ਜੋ ਰੂਟ ਦੀ 62 ਦੌੜਾਂ ਦੀ ਪਾਰੀ ਆਈ ਕੰਮ, ਇੰਗਲੈਂਡ ਨੇ ਪਹਿਲੇ ਟੈਸਟ 'ਚ ਸ਼੍ਰੀਲੰਕਾ ਨੂੰ ਹਰਾਇਆ
Sunday, Aug 25, 2024 - 11:56 AM (IST)
ਮੈਨਚੈਸਟਰ : ਜੋ ਰੂਟ ਨੇ 62 ਦੌੜਾਂ ਦੀ ਅਜੇਤੂ ਪਾਰੀ ਖੇਡੀ, ਜਿਸ ਦੀ ਮਦਦ ਨਾਲ ਇੰਗਲੈਂਡ ਨੇ ਖ਼ਰਾਬ ਸ਼ੁਰੂਆਤ ਤੋਂ ਉਭਰਦੇ ਹੋਏ ਸ੍ਰੀਲੰਕਾ ਨੂੰ ਪਹਿਲੇ ਟੈਸਟ ਮੈਚ ਵਿੱਚ ਪੰਜ ਵਿਕਟਾਂ ਨਾਲ ਹਰਾ ਦਿੱਤਾ। ਇੰਗਲੈਂਡ ਦੇ ਸਾਹਮਣੇ 205 ਦੌੜਾਂ ਦਾ ਟੀਚਾ ਸੀ ਪਰ ਇਕ ਸਮੇਂ ਉਨ੍ਹਾਂ ਦੀ ਟੀਮ ਤਿੰਨ ਵਿਕਟਾਂ 'ਤੇ 78 ਦੌੜਾਂ 'ਤੇ ਸੰਘਰਸ਼ ਕਰ ਰਹੀ ਸੀ। ਰੂਟ ਨੇ ਇੱਥੋਂ ਜ਼ਿੰਮੇਵਾਰੀ ਸੰਭਾਲੀ। ਉਨ੍ਹਾਂ ਨੂੰ ਹੈਰੀ ਬਰੂਕ (32) ਦਾ ਚੰਗਾ ਸਾਥ ਮਿਲਿਆ ਜਿਸ ਦੀ ਬਦੌਲਤ ਇੰਗਲੈਂਡ ਲਗਾਤਾਰ ਚੌਥਾ ਟੈਸਟ ਮੈਚ ਜਿੱਤਣ ਵਿਚ ਸਫਲ ਰਿਹਾ।
ਇੰਗਲੈਂਡ ਨੇ ਪੰਜ ਵਿਕਟਾਂ ’ਤੇ 205 ਦੌੜਾਂ ਬਣਾਈਆਂ। ਇੰਗਲੈਂਡ ਨੇ ਇਸ ਤੋਂ ਪਹਿਲਾਂ ਵੈਸਟਇੰਡੀਜ਼ ਖਿਲਾਫ ਤਿੰਨ ਟੈਸਟ ਮੈਚਾਂ ਦੀ ਸੀਰੀਜ਼ 'ਚ ਕਲੀਨ ਸਵੀਪ ਕੀਤਾ ਸੀ। ਇਸ ਤੋਂ ਪਹਿਲਾਂ ਸ਼੍ਰੀਲੰਕਾ ਦੀ ਟੀਮ ਆਪਣੀ ਦੂਜੀ ਪਾਰੀ 'ਚ 326 ਦੌੜਾਂ 'ਤੇ ਆਊਟ ਹੋ ਗਈ ਸੀ। ਉਨ੍ਹਾਂ ਦੇ ਲਈ ਸੱਤਵੇਂ ਨੰਬਰ 'ਤੇ ਬੱਲੇਬਾਜ਼ੀ ਕਰਨ ਆਏ ਕਮਿੰਦੂ ਮੈਂਡਿਸ ਨੇ ਸਭ ਤੋਂ ਵੱਧ 113 ਦੌੜਾਂ ਬਣਾਈਆਂ।
ਉਨ੍ਹਾਂ ਦੇ ਆਊਟ ਹੋਣ ਤੋਂ ਬਾਅਦ ਸ਼੍ਰੀਲੰਕਾ ਦੀ ਪਾਰੀ ਟੁੱਟ ਗਈ। ਮੈਂਡਿਸ ਦਾ ਇਹ ਚਾਰ ਟੈਸਟ ਮੈਚਾਂ ਦੇ ਕਰੀਅਰ ਵਿੱਚ ਤੀਜਾ ਸੈਂਕੜਾ ਹੈ। ਸ਼੍ਰੀਲੰਕਾ ਨੇ 26 ਦੌੜਾਂ ਦੇ ਅੰਦਰ ਆਪਣੀਆਂ ਆਖਰੀ ਚਾਰ ਵਿਕਟਾਂ ਗੁਆ ਦਿੱਤੀਆਂ। ਦਿਨੇਸ਼ ਚੰਡੀਮਲ (79) ਆਊਟ ਹੋਣ ਵਾਲੇ ਆਖਰੀ ਬੱਲੇਬਾਜ਼ ਸਨ। ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਦੂਜਾ ਟੈਸਟ ਮੈਚ ਵੀਰਵਾਰ ਤੋਂ ਲਾਰਡਸ 'ਚ ਖੇਡਿਆ ਜਾਵੇਗਾ।