ਇੰਗਲੈਂਡ ਦੀ ਟੀਮ 16 ਸਾਲਾਂ ''ਚ ਪਹਿਲੀ ਵਾਰ ਕਰੇਗੀ ਪਾਕਿਸਤਾਨ ਦਾ ਦੌਰਾ

11/18/2020 4:58:33 PM

ਲੰਡਨ (ਵਾਰਤਾ) : ਇੰਗਲੈਂਡ ਕ੍ਰਿਕਟ ਟੀਮ ਪਿਛਲੇ 16 ਸਾਲਾਂ ਵਿਚ ਪਹਿਲੀ ਵਾਰ ਪਾਕਿਸਤਾਨ ਦਾ ਦੌਰਾ ਕਰਣ ਜਾ ਰਹੀ ਹੈ, ਜਿਸ ਤਹਿਤ ਇਹ ਅਗਲੇ ਸਾਲ ਅਕਤੂਬਰ ਵਿਚ ਕਰਾਚੀ ਵਿਚ 2 ਟੀ-20 ਮੈਚਾਂ ਦੀ ਸੀਰੀਜ਼ ਖੇਡੇਗੀ। ਇੰਗਲੈਂਡ ਅਤੇ ਪਾਕਿਸਤਾਨ ਵਿਚਾਲੇ ਇਹ ਟੀ-20 ਸੀਰੀਜ਼ ਅਗਲੇ ਸਾਲ ਭਾਰਤ ਵਿਚ ਹੋਣ ਜਾ ਰਹੇ ਟੀ-20 ਵਿਸ਼ਵ ਕੱਪ ਦੀਆਂ ਤਿਆਰੀਆਂ ਦਾ ਹਿੱਸਾ ਹੋਵੇਗੀ।

ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਨੇ ਇਸ ਤੋਂ ਪਹਿਲਾਂ ਇੰਗਲੈਂਡ ਨੂੰ ਜਨਵਰੀ ਵਿਚ ਦੌਰੇ ਲਈ ਸੱਦਾ ਦਿੱਤਾ ਸੀ ਪਰ ਇਹ ਸੰਭਵ ਨਹੀਂ ਹੋ ਸਕਿਆ। ਇੰਗਲੈਂਡ ਦਾ ਜਨਵਰੀ ਵਿਚ ਸ਼੍ਰੀਲੰਕਾ ਵਿਚ ਟੈਸਟ ਸੀਰੀਜ਼ ਖੇਡਣਾ ਪਹਿਲਾਂ ਤੋਂ ਤੈਅ ਸੀ। ਦੋਵਾਂ ਦੇਸ਼ਾਂ ਦੇ ਕ੍ਰਿਕਟ ਬੋਰਡ ਅਕਤੂਬਰ ਵਿਚ ਸੀਰੀਜ਼ ਲਈ ਸਹਿਮਤ ਹੋ ਗਏ। ਇੰਗਲੈਂਡ ਆਪਣੀ ਟੀਮ ਦੇ ਸਾਰੇ ਚੰਗੇ ਖਿਡਾਰੀਆਂ ਨਾਲ ਪਾਕਿਸਤਾਨ ਦਾ ਦੌਰਾ ਕਰੇਗਾ।  ਦੋਵੇਂ ਮੈਚ 14 ਅਤੇ 15 ਅਕਤੂਬਰ ਨੂੰ ਕਰਾਚੀ ਨੈਸ਼ਨਲ ਸਟੇਡੀਅਮ ਵਿਚ ਹੋਣਗੇ।  

