ਸੋਫ਼ੀ ਐਕਲਸਟੋਨ ਤੇ ਸਾਈਵਰ ਬਰੰਟ ਨੇ ਇੰਗਲੈਂਡ ਨੂੰ ਦਿਵਾਈ ਲਗਾਤਾਰ ਦੂਜੀ ਜਿੱਤ, SA ਨੂੰ 7 ਵਿਕਟਾਂ ਨਾਲ ਹਰਾਇਆ
Tuesday, Oct 08, 2024 - 05:53 AM (IST)
ਸਪੋਰਟਸ ਡੈਸਕ- ਸ਼ਾਰਜਾਹ ਕ੍ਰਿਕਟ ਸਟੇਡੀਅਮ 'ਚ ਖੇਡੇ ਗਏ ਮਹਿਲਾ ਟੀ-20 ਵਿਸ਼ਵ ਕੱਪ ਦੇ ਮੁਕਾਬਲੇ 'ਚ ਸੋਫੀ ਏਕਲਸਟੋਨ (2-15) ਦੀ ਸ਼ਾਨਦਾਰ ਗੇਂਦਬਾਜ਼ੀ ਤੋਂ ਬਾਅਦ ਅਤੇ ਨੈਟ ਸਾਇਵਰ-ਬਰੰਟ ਦੀ ਅਜੇਤੂ 48 ਦੌੜਾਂ ਦੀ ਪਾਰੀ ਦੀ ਮਦਦ ਨਾਲ ਇੰਗਲੈਂਡ ਨੇ ਦੱਖਣੀ ਅਫਰੀਕਾ ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ ਹੈ। ਟਾਸ ਜਿੱਤ ਕੇ ਅਫਰੀਕੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ ਸੀ। ਸੋਫੀ ਦੀ ਅਗਵਾਈ ਵਿੱਚ ਇੰਗਲੈਂਡ ਦੀ ਸ਼ਾਨਦਾਰ ਸਪਿਨ ਗੇਂਦਬਾਜ਼ੀ ਹਮਲੇ ਨੇ 2009 ਦੀ ਚੈਂਪੀਅਨ ਟੀਮ ਦੱਖਣੀ ਅਫਰੀਕਾ ਦੀ ਤੇਜ਼ ਸ਼ੁਰੂਆਤ ਨੂੰ ਰੋਕਣ ਅਤੇ ਉਨ੍ਹਾਂ ਨੂੰ 124 ਦੌੜਾਂ ਦੇ ਸਕੋਰ ਤੱਕ ਰੋਕਣ 'ਚ ਅਹਿਮ ਯੋਗਦਾਨ ਪਾਇਆ।
125 ਦੇ ਮਾਮੂਲੀ ਟੀਚੇ ਦਾ ਪਿੱਛਾ ਕਰਦੇ ਹੋਏ, ਇੰਗਲੈਂਡ ਨੇ ਨੌਵੇਂ ਓਵਰ ਵਿੱਚ ਮਾਯਾ ਬਾਉਚੀਅਰ ਅਤੇ ਫਿਰ ਐਲਿਸ ਕੈਪਸੀ ਦੀਆਂ ਵਿਕਟਾਂ ਜਲਦੀ ਗੁਆ ਦਿੱਤੀਆਂ। ਇੰਗਲੈਂਡ ਦੇ 50 ਦੌੜਾਂ 'ਤੇ 2 ਵਿਕਟਾਂ ਗੁਆ ਲਏ ਜਾਣ ਤੋਂ ਬਾਅਦ ਸਾਇਵਰ-ਬਰੰਟ ਨੇ ਸੈੱਟ ਬੱਲੇਬਾਜ਼ ਡੈਨੀਏਲ ਵਿਅਟ-ਹੋਜ ਨਾਲ ਮਿਲ ਕੇ ਸਕੋਰਬੋਰਡ ਨੂੰ ਅੱਗੇ ਵਧਾਇਆ।
