂ 'ਤੇ 188 ਦੌੜਾਂ ਬਣਾਈਆਂ। ਨਿਊਜ਼ੀਲੈਂਡ ਇਲੈਵਨ ਨੇ ਮੁਨਰੋ ਦੀ 57 ਗੇਂਦਾਂ 'ਤੇ 9 ਚੌਕੇ ਅਤੇ 7 ਛੱਕਿਆਂ ਦੀ ਮਦਦ ਨਾਲ ਖੇਡੀ ਗਈ 107 ਦੌੜਾਂ ਦੀ ਪਾਰੀ ਦੀ ਮਦਦ ਨਾਲ 18.3 ਓਵਰਾਂ ਵਿਚ 2 ਵਿਕਟਾਂ 'ਤੇ 191 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਮੁਨਰੋ ਤੋਂ ਇਲਾਵਾ ਅਨਾਰੂ ਕਿਚਨ ਨੇ ਅਜੇਤੂ 48 ਦੌੜਾਂ ਬਣਾਈਆਂ। ਇਨ੍ਹਾਂ ਦੋਵਾਂ ਨੇ ਤੀਜੇ ਵਿਕਟ ਲਈ 138 ਦੌੜਾਂ ਦੀ ਅਟੁੱਟ ਸਾਂਝੇਦਾਰੀ ਕੀਤੀ।
ਇਸ ਤੋਂ ਪਹਿਲਾਂ ਇੰਗਲੈਂਡ ਨੇ ਚੋਟੀ ਕ੍ਰਮ ਲੜਖੜਾਉਣ ਤੋਂ ਬਾਅਦ ਜੇਮਸ ਵਿੰਸ (48), ਜੋ ਡੇਨਲੀ (ਅਜੇਤੂ 39), ਲੁਈਸ (ਅਜੇਤੂ 29) ਅਤੇ ਸੈਮ ਬਿਲਿੰਗਸ (27) ਦੇ ਮਹੱਤਵਪੂਰਨ ਯੋਗਦਾਨ ਨਾਲ ਚੁਣੌਤੀਪੂਰਨ ਸਕੋਰ ਖੜਾ ਕੀਤਾ ਸੀ। ਨਿਊਜ਼ੀਲੈਂਡ ਲਈ ਮਿਡਲ ਪੇਸਰ ਅਨੁਰਾਗ ਵਰਮਾ ਨੇ 46 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕੀਤੀਆਂ। ਇੰਗਲੈਂਡ ਅਤੇ ਨਿਊਜ਼ੀਲੈਂਡ ਵਿਚਾਲੇ ਇਕ ਨਵੰਬਰ ਤੋਂ 5 ਟੀ-20 ਕੌਮਾਂਤਰੀ ਮੈਚਾਂ ਦੀ ਸੀਰੀਜ਼ ਸ਼ੁਰੂ ਹੋਵੇਗੀ ਜਿਸ ਦਾ ਪਹਿਲਾ ਮੈਚ ਕ੍ਰਾਈਸਟਚਰਚ ਵਿਚ ਖੇਡਿਆ ਜਾਵੇਗਾ। ਇਸ ਤੋਂ ਬਾਅਦ ਇਨ੍ਹਾਂ ਦੋਵਾਂ ਟੀਮਾਂ ਵਿਚਾਲੇ 2 ਟੈਸਟ ਮੈਚ ਖੇਡੇ ਜਾਣਗੇ।