ਇੰਗਲੈਂਡ ਟੀਮ ਸੀਰੀਜ਼ ਦੇ 2 ਦਿਨ ਪਹਿਲਾਂ ਪਾਕਿਸਤਾਨ ਪੁੱਜੇਗੀ ਅਤੇ ਸੀਰੀਜ਼ ਖੇਡਣ ਦੇ ਬਾਅਦ ਟੀ-20 ਵਿਸ਼ਵ ਕੱਪ ਲਈ 16 ਅਕਤੂਬਰ ਨੂੰ ਭਾਰਤ ਰਵਾਨਾ ਹੋ ਜਾਵੇਗੀ। ਇੰਗਲੈਂਡ ਨੇ ਸਾਲ 2005 ਤੋਂ ਪਾਕਿਸਤਾਨ ਦਾ ਦੌਰਾ ਨਹੀਂ ਕੀਤਾ ਹੈ।  ਇੰਗਲੈਂਡ ਨੇ 2005 ਵਿਚ ਪਾਕਿਸਤਾਨ ਦੌਰੇ ਦੌਰਾਨ 3 ਟੈਸਟ ਮੈਚਾਂ ਦੀ ਸੀਰੀਜ਼ ਅਤੇ 5 ਵਨਡੇ ਮੈਚਾਂ ਦੀ ਸੀਰੀਜ਼ ਖੇਡੀ ਸੀ ਅਤੇ ਦੋਵੇਂ ਸੀਰੀਜ਼ ਹਾਰ ਗਈ ਸੀ। ਪਾਕਿਸਤਾਨ ਵਿਚ ਸਾਲ 2009 ਵਿਚ ਸ਼੍ਰੀਲੰਕਾਈ ਕ੍ਰਿਕਟ ਟੀਮ 'ਤੇ ਅੱਤਵਾਦੀ ਹਮਲੇ ਦੇ ਬਾਅਦ ਸੁਰੱਖਿਆ ਕਾਰਣਾਂ ਤੋਂ 2012 ਅਤੇ 2015 ਵਿਚ ਇੰਗਲੈਂਡ ਦੇ ਖ਼ਿਲਾਫ਼ ਪਾਕਿਸਤਾਨ ਦੀ ਘਰੇਲੂ ਸੀਰੀਜ਼ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਵਿਚ ਹੋਈ ਸੀ।

ਹੁਣ ਅੰਤਰਰਾਸ਼ਟਰੀ ਕ੍ਰਿਕਟ ਫਿਰ ਤੋਂ ਹੌਲੀ-ਹੌਲੀ ਪਾਕਿਸਤਾਨ ਦਾ ਰੁਖ਼ ਕਰ ਰਿਹਾ ਹੈ। ਸ਼੍ਰੀਲੰਕਾ ਨੇ ਇਸ ਸਾਲ ਦੀ ਸ਼ੁਰੂਆਤ ਵਿਚ ਪਾਕਿਸਤਾਨ ਵਿਚ ਟੈਸਟ ਸੀਰੀਜ਼ ਖੇਡੀ ਅਤੇ ਜਿੰਬਾਬਵੇ ਨੇ ਵੀ ਹਾਲ ਹੀ ਵਿਚ ਇਸ ਦੇਸ਼ ਦਾ ਦੌਰਾ ਕੀਤਾ। ਇਸ ਸੀਜ਼ਨ ਦਾ ਪਾਕਿਸਤਾਨ ਸੁਪਰ ਲੀਗ ਵੀ ਪਾਕਿਸਤਾਨ ਵਿਚ ਹੋਇਆ, ਜਿਸ ਦਾ ਫਾਈਨਲ ਮੰਗਲਵਾਰ ਨੂੰ ਕਰਾਚੀ ਵਿਚ ਆਯੋਜਿਤ ਹੋਇਆ। ਇਸ ਸੀਰੀਜ਼ ਅਤੇ ਟੂਰਨਾਮੈਂਟ ਨੇ ਸਰਕਾਰੀ ਸਹਾਇਤਾ ਨਾਲ ਪੀ.ਸੀ.ਬੀ. ਵੱਲੋਂ ਕੀਤੇ ਗਏ ਉੱਚ-ਪੱਧਰੀ ਸੁਰੱਖਿਆ ਵਿਵਸਥਾ ਨੂੰ ਵਿਖਾਇਆ ਹੈ ਅਤੇ ਇਹ ਸਾਬਤ ਕੀਤਾ ਹੈ ਕਿ ਪਾਕਿਸਤਾਨ ਵਿਦੇਸ਼ੀ ਟੀਮਾਂ ਦੇ ਦੌਰੇ ਲਈ ਸੁਰੱਖਿਅਤ ਹੈ।  


cherry

Content Editor

Related News