ਘੱਟ ਸਕੋਰ ਦੇ ਮਾਮਲੇ ਅਤੇ ਇੰਗਲੈਂਡ ਦੇ ਅਜੇਤੂ ਅਭਿਆਨ ਦਾ ਸਿਲਸਿਲਾ ਚੱਲ ਰਹੇ ਮਾਰਕੀ ਈਵੈਂਟ ਵਿੱਚ ਵੀ ਜਾਰੀ ਰਿਹਾ। ਨੈਟ ਸਾਈਵਰ ਬ੍ਰੰਟ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਮੌਜੂਦਾ ਟੂਰਨਾਮੈਂਟ ਵਿਚ ਸਭ ਤੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਾਇਵਰ-ਬਰੰਟ ਨੇ 36 ਗੇਂਦਾਂ 'ਤੇ 48 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ।
ਦੱਖਣੀ ਅਫ਼ਰੀਕਾ ਦੇ ਸਪਿਨਰਾਂ ਨੇ ਪੂਰੇ ਮੈਚ 'ਚ ਇੰਗਲੈਂਡ ਨੂੰ ਇਕਤਰਫ਼ਾ ਜਿੱਤ ਹਾਸਲ ਕਰਨ ਤੋਂ ਰੋਕਿਆ ਤੇ ਕੜੀ ਟੱਕਰ ਦਿੱਤੀ, ਖਾਸ ਤੌਰ 'ਤੇ ਨੋਨਕੁਲੁਲੇਕੋ ਮਲਾਬਾ, ਜਿਸ ਨੇ 4 ਓਵਰਾਂ 'ਚ 22 ਦੌੜਾਂ ਦੇ ਕੇ 1 ਬੱਲੇਬਾਜ਼ ਨੂੰ ਆਊਟ ਕੀਤਾ। ਉਸ ਨੇ ਇੰਗਲੈਂਡ ਦੇ ਬੱਲੇਬਾਜ਼ਾਂ ਨੂੰ ਖੁੱਲ੍ਹ ਕੇ ਖੇਡਣ ਦਾ ਮੌਕਾ ਨਹੀਂ ਦਿੱਤਾ। ਪਰ ਇੰਗਲੈਂਡ ਦੀ ਮਜ਼ਬੂਤ ਬੱਲੇਬਾਜ਼ੀ ਲਾਈਨਅੱਪ ਸਾਹਮਣੇ ਦੱਖਣੀ ਅਫਰੀਕਾ ਦੀਆਂ ਕੋਸ਼ਿਸ਼ਾਂ ਬੇਕਾਰ ਰਹੀਆਂ।
ਬਰੰਟ ਤੇ ਹੋਜ ਨੇ ਹੌਲੀ-ਹੌਲੀ 64 ਦੌੜਾਂ ਦੀ ਸਾਂਝੇਦਾਰੀ ਕਰ ਕੇ ਇੰਗਲੈਂਡ ਨੂੰ ਮੁਸ਼ਕਲ ਦੌਰ ਤੋਂ ਪਾਰ ਪਹੁੰਚਾਇਆ। ਵਿਅਟ-ਹੋਜ ਨੇ ਜਿੱਤ ਹਾਸਲ ਕਰਨ ਤੋਂ ਕੁਝ ਪਲ ਪਹਿਲਾਂ ਆਪਣੀ ਵਿਕਟ ਗੁਆ ਦਿੱਤੀ, ਪਰ ਸਾਇਵਰ-ਬਰੰਟ ਅੰਤ ਤਕ ਡਟੀ ਰਹੀ ਤੇ ਟੀਮ ਨੂੰ ਜਿੱਤ ਦਿਵਾ ਕੇ ਹੀ ਪੈਵੇਲੀਅਨ ਪਰਤੀ ਅਤੇ ਇੰਗਲੈਂਡ ਦੀ 7 ਵਿਕਟਾਂ ਨਾਲ ਜਿੱਤ 'ਤੇ ਮੋਹਰ ਲਗਾ ਦਿੱਤੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e