ਇੰਗਲੈਂਡ ਦੀ ਵੈਸਟਇੰਡੀਜ਼ ''ਤੇ ਇੱਕ ਹੋਰ ਆਸਾਨ ਜਿੱਤ, ਕਲੀਨ ਸਵੀਪ ਤੋਂ ਇੱਕ ਜਿੱਤ ਦੂਰ
Wednesday, Sep 30, 2020 - 01:10 AM (IST)
ਡਰਬੀ : ਵਿਕਟਕੀਪਰ ਬੱਲੇਬਾਜ਼ ਐਮੀ ਜੋਨਸ ਅਤੇ ਕਪਤਾਨ ਹੀਥਰ ਨਾਈਟ ਦੀ ਸ਼ਾਨਦਾਰ ਬੱਲੇਬਾਜ਼ੀ ਨਾਲ ਇੰਗਲੈਂਡ ਦੀ ਮਹਿਲਾ ਕ੍ਰਿਕਟ ਟੀਮ ਨੇ ਸੋਮਵਾਰ ਨੂੰ ਇੱਥੇ ਚੌਥੇ ਟੀ20 ਅੰਤਰਰਾਸ਼ਟਰੀ ਕ੍ਰਿਕਟ ਮੈਚ 'ਚ ਵੈਸਟਇੰਡੀਜ਼ ਨੂੰ 44 ਦੌੜਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਸੀਰੀਜ਼ 'ਚ ਕਲੀਨ ਸਵੀਪ ਵੱਲ ਮਜ਼ਬੂਤ ਕਦਮ ਵਧਾਏ। ਇੰਗਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਰਧਾਰਤ 20 ਓਵਰਾਂ 'ਚ 6 ਵਿਕਟ 'ਤੇ 166 ਦੌੜਾਂ ਬਣਾਈਆਂ ਅਤੇ ਇਸ ਤੋਂ ਬਾਅਦ ਵੈਸਟਇੰਡੀਜ਼ ਨੂੰ 9 ਵਿਕਟ 'ਤੇ 122 ਦੌੜਾਂ 'ਤੇ ਰੋਕ ਦਿੱਤਾ।
ਇੰਗਲੈਂਡ ਨੇ ਇਸ ਤਰ੍ਹਾਂ ਸੀਰੀਜ਼ 'ਚ 4-0 ਨਾਲ ਬੜਤ ਬਣਾ ਲਈ ਹੈ। ਇੰਗਲੈਂਡ ਦੀ ਬੱਲੇਬਾਜ਼ੀ ਦਾ ਖਿੱਚ ਐਮੀ ਜੋਨਸ ਦਾ ਅਰਧ ਸੈਂਕੜਾ ਰਿਹਾ। ਉਨ੍ਹਾਂ ਨੇ 37 ਗੇਂਦਾਂ 'ਤੇ ਪੰਜ ਚੌਕਿਆਂ ਅਤੇ ਦੋ ਛੱਕਿਆਂ ਦੀ ਮਦਦ ਨਾਲ 55 ਦੌੜਾਂ ਬਣਾਈਆਂ ਅਤੇ ਕਪਤਾਨ ਹੀਥਰ ਨਾਈਟ (30 ਗੇਂਦਾਂ 'ਤੇ 42) ਦੇ ਨਾਲ ਚੌਥੇ ਵਿਕਟ ਲਈ 65 ਦੌੜਾਂ ਜੋੜ ਕੇ ਟੀਮ ਨੂੰ ਸ਼ੁਰੂਆਤੀ ਝਟਕਿਆਂ ਤੋਂ ਉਭਾਰਿਆ। ਇਨ੍ਹਾਂ ਦੋਵਾਂ ਤੋਂ ਇਲਾਵਾ ਸਲਾਮੀ ਬੱਲੇਬਾਜ਼ ਟੈਮੀ ਬਿਊਮੋਂਟ (27) ਅਤੇ ਕੈਥਰੀਨ ਬਰੰਟ (ਨਾਬਾਦ 25) ਹੀ ਦੋਹਰੇ ਅੰਕ 'ਚ ਪਹੁੰਚ ਸਕੀ।
ਵੈਸਟਇੰਡੀਜ਼ ਲਈ ਏਲੀਆ ਐਲਿਨ ਨੇ 25 ਦੌੜਾਂ ਦੇ ਕੇ ਦੋ ਵਿਕਟਾਂ ਹਾਸਲ ਕੀਤੀਆਂ। ਵੈਸਟਇੰਡੀਜ਼ ਨੇ ਇਸ ਦੇ ਜਵਾਬ 'ਚ ਨਿਯਮਤ ਅੰਤਰਾਲਾਂ 'ਚ ਵਿਕਟ ਗੁਆਈਆਂ। ਉਸ ਵੱਲੋਂ ਚੈਡੀਆ ਨੇਸ਼ਨ ਨੇ ਸਭ ਤੋਂ ਜ਼ਿਆਦਾ 30 ਦੌੜਾਂ ਬਣਾਈਆਂ। ਇੰਗਲੈਂਡ ਲਈ ਸਾਰਾਹ ਗਲੇਨ ਨੇ 15 ਦੌੜਾਂ ਦੇ ਕੇ ਦੋ ਅਤੇ ਬਰੰਟ ਨੇ 21 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਪੰਜਵਾਂ ਅਤੇ ਆਖਰੀ ਮੈਚ 30 ਸਤੰਬਰ ਨੂੰ ਖੇਡਿਆ ਜਾਵੇਗਾ।